IPL 2026 ਤੋਂ ਪਹਿਲਾਂ ਗ੍ਰਿਫਤਾਰ ਹੋਵੇਗਾ RCB ਗੇਂਦਬਾਜ਼

Wednesday, Dec 24, 2025 - 10:50 PM (IST)

IPL 2026 ਤੋਂ ਪਹਿਲਾਂ ਗ੍ਰਿਫਤਾਰ ਹੋਵੇਗਾ RCB ਗੇਂਦਬਾਜ਼

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਦੇ ਉਭਰਦੇ ਸਿਤਾਰੇ ਅਤੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਦੀਆਂ ਮੁਸ਼ਕਲਾਂ ਲਗਾਤਾਰ ਜਾਰੀ ਹਨ। ਜੈਪੁਰ ਪੋਕਸੋ ਅਦਾਲਤ ਨੇ 24 ਦਸੰਬਰ, 2025 ਨੂੰ ਉਸਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਇਸ ਮਾਮਲੇ ਵਿੱਚ ਇੱਕ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦੇ ਗੰਭੀਰ ਦੋਸ਼ ਸ਼ਾਮਲ ਹਨ, ਜਿਸ ਲਈ ਪੁਲਿਸ ਨੇ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।

ਯਸ਼ ਦਿਆਲ 'ਤੇ ਗ੍ਰਿਫਤਾਰੀ ਦਾ ਖਤਰਾ

ਜੈਪੁਰ ਮੈਟਰੋਪੋਲੀਟਨ ਫਸਟ ਦੀ ਪੋਕਸੋ ਅਦਾਲਤ ਨੰਬਰ 3 ਦੀ ਜੱਜ ਅਲਕਾ ਬਾਂਸਲ ਨੇ ਆਪਣੇ ਫੈਸਲੇ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਕਿ ਉਪਲਬਧ ਸਬੂਤ ਅਤੇ ਹੁਣ ਤੱਕ ਦੀ ਜਾਂਚ ਇਹ ਨਹੀਂ ਦਰਸਾਉਂਦੀ ਕਿ ਦੋਸ਼ੀ ਨੂੰ ਝੂਠੇ ਤੌਰ 'ਤੇ ਫਸਾਇਆ ਗਿਆ ਹੈ। ਹੁਣ ਤਕ ਦੀ ਜਾਂਚ 'ਚ ਦੋਸ਼ੀ ਦੀ ਭੂਮਿਕਾ ਸਾਹਮਣੇ ਆਈ ਹੈ ਅਤੇ ਉਸ ਤੋਂ ਪੁੱਛਗਿੱਛ ਅਜੇ ਬਾਕੀ ਹੈ। ਅਜਿਹਾ ਨਹੀਂ ਹੈ ਕਿ ਹੁਣ ਯਸ਼ ਦਿਆਲ ਨੂੰ ਜੇਲ੍ਹ ਜਾਣਾ ਪਵੇਗਾ ਕਿਉਂਕਿ ਉਸ ਕੋਲ ਅਜੇ ਹਾਈ ਕੋਰਟ ਜਾਣ ਦਾ ਰਸਤਾ ਬਚਿਆ ਹੈ। ਉਥੇ ਹੀ, ਬਲਾਤਕਾਰ ਦੇ ਮਾਮਲੇ ਵਿੱਚ ਫਸਿਆ ਯਸ਼ ਦਿਆਲ ਉਦੋਂ ਤੋਂ ਕ੍ਰਿਕਟ ਤੋਂ ਦੂਰ ਹੈ।

ਜੁਲਾਈ 2025 'ਚ ਦਰਜ ਹੋਇਆ ਸੀ ਮਾਮਲਾ

23 ਜੁਲਾਈ, 2025 ਨੂੰ ਇੱਕ 19 ਸਾਲਾ ਔਰਤ ਨੇ ਜੈਪੁਰ ਦੇ ਸੰਗਾਨੇਰ ਸਦਰ ਪੁਲਿਸ ਸਟੇਸ਼ਨ ਵਿੱਚ ਯਸ਼ ਦਿਆਲ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਉਹ ਇੱਕ ਉਭਰਦੀ ਕ੍ਰਿਕਟਰ ਹੈ ਅਤੇ 2023 ਵਿੱਚ ਯਸ਼ ਦਿਆਲ ਨਾਲ ਮਿਲੀ ਸੀ, ਜਦੋਂ ਉਹ 17 ਸਾਲ ਦੀ ਨਾਬਾਲਗ ਸੀ। ਪੀੜਤਾ ਨੇ ਦੋਸ਼ ਲਗਾਇਆ ਕਿ ਯਸ਼ ਨੇ ਉਸਨੂੰ ਕ੍ਰਿਕਟ ਕਰੀਅਰ ਬਣਾਉਣ ਵਿੱਚ ਮਦਦ ਕਰਨ ਦਾ ਵਾਅਦਾ ਕਰਕੇ ਭਾਵਨਾਤਮਕ ਅਤੇ ਸਰੀਰਕ ਤੌਰ 'ਤੇ ਸ਼ੋਸ਼ਣ ਕੀਤਾ। ਪਹਿਲੀ ਘਟਨਾ 2023 ਵਿੱਚ ਵਾਪਰੀ ਸੀ, ਜਦੋਂ ਯਸ਼ ਨੇ ਉਸਨੂੰ ਜੈਪੁਰ ਦੇ ਸੀਤਾਪੁਰਾ ਖੇਤਰ ਦੇ ਇੱਕ ਹੋਟਲ ਵਿੱਚ ਕਥਿਤ ਤੌਰ 'ਤੇ ਲਾਲਚ ਦਿੱਤਾ ਅਤੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਕਹਿੰਦੀ ਹੈ ਕਿ ਇਹ ਦੋ ਸਾਲਾਂ ਤੱਕ ਜਾਰੀ ਰਿਹਾ।

RCB ਨੇ IPL 2026 ਲਈ ਕੀਤਾ ਰਿਟੇਨ

ਯਸ਼ ਦਿਆਲ ਇੱਕ ਵੱਡੇ ਵਿਵਾਦ ਵਿੱਚ ਫਸਿਆ ਹੋਇਆ ਹੈ ਪਰ ਆਰਸੀਬੀ ਟੀਮ ਨੇ ਆਈਪੀਐਲ 2026 ਲਈ ਉਸ ਵਿੱਚ ਭਰੋਸਾ ਦਿਖਾਇਆ ਹੈ। ਰਾਇਲ ਚੈਲੇਂਜਰਜ਼ ਬੰਗਲੌਰ ਨੇ ਆਈਪੀਐਲ 2024 ਤੋਂ ਪਹਿਲਾਂ ਯਸ਼ ਦਿਆਲ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ। ਉਹ 5 ਕਰੋੜ ਰੁਪਏ ਵਿੱਚ ਟੀਮ ਵਿੱਚ ਸ਼ਾਮਲ ਹੋਇਆ ਸੀ ਅਤੇ ਪਿਛਲੇ ਸੀਜ਼ਨ ਵਿੱਚ ਉਨ੍ਹਾਂ ਦੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਨਤੀਜੇ ਵਜੋਂ, ਉਸਨੂੰ ਆਈਪੀਐਲ 2026 ਲਈ ਬਰਕਰਾਰ ਰੱਖਿਆ ਗਿਆ ਹੈ।


author

Rakesh

Content Editor

Related News