RR v GT : ਰਾਜਸਥਾਨ ਤੇ ਗੁਜਰਾਤ ਵਿਚਕਾਰ ਹੋਵੇਗਾ ਰੋਮਾਂਚਕ ਮੁਕਾਬਲਾ
Thursday, Apr 14, 2022 - 09:31 AM (IST)
ਨਵੀ ਮੁੰਬਈ- ਹਾਰਦਿਕ ਪੰਡਯਾ ਦੀ ਗੁਜਰਾਤ ਟਾਇਟਨਸ ਤੇ ਸੰਜੂ ਸੈਮਸਨ ਦੀ ਅਗਆਈ ਵਾਲੀ ਰਾਜਸਥਾਨ ਰਾਇਲਜ਼ ਵਿਚਕਾਰ ਵੀਰਵਾਰ ਨੂੰ ਇੱਥੇ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੁਕਾਬਲਾ ਦਿਲਚਸਪ ਹੋਣ ਦੀ ਉਮੀਦ ਹੈ, ਜਿਸ ਵਿਚ ਦੋਵਾਂ ਕੋਲ ਹਮਲਾਵਰ ਗੇਂਦਬਾਜ਼ੀ ਹਮਲਾ ਹੈ। ਰਾਜਸਥਾਨ ਰਾਇਲਜ਼ ਦਾ ਇਸ ਸੈਸ਼ਨ ਵਿਚ ਗੇਂਦਬਾਜ਼ੀ ਹਮਲਾ ਸਰਵਸ੍ਰੇਸ਼ਠ ’ਚੋਂ ਇਕ ਰਿਹਾ ਹੈ, ਜਿਸ ਵਿਚ ਉਨ੍ਹਾਂ ਦੇ ਸਾਰੇ ਸਪਿਨਰਾਂ ਅਤੇ ਤੇਜ਼ ਗੇਂਦਬਾਜ਼ਾਂ ਨੇ ਸਟੀਕ ਪ੍ਰਦਰਸ਼ਨ ਕੀਤਾ ਹੈ। ਤਜਰਬੇਕਾਰ ਟ੍ਰੇਂਟ ਬੋਲਟ ਦਾ ਨਵੀਂ ਗੇਂਦ ਨਾਲ ਦਮਦਾਰ ਪ੍ਰਦਰਸ਼ਨ ਜਾਰੀ ਹੈ ਅਤੇ ਉਹ ‘ਸਲਾਗ ਓਵਰ’ 'ਚ ਵੀ ਇੰਨੇ ਹੀ ਪ੍ਰਭਾਵਸ਼ਾਲੀ ਰਹੇ ਹਨ। ਲਖਨਊ ਸੁਪਰ ਜਾਇਨਟਸ ਖਿਲਾਫ ਪਿਛਲੇ ਮੈਚ ਵਿਚ ਉਨ੍ਹਾਂ ਦਾ ਸ਼ੁਰੂਆਤੀ ਸਪੈਲ ਕਾਤਿਲਾਨਾ ਰਿਹਾ, ਜਿਸ ਵਿਚ ਉਨ੍ਹਾਂ ਨੇ ਪਹਿਲੇ ਹੀ ਓਵਰ ਵਿਚ ਕਪਤਾਨ ਲੋਕੇਸ਼ ਰਾਹੁਲ ਅਤੇ ਕ੍ਰਿਸ਼ਣੱਪਾ ਗੌਤਮ ਦੀ ਵਿਕਟ ਝਟਕ ਲਈ। ਪ੍ਰਸਿੱਧ ਕ੍ਰਿਸ਼ਣਾ ਨੇ ਵੀ ਝਲਕ ਵਿਖਾਈ ਕਿ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਦੀ ਅਗਲੀ ਤੇਜ਼ ਗੇਂਦਬਾਜ਼ੀ ਸਨਸਨੀ ਦੇ ਰੂਪ ਵਿਚ ਕਿਉਂ ਵੇਖਿਆ ਜਾ ਰਿਹਾ ਹੈ। ਬੋਲਟ ਦੇ ਨਾਲ ਦੋਵਾਂ ਨੇ ਰਫਤਾਰ ਅਤੇ ਹਮਲਾਵਰਤਾ ਦੇ ਨਾਲ ਗੇਂਦਬਾਜ਼ੀ ਕੀਤੀ ਹੈ।
ਇਹ ਖ਼ਬਰ ਪੜ੍ਹੋ-ਬੇਂਜੇਮਾ ਦੇ ਗੋਲ ਨਾਲ ਰੀਆਲ ਮੈਡ੍ਰਿਡ ਚੈਂਪੀਅਨਸ ਲੀਗ ਸੈਮੀਫਾਈਨਲ 'ਚ
ਉੱਥੇ ਹੀ ਨਵੇਂ ਖਿਡਾਰੀ ਕੁਲਦੀਪ ਸੇਨ ਨੇ ਵੀ ਸਾਬਤ ਕੀਤਾ ਕਿ ਉਹ ਵੀ ਵੱਡੇ ਖਿਡਾਰੀਆਂ ਦੇ ਨਾਲ ਖੇਡਣ ਦਾ ਮੂਲ ਮੁੱਦਾ ਰੱਖਦੇ ਹਨ। ਆਪਣੇ ਡੈਬਿਊ ਮੈਚ ਵਿਚ ਉਨ੍ਹਾਂ ਨੇ ਕਾਫੀ ਦਬਾਅ ਵਿਚ ਗੇਂਦਬਾਜ਼ੀ ਕੀਤੀ ਅਤੇ ਲਖਨਊ ਸੁਪਰ ਜਾਇਨਟਸ ਖਿਲਾਫ ਆਖਰੀ ਓਵਰ ਵਿਚ 15 ਦੌੜਾਂ ਦਾ ਬਚਾਅ ਕੀਤਾ। ਸਪਿਨ ਵਿਭਾਗ ਦੀ ਜ਼ਿੰਮੇਦਾਰੀ ਸੀਨੀਅਰ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਯੁਜਵੇਂਦਰ ਚਾਹਲ ਦੇ ਮੋਢਿਆਂ ’ਤੇ ਹੈ। ਚਾਹਲ ਇਸ ਸਮੇਂ ਲੀਗ ਦੇ ਇਸ ਸੈਸ਼ਨ ਵਿਚ ਸਭ ਤੋਂ ਜ਼ਿਆਦਾ ਵਿਕਟ ਝਟਕਾਉਣ ਵਾਲੇ ਗੇਂਦਬਾਜ਼ ਹਨ। ਇਸ ਲੈੱਗ ਸਪਿਨਰ ਨੇ 6.50 ਦੀ ਇਕਾਨਮੀ ਨਾਲ 11 ਵਿਕਟਾਂ ਝਟਕਾਈਆਂ ਹਨ। ਅਸ਼ਵਿਨ ਹਾਲਾਂਕਿ ਜ਼ਿਆਦਾ ਵਿਕਟਾਂ ਨਹੀਂ ਝਟਕ ਸਕੇ ਹਨ ਪਰ ਇਸ ਆਫ ਸਪਿਨਰ ਨੇ ਵਿਰੋਧੀ ਟੀਮ ਦੀ ਰਨ ਰੇਟ 'ਤੇ ਨਕੇਲ ਕੱਸੀ ਹੈ ਅਤੇ ਉਨ੍ਹਾਂ ਦੀ ਇਕਾਨਮੀ 6.87 ਰਹੀ ਹੈ।
ਇਹ ਖ਼ਬਰ ਪੜੋ- ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ
ਗੁਜਰਾਤ ਟਾਇਟਨਸ ਦੇ ਘੱਟ ਤਜਰਬਾ ਰੱਖਣ ਵਾਲੇ ਬੱਲੇਬਾਜ਼ਾਂ ਲਈ ਰਾਜਸਥਾਨ ਰਾਇਲਜ਼ ਦੀ ਗੇਂਦਬਾਜ਼ੀ ਨਾਲ ਨਿੱਬੜਨਾ ਸਖਤ ਚੁਣੌਤੀ ਹੋਵੇਗੀ। ਇਹ ਨਵੀਂ ਟੀਮ ਬੱਲੇਬਾਜ਼ੀ ਵਿਚ ਆਪਣੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਪੰਡਯਾ ’ਤੇ ਕਾਫੀ ਨਿਰਭਰ ਰਹੀ ਹੈ। ਗਿੱਲ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਹਨ ਪਰ ਤੇਜ਼ੀ ਨਾਲ ਦੌੜਾਂ ਜੁਟਾਉਣ ਲਈ ਮਸ਼ਹੂਰ ਕਪਤਾਨ ਬੱਲੇਬਾਜ਼ੀ ਵਿਚ ਜ਼ਿਆਦਾ ਚੌਕਸ ਵਿਖ ਰਹੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਪਾਰੀ ਨੂੰ ਡੂੰਘਾਈ ਦੇਣ ਦੀ ਦਿਸ ਰਹੀ ਹੈ। ਮੈਥਿਊ ਵੇਡ ਦੌੜਾਂ ਜੁਟਾਉਣ ਵਿਚ ਜੂਝ ਰਹੇ ਹਨ, ਜਦੋਂਕਿ ਡੇਵਿਡ ਮਿਲਰ ਦਾ ਧਮਾਲ ਦਿਖਾਉਣਾ ਬਾਕੀ ਹੈ, ਜਿਸ ਨਾਲ ਨਵੇਂ ਖਿਡਾਰੀਆਂ ਅਭਿਨਵ ਮਨੋਹਰ ਅਤੇ ਬੀ ਸਾਈ ਸੁਦਰਸ਼ਨ ਨੂੰ ਜ਼ਿਆਦਾ ਜ਼ਿੰਮੇਵਾਰੀ ਨਾਲ ਖੇਡਣਾ ਹੋਵੇਗਾ। ਹਾਲਾਂਕਿ ਰਾਹੁਲ ਤੇਵਤੀਆ ‘ਫਿਨਿਸ਼ਰ’ ਦੀ ਆਪਣੀ ਭੂਮਿਕਾ ਦਾ ਲੁਤਫ ਉਠਾਉਂਦੇ ਦਿਸ ਰਹੇ ਹਨ ਅਤੇ ਇੱਛਾ ਅਨੁਸਾਰ ਛੱਕੇ ਜੜ ਰਹੇ ਹਨ।
ਗੁਜਰਾਤ ਟਾਇਟਨਸ ਦੀ ਖੁਦ ਦੀ ਗੇਂਦਬਾਜ਼ੀ ਇਕਾਈ ਕਾਫੀ ਮਜ਼ਬੂਤ ਹੈ। ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਲਾਕੀ ਫਾਰਗਿਊਸਨ ਸ਼ਾਮਿਲ ਹਨ, ਜੋ ਵਿਸ਼ਵ ਕ੍ਰਿਕਟ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ਵਿਚ ਸ਼ੁਮਾਰ ਹਨ। ਉਨ੍ਹਾਂ ਤੋਂ ਇਲਾਵਾ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਪੰਡਯਾ ਵਿਕਟ ਝਟਕਣ ਵਾਲੇ ਗੇਂਦਬਾਜ਼ ਹਨ, ਜੋ ਵਿਰੋਧੀ ਟੀਮ ਨੂੰ ਦਬਾਅ ਵਿਚ ਰੱਖ ਸਕਦੇ ਹਨ। ਰਾਸ਼ਿਦ ਖਾਨ ਉਮੀਦ ਦੇ ਸਮਾਨ ਸਭ ਤੋਂ ਕਿਫਾਇਤੀ ਗੇਂਦਬਾਜ਼ ਰਹੇ ਹਨ। ਵਿਰੋਧੀ ਬੱਲੇਬਾਜ਼ ਉਨ੍ਹਾਂ ਦੇ ਚਾਰ ਓਵਰਾਂ ਵਿਚ ਕੋਈ ਵੱਡਾ ਸ਼ਾਟ ਲਾਉਣ ਦੀ ਬਜਾਏ ਇਨ੍ਹਾਂ ਨੂੰ ਜਲਦ ਤੋਂ ਜਲਦ ਖਤਮ ਹੋਣ ਨੂੰ ਤਰਜ਼ੀਹ ਦਿੰਦੇ ਹਨ। ਗੁਜਰਾਤ ਟਾਇਟਨਸ ਦੇ ਗੇਂਦਬਾਜ਼ਾਂ ਵਿਚ ਹਾਲਾਂਕਿ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਮਿਲੀ ਹਾਰ ਵਿਚ ਪੈਨੇਪਨ ਦੀ ਕਮੀ ਦਿਖੀ, ਜੋ ਇਸ ਸੈਸ਼ਨ ਵਿਚ ਉਨ੍ਹਾਂ ਦੀ ਪਹਿਲੀ ਹਾਰ ਸੀ। ਇਹ ਵੇਖਣਾ ਰੋਮਾਂਚਕ ਹੋਵੇਗਾ ਕਿ ਉਹ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ੀ ਲਾਈਨ-ਅਪ ਖਿਲਾਫ ਕਿਸ ਤਰ੍ਹਾਂ ਇੱਕਜੁਟ ਹੁੰਦੇ ਹਨ, ਜਿਸ ਵਿਚ ਵਿਸਫੋਟਕ ਜੋਸ ਬਟਲਰ, ‘ਬਿਗ ਹਿਟਰ’ ਸ਼ਿਮਰੋਨ ਹਿੱਟਮਾਇਰ ਅਤੇ ਸੈਮਸਨ ਤੋਂ ਵਾਧੂ ਪ੍ਰਭਾਵਸ਼ਾਲੀ ਦੇਵਦੱਤ ਪਡੀਕਲ ਸ਼ਾਮਿਲ ਹਨ। ਦੋਵਾਂ ਟੀਮਾਂ ਨੇ ਤਿੰਨ ਮੈਚ ਜਿੱਤੇ ਹਨ ਅਤੇ ਇਕ ਵਿਚ ਉਨ੍ਹਾਂ ਨੂੰ ਹਾਰ ਮਿਲੀ ਹੈ ਪਰ ਰਾਜਸਥਾਨ ਰਾਇਲਜ਼ ਦੀ ਟੀਮ ਆਪਣੇ ਬਿਹਤਰ ਨੈੱਟ ਰੇਟ ਦੀ ਵਜ੍ਹਾ ਨਾਲ ਅੰਕ ਸੂਚੀ ਵਿਚ ਟਾਪ 'ਤੇ ਬੈਠੀ ਹੈ, ਜਦੋਂਕਿ ਗੁਜਰਾਤ ਟਾਇਟਨਸ ਚੌਥੇ ਸਥਾਨ ’ਤੇ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।