ਵਾਟਸਨ ਦੇ ਸੈਂਕੜੇ ਦੀ ਬਦੌਲਤ ਚੇਨਈ ਨੇ ਰਾਜਸਥਾਨ ਨੂੰ 64 ਦੌੜਾਂ ਨਾਲ ਹਰਾਇਆ

04/21/2018 12:47:10 AM

ਪੁਣੇ- ਸ਼ੇਨ ਵਾਟਸਨ ਨੇ ਸ਼ੁਰੂ ਵਿਚ ਮਿਲੇ ਦੋ ਜੀਵਨਦਾਨ ਦਾ ਪੂਰਾ ਫਾਇਦਾ ਚੁੱਕਦੇ ਹੋਏ ਅੱਜ ਇੱਥੇ ਆਪਣੇ ਟੀ-20 ਕਰੀਅਰ ਦਾ ਚੌਥਾ ਸੈਂਕੜਾ ਲਾਇਆ, ਜਿਸ ਨਾਲ ਚੇਨਈ ਸੁਪਰ ਕਿੰਗਜ਼ ਨੇ ਅੱਜ ਇੱਥੇ ਆਈ. ਪੀ. ਐੱਲ. ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ 64 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਫਿਰ ਤੋਂ ਜਿੱਤ ਦਾ ਰਸਤਾ ਫੜ ਲਿਆ। 
ਸਲਾਮੀ ਬੱਲੇਬਾਜ਼ ਵਾਟਸਨ ਨੇ 57  ਗੇਂਦਾਂ 'ਤੇ 106 ਦੌੜਾਂ ਬਣਾਈਆ, ਜਿਸ ਵਿਚ 9 ਚੌਕੇ ਤੇ 6 ਛੱਕੇ ਸ਼ਾਮਲ ਹਨ। ਉਸ ਨੇ ਸੁਰੇਸ਼ ਰੈਨਾ (29 ਗੇਂਦਾਂ 'ਤੇ 9 ਚੌਕਿਆਂ ਦੀ ਮਦਦ ਨਾਲ 46 ਦੌੜਾਂ) ਨਾਲ ਦੂਜੀ ਵਿਕਟ ਲਈ 81 ਦੌੜਾਂ ਤੇ ਡਵੇਨ ਬ੍ਰਾਵੋ (ਅਜੇਤੂ 24) ਨਾਲ ਪੰਜਵੀਂ ਵਿਕਟ ਲਈ  41 ਦੌੜਾਂ ਜੋੜੀਆਂ, ਜਿਸ ਨਾਲ ਆਪਣੇ ਨਵੇਂ ਘਰੇਲੂ ਮੈਦਾਨ 'ਤੇ ਖੇਡ ਰਹੇ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ 5 ਵਿਕਟਾਂ 'ਤੇ 204 ਦੌੜਾਂ ਬਣਾਈਆਂ। 
ਇਸਦੇ ਜਵਾਬ ਵਿਚ ਰਾਇਲਜ਼ ਦੀ ਟੀਮ 18.3 ਓਵਰਾਂ ਵਿਚ 140 ਦੌੜਾਂ 'ਤੇ ਸਿਮਟ ਗਈ। ਉਸ ਵੱਲੋਂ ਬੇਨ ਸਟੋਕਸ ਨੇ ਸਭ ਤੋਂ ਵੱਧ 45 ਦੌੜਾਂ ਬਣਾਈਆਂ। ਚੇਨਈ ਦੀ ਇਹ ਚਾਰ ਮੈਚਾਂ ਵਿਚ ਤੀਜੀ ਜਿੱਤ ਹੈ, ਜਦਕਿ ਰਾਇਲਜ਼ ਦੀ 5 ਮੈਚਾਂ ਵਿਚ ਤੀਜੀ ਹਾਰ ਹੈ।
ਚੇਨਈ ਵੱਲੋਂ ਦੀਪਕ ਚਾਹਰ  (30 ਦੌੜਾਂ 'ਤੇ 2 ਵਿਕਟਾਂ) ਨੇ ਰਾਇਲਜ਼ ਦਾ ਚੋਟੀ ਕ੍ਰਮ ਢਹਿ-ਢੇਰੀ ਕਰ ਦਿੱਤਾ, ਜਦਕਿ ਡਵੇਨ ਬ੍ਰਾਵੋ (16 ਦੌੜਾਂ 'ਤੇ 2 ਵਿਕਟਾਂ) ਨੇ ਮੱਧਕ੍ਰਮ ਦੇ ਬੱਲੇਬਾਜ਼ਾਂ ਦਾ ਸ਼ਿਕਾਰ ਕੀਤਾ। 
ਇਸ ਤੋਂ ਪਹਿਲਾਂ ਚੇਨਈ ਨੇ ਪਹਿਲੇ 13 ਓਵਰਾਂ ਵਿਚ ਲਗਭਗ 11.50 ਦੀ ਰਨ ਰੇਟ ਨਾਲ ਦੌੜਾਂ ਬਣਾ ਕੇ ਸਕੋਰ 150 ਦੌੜਾਂ ਤਕ ਪਹੁੰਚਾ ਦਿੱਤਾ ਸੀ ਪਰ ਆਖਰੀ ਸੱਤ ਓਵਰਾਂ ਵਿਚ ਉਸ ਨੇ ਸਿਰਫ 7.71 ਦੀ ਰਨ ਰੇਟ ਨਾਲ 54 ਦੌੜਾਂ ਹੀ ਬਣਾਈਆਂ।


Related News