''ਸਿਕਸਰ ਕਿੰਗ'' ਯੁਵਰਾਜ ਸਿੰਘ ਤੋਂ 23 ਸਾਲ ਪਹਿਲਾਂ ਹੀ ਇਹ ਕਾਰਨਾਮਾ ਕਰ ਚੁੱਕੇ ਹਨ ਰਵੀ ਸ਼ਾਸਤਰੀ

07/11/2017 6:03:33 PM

ਨਵੀਂ ਦਿੱਲੀ— ਕ੍ਰਿਕਟ ਦੀ ਦੁਨੀਆ ਵਿੱਚ ਉਂਝ ਤਾਂ ਕਈ ਸਿਕਸਰ ਕਿੰਗ ਆਏ। ਭਾਰਤ ਵੱਲੋਂ ਇਹ ਖਿਤਾਬ ਯੁਵਰਾਜ ਸਿੰਘ ਨੂੰ ਮਿਲਿਆ। ਯੁਵੀ ਨੇ 2007 ਵਿੱਚ ਟੀ-20 ਮੈਚ ਦੌਰਾਨ ਇੱਕ ਓਵਰ ਵਿੱਚ 6 ਛੱਕੇ ਜੜ ਕੇ ਸੁਰਖੀਆਂ ਵਿੱਚ ਸਨ। ਪਰ ਤੁਹਾਨੂੰ ਦੱਸ ਦਈਏ ਕਿ ਇੱਕ ਓਵਰ ਵਿੱਚ ਛੇ ਛੱਕੇ ਮਾਰਨ ਵਾਲੇ ਖਿਡਾਰੀਆਂ ਵਿੱਚ ਭਾਰਤ ਵੱਲੋਂ ਯੁਵਰਾਜ ਸਿੰਘ ਇਕੱਲੇ ਨਹੀਂ ਹਨ। ਯੁਵਰਾਜ ਸਿੰਘ ਤੋਂ ਪਹਿਲਾਂ ਇਹ ਕਾਰਨਾਮਾ ਭਾਰਤੀ ਟੀਮ ਦੇ ਨਵੇਂ ਹੈੱਡ ਕੋਚ ਰਵੀ ਸ਼ਾਸਤਰੀ ਵੀ ਕਰ ਚੁੱਕੇ ਹਨ। ਦਰਅਸਲ, ਵੈਸਟਇੰਡੀਜ਼ ਦੇ ਖਿਡਾਰੀ ਗੈਰੀ ਸੋਬਰਸ ਦੇ ਬਾਅਦ ਰਵੀ ਸ਼ਾਸਤਰੀ ਹੀ ਦੂਜੇ ਖਿਡਾਰੀ ਸਨ, ਜਿਨ੍ਹਾਂ ਨੇ ਇੱਕ ਓਵਰ ਵਿੱਚ ਛੇ ਛੱਕੇ ਮਾਰਨ ਦਾ ਕਾਰਨਾਮਾ ਕੀਤਾ ਸੀ।
ਗੈਰੀ ਸੋਬਰਸ ਦੇ ਇਸ ਰਿਕਾਰਡ ਦਾ ਮੁਕਾਬਲਾ ਕਰਨ ਵਿੱਚ ਕਿਸੇ ਖਿਡਾਰੀ ਨੂੰ 16 ਸਾਲ ਲੱਗ ਗਏ ਸਨ ਅਤੇ ਇਹ ਖਿਡਾਰੀ ਸਨ ਭਾਰਤ ਦੇ ਰਵੀ ਸ਼ਾਸਤਰੀ। ਰਣਜੀ ਟਰਾਫੀ ਦੇ ਇਕ ਮੈਚ ਦੌਰਾਨ ਰਵੀ ਸ਼ਾਸਤਰੀ ਨੇ ਇੱਕ ਓਵਰ ਵਿੱਚ ਛੇ ਛੱਕੇ ਮਾਰੇ ਸਨ। 1984 ਵਿੱਚ ਹੋਏ ਇਸ ਮੈਚ ਵਿੱਚ ਰਵੀ ਸ਼ਾਸਤਰੀ ਨੇ ਤਿਲਕ ਰਾਜ ਦੇ ਇੱਕ ਓਵਰ ਵਿੱਚ ਛੇ ਛੱਕੇ ਮਾਰੇ ਸਨ। ਉਸੀ ਮੈਚ ਵਿੱਚ ਰਵੀ ਸ਼ਾਸਤਰੀ ਨੇ ਪਹਿਲੀ ਦੇ ਸ਼੍ਰੇਣੀ ਮੈਚ ਵਿੱਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਬਣਾਉਣ ਦਾ ਵੀ ਰਿਕਾਰਡ ਬਣਾਇਆ ਸੀ। ਰਵੀ ਸ਼ਾਸਤਰੀ ਦੇ ਬਾਅਦ ਇਹ ਕਾਰਨਾਮਾ 2007 ਵਿੱਚ ਹਰਸ਼ੇਲ ਗਿਬਸ ਅਤੇ ਯੁਵਰਾਜ ਸਿੰਘ ਨੇ ਵੀ ਕਰਕੇ ਵਿਖਾਇਆ ਸੀ। ਦੱਖਣ ਅਫਰੀਕਾ ਦੇ ਸਲਾਮੀ ਬੱਲੇਬਾਜ ਹਰਸ਼ੇਲ ਗਿਬਸ ਪਹਿਲੇ ਅਜਿਹੇ ਖਿਡਾਰੀ ਬਣੇ ਜਿਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਮਾਰਨ ਦਾ ਰਿਕਾਰਡ ਬਣਾਇਆ। ਸਾਲ 2007 ਦੇ ਵਿਸ਼ਵ ਕੱਪ (ਵਨਡੇ) ਦੌਰਾਨ ਗਿਬਸ ਨੇ ਨੀਦਰਲੈਂਡ ਖਿਲਾਫ ਜਬਰਦਸਤ ਪਾਰੀ ਖੇਡੀ ਸੀ। ਗਿਬਸ ਨੇ ਨੀਦਰਲੈਂਡ ਦੇ ਡੈਨ ਵੈਨ ਬੰਜ ਦੇ ਇੱਕ ਓਵਰ ਵਿੱਚ ਛੇ ਛੱਕੇ ਮਾਰਕੇ ਨਵਾਂ ਰਿਕਾਰਡ ਬਣਾਇਆ।
ਗਿਬਸ ਦੇ ਬਾਅਦ ਉਸੇ ਸਾਲ ਯਾਨੀ 2007 ਵਿੱਚ ਵਰਲਡ ਟੀ-20 ਦਾ ਪਹਿਲੀ ਵਾਰ ਪ੍ਰਬੰਧ ਹੋਇਆ ਸੀ। ਇੰਗਲੈਂਡ ਖਿਲਾਫ ਟੀ-20 ਕੌਮਾਂਤਰੀ ਮੈਚ ਵਿੱਚ ਯੁਵਰਾਜ ਨੇ ਵਧੀਆ ਬੱਲੇਬਾਜੀ ਕਰਦੇ ਹੋਏ ਇਹ ਕਾਰਨਾਮਾ ਕਰਕੇ ਵਿਖਾਇਆ। ਉਨ੍ਹਾਂ ਨੇ ਸਟੁਅਰਟ ਬਰਾਡ ਦੇ ਇੱਕ ਓਵਰ ਵਿੱਚ ਛੇ ਛੱਕੇ ਮਾਰੇ। ਕੌਮਾਂਤਰੀ ਕ੍ਰਿਕਟ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਮਾਰਨ ਵਾਲੇ ਉਹ ਦੂਜੇ ਖਿਡਾਰੀ ਬਣੇ।


Related News