ਰਾਜਸਥਾਨ ਰਾਇਲਸ ਦੀਆਂ ਨਜ਼ਰਾਂ ਦੂਜੀ ਵਾਰ ਖ਼ਿਤਾਬ ਜਿੱਤਣ ’ਤੇ, ਜਾਣੋ ਟੀਮ ਦੀ ਤਾਕਤ ਤੇ ਕਮਜ਼ੋਰੀ ਬਾਰੇ

Wednesday, Apr 07, 2021 - 05:00 PM (IST)

ਰਾਜਸਥਾਨ ਰਾਇਲਸ ਦੀਆਂ ਨਜ਼ਰਾਂ ਦੂਜੀ ਵਾਰ ਖ਼ਿਤਾਬ ਜਿੱਤਣ ’ਤੇ, ਜਾਣੋ ਟੀਮ ਦੀ ਤਾਕਤ ਤੇ ਕਮਜ਼ੋਰੀ ਬਾਰੇ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ. ਐੱਲ.) ਦੇ ਪਹਿਲੇ ਸੀਜ਼ਨ ਦੀ ਜੇਤੂ ਰਾਜਸਥਾਨ ਰਾਇਲਸ ਇਸ ਵਾਰ ਦੇ 14ਵੇਂ ਸੀਜ਼ਨ ਨੂੰ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਤੇ ਉਤਰੇਗੀ। ਹਾਲਾਂਕਿ ਕਮਜ਼ੋਰ ਭਾਰਤੀ ਦਲ ਤੇ ਵਿਦੇਸ਼ੀ ਖਿਡਾਰੀਆਂ ’ਤੇ ਵੱਧ ਨਿਰਭਰਤਾ ਨਾਲ ਉਸ ਦਾ ਖ਼ਿਤਾਬ ਜਿੱਤਣ ਦਾ ਸੁਫ਼ਨਾ ਪੂਰਾ ਹੋਣਾ ਮੁਸ਼ਕਲ ਲਗਦਾ ਹੈ। ਪਿਛਲੇ ਸੀਜ਼ਨ ’ਚ ਆਖ਼ਰੀ ਸਥਾਨ ’ਤੇ ਰਹੇ ਰਾਇਲਸ ਨੇ ਨਵੇਂ ਸੈਸ਼ਨ ਲਈ ਪ੍ਰਬੰਧਨ ਤੇ ਟੀਮ ਦੋਹਾਂ ’ਚ ਬਦਲਾਅ ਕੀਤੇ ਹਨ। ਟੀਮ ’ਚੋਂ ਰਿਲੀਜ਼ ਕੀਤੇ ਗਏ ਸਟੀਵ ਸਮਿਥ ਦੀ ਜਗ੍ਹਾ ਸੰਜੂ ਸੈਮਸਨ ਨੂੰ ਕਪਤਾਨ ਬਣਾਇਆ ਗਿਆ ਹੈ ਜਦਕਿ ਕੋਚ ਐਂਡਿ੍ਰਊ ਮੈਕਡੋਨਾਲਡ ਨੂੰ ਬਾਹਰ ਕਰਕੇ ਸ਼੍ਰੀਲੰਕਾ ਦੇ ਸਾਬਕਾ ਮਹਾਨ ਕ੍ਰਿਕਟਰ ਕੁਮਾਰ ਸੰਗਕਾਰਾ ਨੂੰ ਕ੍ਰਿਕਟ ਨਿਰਦੇਸ਼ਕ ਬਣਾਇਆ ਗਿਆ ਹੈ।

PunjabKesariਜੋਫ਼ਰਾ ਆਰਚਰ ’ਤੇ ਕਾਫ਼ੀ ਨਿਰਭਰ ਤੇਜ਼ ਗੇਂਦਬਾਜ਼ੀ ਹਮਲੇ ਨੂੰ ਮਜ਼ਬੂਤ ਕਰਨ ਲਈ ਰਾਜਸਥਾਨ ਰਾਇਲਸ ਨੇ ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਕ੍ਰਿਸ ਮੋਰਿਸ ਨੂੰ 16 ਕਰੋੜ 25 ਲੱਖ ਰੁਪਏ ਦੀ ਬੇਹੱਦ ਵੱਡੀ ਰਕਮ ’ਚ ਖਰੀਦਿਆ ਜਿਸ ਨਾਲ ਉਹ ਆਈ. ਪੀ.  ਐੱਲ. ਦੇ ਇਤਿਹਾਸ ’ਚ ਸਭ ਤੋਂ ਮਹਿੰਗੇ ਖਿਡਾਰੀ ਬਣੇ। ਪਿਛਲੇ ਸੈਸ਼ਨ ਦੇ ਟੂਰਨਾਮੈਂਟ ਦੇ ਸਰਵਸ੍ਰੇਸ਼ਠ ਖਿਡਾਰੀ ਆਰਚਰ ਸੱਟ ਕਾਰਨ ਆਈ. ਪੀ. ਐੱਲ. ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋ ਗਏ ਹਨ ਜਿਸ ਨਾਲ ਟੀਮ ਨੂੰ ਝਟਕਾ ਲੱਗਾ ਹੈ। ਟੀਮ ਨੂੰ ਆਪਣੇ ਪਹਿਲੇ ਮੈਚ ’ਚ 12 ਅਪ੍ਰੈਲ ਨੂੰ ਮੁੰਬਈ ’ਚ ਪੰਜਾਬ ਕਿੰਗਜ਼ ਨਾਲ ਭਿੜਨਾ ਹੈ। ਆਓ ਇਕ ਝਾਤ ਪਾਉਂਦੇ ਹਾਂ ਟੀਮ ਦੇ ਮਜ਼ਬੂਤ ਤੇ ਕਮਜ਼ੋਰ ਪੱਖ ਬਾਰੇ :-
ਇਹ ਵੀ ਪੜ੍ਹੋ :  ਤਸਲੀਮਾ ਨਸਰੀਨ ਨੇ ਕੀਤਾ ਮੋਈਨ ਅਲੀ ਬਾਰੇ ਵਿਵਾਦਤ ਟਵੀਟ ਤਾਂ ਮਿਲਿਆ ਕਰਾਰਾ ਜਵਾਬ, ਮਾਮਲਾ ਭਖਿਆ

ਬਟਲਰ-ਸਟੋਕਸ ਜਿਹੇ ਹਮਲਾਵਰ ਬੱਲੇਬਾਜ਼
ਟੀਮ ਦੇ ਮਜ਼ਬੂਤ ਪੱਖ ਦੀ ਗੱਲ ਕਰੀਏ ਤਾਂ ਉਸ ਕੋਲ ਕਈ ਹਮਲਾਵਰ ਬੱਲੇਬਾਜ਼ ਹਨ। ਜੋਸ ਬਟਲਰ ਤੇ ਬੇਨ ਸਟੋਕਸ ਦੇ ਰੂਪ ’ਚ ਟੀਮ ਕੋਲ ਦੋ ਮੈਚ ਜੇਤੂ ਖਿਡਾਰੀ ਹਨ ਜਦਕਿ ਸੈਮਸਨ ’ਚ ਹੁਨਰ ਦੀ ਕੋਈ ਕਮੀ ਨਹੀਂ ਹੈ। ਟੀਮ ਕੋਲ ਦੱਖਣੀ ਅਫ਼ਰੀਕਾ ਦੇ ਡੇਵਿਡ ਮਿਲਰ ਤੇ ਮਾਰਿਸ ਦੇ ਰੂਪ ’ਚ ਦੋ ਹਮਲਵਾਰ ਬੱਲੇਬਾਜ਼ ਹਨ। ਇੰਗਲੈਂਡ ਦੇ ਟੀ-20 ਮਾਹਰ ਲਿਆਮ ਲਿਵਿੰਗਸਟੋਨ ਵੀ ਮੈਚ ਦਾ ਰੁਖ਼ ਬਦਲਣ ’ਚ ਸਮਰਥ ਹਨ। ਪਿਛਲੇ ਸੀਜ਼ਨ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਲਰਾਊਂਡਰ ਰਾਹੁਲ ਤੇਵਤੀਆ ਨੇ ਵੱਡੇ ਸ਼ਾਟ ਖੇਡਣ ਦੀ ਆਪਣੀ ਸਮਰਥਾ ਦਿਖਾਈ ਹੈ। ਸੰਗਕਾਰਾ ਦੇ ਰੂਪ ’ਚ ਰਾਇਲਸ ਦੇ ਕੋਲ ਇਕ ਮਜ਼ਬੂਤ ਰਣਨੀਤੀਕਾਰ ਹੈ।

PunjabKesariਟੀਮ ’ਚੋਂ ਵੱਡੇ ਭਾਰਤੀ ਖਿਡਾਰੀ ਗ਼ਾਇਬ
ਟੀਮ ’ਚ ਹਾਲਾਂਕਿ ਵੱਡੇ ਭਾਰਤੀ ਖਿਡਾਰੀ ਨਹੀਂ ਹਨ ਤੇ ਘਰੇਲੂ ਖਿਡਾਰੀਆਂ ਦੇ ਪ੍ਰਦਰਸ਼ਨ ’ਚ ਨਿਰੰਤਰਤਾ ਵੀ ਨਹੀਂ ਹੈ। ਪਿਛਲੇ ਕੁਝ ਸਾਲਾਂ ’ਚ ਸੈਮਸਨ ਨੇ ਬੜੀ ਮੁਸ਼ਕਲ ਨਾਲ ਹੀ ਲਗਾਤਾਰ ਪੰਜ ਮੈਚਾਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਸਾਲ 2018 ’ਚ 11 ਕਰੋੜ 50 ਲੱਖ ਰੁਪਏ ’ਚ ਖ਼ਰੀਦੇ ਗਏ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਸਨ ਜਦਕਿ ਮਨਨ ਵੋਹਰਾ ਨੇ ਕੁਝ ਮੌਕਿਆਂ ’ਤੇ ਪ੍ਰਭਾਵੀ ਪ੍ਰਦਰਸ਼ਨ ਕੀਤਾ ਹੈ। ਅਜਿਹੇ ’ਚ ਟੀਮ ਨੂੰ ਰੀਆਨ ਪਰਾਗ, ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਤੇ ਯਸ਼ਸਵੀ ਜਾਇਸਵਾਲ ਜਿਹੇ ਯੁਵਾ ਖਿਡਾਰੀਆਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਰਾਇਲਸ ਨੇ ਕੁਝ ਖਿਡਾਰੀਆਂ ਨੂੰ ਵੱਡੀ ਰਕਮ ’ਚ ਖਰੀਦਿਆ ਹੈ ਪਰ ਸਟੋਕਸ ਦੇ ਇਲਾਵਾ ਜ਼ਿਆਦਾਤਰ ਖਿਡਾਰੀ ਉਮੀਦ ’ਤੇ ਖਰੇ ਨਹੀਂ ਉਤਰੇ।
ਇਹ ਵੀ ਪੜ੍ਹੋ : ਜਾਣੋ ਆਈ.ਪੀ.ਐਲ. ਸੀਜ਼ਨ ’ਚ ਕਿਵੇਂ ਫੈਂਟੇਸੀ ਕ੍ਰਿਕਟ ਖੇਡ ਕਮਾਈਏ ਪੈਸਾ

ਸੈਮਸਨ ’ਤੇ ਵੀ ਚੁੱਕੇ ਗਏ ਹਨ ਸਵਾਲ
ਸੈਮਸਨ ਦੀ ਫ਼ਾਰਮ ਤੇ ਨਿਰੰਤਰਤਾ ’ਤੇ ਹਮੇਸ਼ਾ ਸਵਾਲ ਉਠਦਾ ਰਿਹਾ ਹੈ। ਉਹ ਟੀ-20 ਕੌਮਾਂਤਰੀ ’ਚ ਮਿਲੇ ਕੁਝ ਮੌਕਿਆਂ ਦਾ ਲਾਭ ਲੈਣ ’ਚ ਵੀ ਅਸਫਲ ਰਹੇ। ਇਹ ਟੂਰਨਾਮੈਂਟ ਉਨਾਂ ਲਈ ਆਪਣੇ ਹੁਨਰ ਤੇ ਅਗਵਾਈ ਸਮਰਥਾ ਦਿਖਾਉਣ ਦਾ ਸ਼ਾਨਦਾਰ ਮੌਕਾ ਹੋਵੇਗਾ ਜਿਸ ਨਾਲ ਰਾਸ਼ਟਰੀ ਟੀਮ ’ਚ ਜਗ੍ਹਾ ਬਣਾਉਣ ਦੀ ਉਨ੍ਹਾਂ ਦੀ ਦਾਅਵੇਦਾਰੀ ਮਜ਼ਬੂਤ ਹੋ ਸਕਦੀ ਹੈ। ਸੈਮਸਨ ਨੂੰ ਕਪਤਾਨੀ ਦਾ ਜ਼ਿਆਦਾ ਤਜਰਬਾ ਨਹੀਂ ਹੈ ਤੇ ਇਸ ਜ਼ਿੰਮੇਵਾਰੀ ਦਾ ਉਨ੍ਹਾਂ ਦੀ ਕਪਤਾਨੀ ’ਤੇ ਵੀ ਅਸਰ ਪੈ ਰਿਹਾ ਹੈ। ਸੱਜੇ ਹੱਥ ਦਾ ਇਹ ਹਮਲਾਵਰ ਬੱਲੇਬਾਜ਼ ਸ਼ਾਇਦ ਕਪਤਾਨੀ ਦੀ ਜ਼ਿੰਮੇਵਾਰੀ ਮਿਲਣ ਦੇ ਬਾਅਦ ਓਨੀ ਆਜ਼ਾਦੀ ਨਾਲ ਬੱਲੇਬਾਜ਼ੀ ਨਾ ਕਰ ਸਕੇ।

PunjabKesariਆਰਚਰ ਦੀ ਗ਼ੈਰਮੌਜੂਦਗੀ ਨਾਲ ਹੋਵੇਗਾ ਨੁਕਸਾਨ
ਰਾਇਲਸ ਨੂੰ ਅਹਿਮ ਮੌਕਿਆਂ ’ਤੇ ਉਸ ਦੀ ਗ਼ੈਰ ਤਜਰਬੇਕਾਰੀ ਦਾ ਨੁਕਸਾਨ ਵੀ ਹੋ ਸਕਦਾ ਹੈ। ਟੀਮ ਨੇ ਪਿਛਲੇ ਸੈਸ਼ਨ ’ਚ ਸ਼ਾਨਦਾਰ ਨਿੱਜੀ ਪ੍ਰਦਰਸ਼ਨ ਦੀ ਬਦੌਲਤ ਮੁਕਾਬਲੇ ਜਿੱਤੇ ਪਰ ਇਕ ਟੀਮ ਦੇ ਰੂਪ ’ਚ ਕੰਮ ਕਰਨ ’ਚ ਅਸਫਲ ਰਹੀ। ਟੀਮ ਆਰਚਰ ’ਤੇ ਕਾਫ਼ੀ ਨਿਰਭਰ ਹੈ ਤੇ ਮੋਰਿਸ ਦੀ ਮੌਜੂਦਗੀ ਦੇ ਬਾਵਜੂਦ ਇੰਗਲੈਂਡ ਦੇ ਗੇਂਦਬਾਜ਼ ਦੀ ਗ਼ੈਰਮੌਜੂਦਗੀ ਨਾਲ ਟੀਮ ਟੀਮ ਦਾ ਤੇਜ਼ ਗੇਂਦਬਾਜ਼ੀ ਹਮਲਾ ਕਮਜ਼ੋਰ ਨਜ਼ਰ ਆਉਂਦਾ ਹੈ। ਟੀਮ ਨੂੰ ਆਰਚਰ ਦੇ ਛੇਤੀ ਤੋਂ ਛੇਤੀ ਉਸ ਦੇ ਨਾਲ ਜੁੜਨ ਦੀ ਉਮੀਦ ਹੋਵੇਗੀ। ਕਮਜ਼ੋਰ ਭਾਰਤੀ ਦਲ ਤੇ ਵਿਦੇਸ਼ੀ ਖਿਡਾਰੀਆਂ ’ਤੇ ਜ਼ਿਆਦਾ ਨਿਰਭਰਤਾ ਟੀਮ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਵੀਵੋ ਦੇ ਬਰਾਂਡ ਅੰਬੈਸਡਰ ਬਣੇ ਵਿਰਾਟ ਕੋਹਲੀ

ਟੀਮ ਇਸ ਤਰ੍ਹਾਂ ਹੈ : ਸੰਜੂ ਸੈਮਸਨ (ਕਪਤਾਨ), ਜੋਸ ਬਟਲਰ, ਬੇਨ ਸਟੋਕਸ, ਯਸ਼ਸਵੀ ਜਾਇਸਵਾਲ, ਮਨਨ ਵੋਹਰਾ, ਅਨੁਜ ਰਾਵਤ, ਰੀਆਨ ਪਰਾਗ, ਡੇਵਿਡ ਮਿਲਰ, ਰਾਹੁਲ ਤੇਵਤੀਆ, ਮਹੀਪਾਲ ਲੋਮਰੋਰ, ਸ਼੍ਰੇਅਸ ਗੋਪਾਲ, ਮਯੰਕ ਮਾਰਕੰਡੇ, ਜੋਫ਼ਰਾ ਆਰਚਰ, ਐਂਡਿ੍ਰਊ ਟਾਈ, ਜੈਦੇਵ ਉਨਾਦਕਟ, ਕਾਰਤਿਕ ਤਿਆਗੀ, ਸ਼ਿਵਮ ਦੁਬੇ, ਕ੍ਰਿਸ ਮੋਰਿਸ, ਮੁਸਤਾਫਿਜ਼ੁਰ ਰਹਿਮਾਨ, ਚੇਤਨ ਸਕਾਰੀਆ, ਕੇ. ਸੀ. ਕਰੀਯੱਪਾ, ਲਿਆਮ ਲਿਵਿੰਗਸਟੋਨ, ਕੁਲਦੀਪ ਯਾਦਵ ਤੇ ਆਕਾਸ਼ ਸਿੰਘ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News