B''Day Spcl: ਇਕ ਅਜਿਹਾ ਕ੍ਰਿਕਟਰ ਜਿਸ ਦਾ ਇਕ ਡਾਕੂ ਵੀ ਸੀ ਮੁਰੀਦ
Friday, Sep 20, 2019 - 02:07 PM (IST)

ਨਵੀਂ ਦਿੱਲੀ— ਉਂਝ ਤਾਂ ਹੁਨਰ ਮੌਕੇ ਦਾ ਮੋਹਤਾਜ ਨਹੀਂ ਹੁੰਦਾ, ਪਰ ਕਦੀ-ਕਦੀ ਜ਼ਿੰਦਗੀ 'ਚ ਅਜਿਹੇ ਅਪਵਾਦ ਵੀ ਹੁੰਦੇ ਹਨ ਜਦੋਂ ਕਿਸਮਤ ਹੁਨਰ ਦਾ ਰਸਤਾ ਰੋਕ ਲੈਂਦੀ ਹੈ। ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਇਕ ਅਜਿਹੇ ਹੀ ਅਪਵਾਦ ਦਾ ਨਾਂ ਹੈ ਰਾਜਿੰਦਰ ਗੋਇਲ। 20 ਸਤੰਬਰ, 1942 ਨੂੰ ਹਰਿਆਣਾ 'ਚ ਪੈਦਾ ਹੋਏ ਗੋਇਲ ਅੱਜ 77 ਸਾਲ ਦੇ ਹੋ ਗਏ ਹਨ। ਰਣਜੀ ਟਰਾਫੀ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ 640 ਅਤੇ ਘਰੇਲੂ ਕ੍ਰਿਕਟ 'ਚ ਕੁਲ 750 ਤੋਂ ਜ਼ਿਆਦਾ ਵਿਕਟਾਂ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਕਦੀ ਵੀ ਟੀਮ ਇੰਡੀਆ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਹਾਲਾਂਕਿ ਰਾਜਿੰਦਰ ਗੋਇਲ ਨੇ 1964-65 'ਚ ਸ਼੍ਰੀਲੰਕਾ ਦੇ ਖਿਲਾਫ ਟੈਸਟ 'ਚ ਹਿੱਸਾ ਲਿਆ ਸੀ, ਪਰ ਉਹ ਅਣਅਧਿਕਾਰਤ ਟੈਸਟ ਸੀ।
ਟੈਸਟ ਡੈਬਿਊ ਕਰਨ ਤੋਂ ਵਾਂਝੇ ਰਹੇ ਗੋਇਲ
ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਜੇਕਰ ਉਹ ਕਿਸੇ ਹੋਰ ਸਮੇਂ 'ਚ ਪੈਦਾ ਹੁੰਦੇ ਤਾਂ ਯਕੀਨੀ ਤੌਰ 'ਤੇ ਟੀਮ ਇੰਡੀਆ ਦਾ ਅਹਿਮ ਹਿੱਸਾ ਹੁੰਦੇ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੇ ਖੇਡਣ ਦੇ ਦਿਨਾਂ 'ਚ ਬਿਸ਼ਨ ਸਿੰਘ ਬੇਦੀ ਟੀਮ ਦਾ ਹਿੱਸਾ ਸਨ, ਜਿਸ ਦੀ ਵਜ੍ਹਾ ਕਰਕੇ ਰਾਜਿੰਦਰ ਗੋਇਲ ਦਾ ਭਾਰਤੀ ਟੀਮ 'ਚ ਖੇਡਣ ਦਾ ਸੁਪਨਾ, ਸਿਰਫ ਸੁਪਨਾ ਹੀ ਰਹਿ ਗਿਆ। ਇਸੇ ਕਾਰਨ 1974-75 'ਚ ਕਲਾਈਵ ਲਾਇਡ ਦੀ ਅਗਵਾਈ ਵਾਲੀ ਵੈਸਟਇੰਡੀਜ਼ ਖਿਲਾਫ ਬੈਂਗਲੁਰੂ ਟੈਸਟ 'ਚ ਉਹ ਖੇਡਣ ਤੋਂ ਵਾਂਝੇ ਰਹਿ ਗਏ ਸਨ।
ਇਕ ਡਾਕੂ ਜਿਸ ਨੇ ਗੋਇਲ ਨੂੰ ਲਿਖੀ ਵਧਾਈ ਭਰੀ ਚਿੱਠੀ
ਰਾਜਿੰਦਰ ਗੋਇਲ ਬਾਰੇ ਇਕ ਕਿੱਸਾ ਮਸ਼ਹੂਰ ਹੈ ਕਿ ਉਨ੍ਹਾਂ ਨੂੰ ਗਵਾਲੀਅਰ ਜੇਲ 'ਚ ਬੰਦ ਇਕ ਡਾਕੂ ਨੇ ਚਿੱਠੀ ਲਿਖੀ ਸੀ, ਦਰਅਸਲ, 1985 ਦੇ ਅਪ੍ਰੈਲ ਮਹੀਨੇ 'ਚ ਉਨ੍ਹਾਂ ਨੂੰ ਇਕ ਚਿੱਠੀ ਮਿਲੀ ਅਤੇ ਇਹ ਚਿੱਠੀ ਡਾਕੂ ਭੂਰਾ ਸਿੰਘ ਯਾਦਵ ਨੇ ਲਿਖੀ ਸੀ ਜੋ ਬਹੁਤ ਹੀ ਖਤਰਨਾਕ ਡਾਕੂ ਸੀ। ਭੂਰਾ ਸਿੰਘ ਨੇ ਚਿੱਠੀ 'ਚ ਰਣਜੀ ਟਰਾਫੀ 'ਚ 600 ਵਿਕਟ ਲੈਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ।
ਸੁਨੀਲ ਗਾਵਸਕਰ ਦੇ ਆਦਰਸ਼
ਭਾਰਤੀ ਕ੍ਰਿਕਟ ਟੀਮ ਦੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਵੀ ਰਾਜਿੰਦਰ ਗੋਇਲ ਦੇ ਮੁਰੀਦ ਸਨ। ਗਾਵਸਕਰ ਨੇ 1983 'ਚ ਪ੍ਰਕਾਸ਼ਿਤ ਹੋਈ ਕਿਤਾਬ 'ਚ ਆਪਣੇ 31 ਆਦਰਸ਼ ਲੋਕਾਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ 'ਚੋਂ ਰਾਜਿੰਦਰ ਗੋਇਲ ਵੀ ਸ਼ਾਮਲ ਸਨ।
ਘਰੇਲੂ ਕ੍ਰਿਕਟ 'ਚ ਪ੍ਰਦਰਸ਼ਨ
ਖੱਬੇ ਹੱਥ ਦੇ ਸਪਿਨਰ ਰਾਜਿੰਦਰ ਗੋਇਲ ਨੇ 157 ਫਰਸਟ ਕਲਾਸ ਮੈਚ ਖੇਡੇ ਹਨ। ਤੁਹਾਨੂੰ ਜਾਣ ਕੇ ਜ਼ਰੂਰ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ ਇਨ੍ਹਾਂ ਮੈਚਾਂ 'ਚ ਕੁਲ 750 ਵਿਕਟਾਂ ਹਾਸਲ ਕੀਤੀਆਂ ਹਨ। ਇਨ੍ਹਾਂ 'ਚੋਂ 640 ਵਿਕਟਾਂ ਉਨ੍ਹਾਂ ਨੇ 123 ਰਣਜੀ ਟਰਾਫੀ ਮੈਚਾਂ 'ਚ ਲਈਆਂ, ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 55 ਦੌੜਾਂ ਦੇ ਕੇ ਅੱਠ ਵਿਕਟਾਂ ਹਨ। ਰਾਜਿੰਦਰ ਗੋਇਲ ਦੀ ਔਸਤ 18.58 ਅਤੇ ਇਕਨਾਮੀ ਰੇਟ ਸਿਰਫ 2.10 ਹੈ। ਇਸ ਬਿਹਤਰੀਨ ਖਿਡਾਰੀ ਨੇ 59 ਵਾਰ ਇਕ ਪਾਰੀ 'ਚ ਪੰਜ ਜਾਂ ਇਸ ਤੋਂ ਵੱਧ ਵਿਕਟ ਲਏ ਜਦਕਿ ਮੈਚ 'ਚ ਕੁਲ 18 ਵਾਰ 10 ਜਾਂ ਇਸ ਤੋਂ ਜ਼ਿਆਦਾ ਵਾਰ ਵਿਕਟ ਝਟਕਾਏ। ਜਦਕਿ ਲਿਸਟ ਏ ਦੇ 8 ਮੈਚਾਂ 'ਚ ਉਨ੍ਹਾਂ ਦੇ ਨਾਂ 14 ਵਿਕਟ ਦਰਜ ਹਨ।