ਸੋਨੇ-ਚਾਂਦੀ ਦੀਆਂ ਡਿੱਗਦੀਆਂ ਤੇ ਚੜ੍ਹਦੀਆਂ ਕੀਮਤਾਂ ਨੇ ਹਿਲਾਇਆ ਸਰਾਫਾ ਬਜ਼ਾਰ, ਨਿਵੇਸ਼ਕ ਤੇ ਲੋਕ ਕੰਨੀ ਕਤਰਾਉਣ ਲੱਗੇ

Sunday, Feb 01, 2026 - 08:31 PM (IST)

ਸੋਨੇ-ਚਾਂਦੀ ਦੀਆਂ ਡਿੱਗਦੀਆਂ ਤੇ ਚੜ੍ਹਦੀਆਂ ਕੀਮਤਾਂ ਨੇ ਹਿਲਾਇਆ ਸਰਾਫਾ ਬਜ਼ਾਰ, ਨਿਵੇਸ਼ਕ ਤੇ ਲੋਕ ਕੰਨੀ ਕਤਰਾਉਣ ਲੱਗੇ

ਬੁਢਲਾਡਾ, (ਮਨਜੀਤ)- ਸੋਨੇ-ਚਾਂਦੀ ਦੀਆਂ ਘਟਦੀਆਂ-ਵਧਦੀਆਂ ਕੀਮਤਾਂ ਨੇ ਲੋਕਾਂ ਅਤੇ ਸਵਰਨਕਾਰਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਇੱਕ ਦਿਨ ਸੋਨੇ-ਚਾਂਦੀ ਦੇ ਰੇਟਾਂ ਵਿੱਚ ਉਛਾਲ ਆਉਂਦਾ ਹੈ ਤੇ ਦੂਜੇ ਦਿਨ ਗਿਰਾਵਟ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸੋਨੇ-ਚਾਂਦੀ ਦੀਆਂ ਕੀਮਤਾਂ ਅਸਮਾਨ ਛੂੰਹਣ ਲੱਗੀਆਂ ਹਨ। ਉਨ੍ਹਾਂ ਦੇ ਰੇਟਾਂ ਵਿੱਚ ਅਸਥਿਰਤਾ ਨਹੀਂ ਹੈ। ਖਰੀਦਣ ਅਤੇ ਵੇਚਣ ਵਾਲੇ ਵੀ ਪ੍ਰੇਸ਼ਾਨ ਹਨ ਅਤੇ ਸੋਨੇ-ਚਾਂਦੀ ਦੇ ਵਧਦੇ-ਘਟਦੇ ਰੇਟ ਉਨ੍ਹਾਂ ਦੀ ਸਮਝ ਤੋਂ ਬਾਹਰ ਹੋ ਗਏ ਹਨ। ਜਿਸ ਨੂੰ ਲੈ ਕੇ ਸਵਰਨਕਾਰਾਂ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਸਰਕਾਰ ਇਸ ਦੇ ਰੇਟ ਵਿੱਚ ਸਥਿਰਤਾ ਲਿਆਵੇ।
             
ਸਵਰਨਕਾਰ ਸੰਘ ਜ਼ਿਲ੍ਹਾ ਮਾਨਸਾ ਦੇ ਜਰਨਲ ਸਕੱਤਰ ਮਨਜੀਤ ਸਿੰਘ ਜੌੜਾ ਨੇ ਕਿਹਾ ਕਿ ਬੇਸ਼ੱਕ ਦੇਸ਼ ਅੰਦਰ ਸੋਨੇ-ਚਾਂਦੀ ਦੇ ਭਾਅ ਪਹਿਲੀ ਵਾਰ ਹੱਦਾਂ-ਬੰਨ੍ਹੇ ਟੱਪ ਗਏ ਹਨ। ਪਰ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਹੈ ਕਿ ਰੇਟਾਂ ਵਿੱਚ ਸਥਿਰਤਾ ਨਹੀਂ ਹੈ। ਪ੍ਰਤੀਦਿਨ ਹੀ ਨਹੀਂ ਹੁਣ ਘੰਟਿਆਂ ਦੇ ਹਿਸਾਬ ਨਾਲ ਸੋਨੇ-ਚਾਂਦੀ ਦੇ ਭਾਅ ਚੜ੍ਹਣ ਅਤੇ ਡਿੱਗਣ ਲੱਗੇ ਹਨ। ਵੇਚਣ ਵਾਲਾ ਸਵਰਨਕਾਰ ਕਿਹੜੇ ਭਾਅ ਵਿੱਚ ਵੇਚੇ ਅਤੇ ਖਰੀਦਦਾਰ ਕਿਹੜੇ ਭਾਅ ਖਰੀਦੇ। ਦੋਵੇਂ ਹੀ ਭੰਬਲਭੂਸੇ ਵਿੱਚ ਹਨ। ਇਸ ਤਰ੍ਹਾਂ ਦੀ ਅਸਥਿਰਤਾ ਨੇ ਸੋਨੇ-ਚਾਂਦੀ ਦਾ ਬਜ਼ਾਰ ਡਾਵਾਂਡੋਲ ਕਰ ਦਿੱਤਾ ਹੈ। ਸਰਕਾਰ ਨੂੰ ਇਸ ਤੇ ਫੌਰੀ ਐਕਸ਼ਨ ਲੈਂਦਿਆਂ ਸੋਨੇ-ਚਾਂਦੀ ਦੇ ਭਾਅ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਇੱਕ ਸਾਰ ਰੱਖਣੇ ਚਾਹੀਦੇ ਹਨ।
          
ਸਵਰਨਕਾਰ ਸੰਘ ਬੁਢਲਾਡਾ ਦੇ ਪ੍ਰਧਾਨ ਜਸਪਾਲ ਸਿੰਘ ਜੱਸੀ ਨੇ ਕਿਹਾ ਕਿ ਸੋਨੇ ਚਾਂਦੀ ਦੇ ਭਾਅ ਵਿੱਚ ਮਨਾ ਮੂੰਹੀ ਹੁੰਦਾ ਉਛਾਲ ਅਤੇ ਗਿਰਾਵਟ ਨੇ ਸਵਰਨਕਾਰਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਪਹਿਲਾਂ ਸਵਰਨਕਾਰ ਪ੍ਰਤੀਦਿਨ ਸਲੇਟ ਉੱਪਰ ਲਿਖ ਕੇ ਸੋਨੇ-ਚਾਂਦੀ ਦੇ ਭਾਅ ਗਾਹਕਾਂ ਨੂੰ ਦੱਸ ਦਿੰਦੇ ਸਨ।ਪਰ ਹੁਣ ਅਜਿਹਾ ਲਿਖਣ ਦੀ ਸਥਿਤੀ ਨਹੀਂ ਰਹੀ ਕਿਉਂਕਿ ਸੋਨੇ-ਚਾਂਦੀ ਦੇ ਭਾਅ ਦੇਸ਼ ਪੱਧਰ ਤੇ ਮਿੰਟੋ-ਮਿੰਟੀ ਡਿੱਗਣ ਅਤੇ ਚੜ੍ਹਣ ਲੱਗੇ ਹਨ। ਸਵਰਨਕਾਰ ਸ਼ਸ਼ੋਪੰਜ ਵਿੱਚ ਹਨ ਕਿ ਉਹ ਸੋਨਾ ਕੈਰੇਟ ਦੇ ਹਿਸਾਬ ਨਾਲ ਕਿਹੜੇ ਭਾਅ ਖਰੀਦਣ, ਕਿਹੜੇ ਭਾਅ ਗ੍ਰਾਹਕ ਨੂੰ ਵੇਚ ਅਤੇ ਕਿਵੇਂ ਗ੍ਰਾਹਕ ਦੀ ਸੰਤੁਸ਼ਟੀ ਕਰਵਾਉਣ। ਉਨ੍ਹਾਂ ਕਿਹਾ ਕਿ ਅਜਿਹਾ ਡਗਮਗਾਉਂਦਾ ਬਜ਼ਾਰ ਜਿੱਥੇ ਸੋਨੇ-ਚਾਂਦੀ ਦੇ ਬਜ਼ਾਰ ਨੂੰ ਹੌਲਾ ਕਰ ਦੇਵੇਗਾ ਉੱਥੇ ਆਮ ਲੋਕ ਵੀ ਸੋਨਾ-ਚਾਂਦੀ ਖਰੀਦਣ ਤੋਂ ਗੁਰੇਜ਼ ਕਰਨਗੇ। ਜਿਸ ਨਾਲ ਸੋਨਾ-ਚਾਂਦੀ ਦਾ ਕਾਰੋਬਾਰ ਕਰਨ ਵਾਲੇ ਪ੍ਰੇਸ਼ਾਨ ਤਾਂ ਹੋਣਗੇ ਹੀ ਬਲਕਿ ਉਨ੍ਹਾਂ ਨੂੰ ਆਪਣੀ ਦੁਕਾਨਦਾਰੀ ਵੀ ਚਲਾਉਣੀ ਔਖੀ ਹੋ ਜਾਵੇਗੀ।

PunjabKesari
             
ਵਪਾਰੀ ਆਗੂ ਸ਼ਾਮ ਲਾਲ ਧਲੇਵਾਂ ਨੇ ਕਿਹਾ ਕਿ ਦੇਸ਼ ਵਿੱਚ ਸੋਨੇ-ਚਾਂਦੀ ਦੇ ਚੜ੍ਹਦੇ-ਉੱਤਰਦੇ ਭਾਅ ਨੇ ਸਭ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਰੱਖਿਆ ਹੈ। ਬਜਟ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਸ਼ਨੀਵਾਰ ਨੂੰ ਸਭ ਤੋਂ ਵੱਡੀ ਇੱਕ ਦਿਨੀ ਗਿਰਾਵਟ ਦੇਖੀ ਗਈ। ਕੁਝ ਦਿਨ ਦੇਸ਼ ਭਰ ਦੇ ਸਰਾਫਾ ਬਜ਼ਾਰਾਂ ਵਿੱਚ ਚਾਂਦੀ ਦੀ ਔਸਤ ਕੀਮਤ 4 ਲੱਖ ਰੁਪਏ ਤੋਂ ਟੁੱਟ ਕੇ 3 ਲੱਖ ਰੁਪਏ ਕਿੱਲੋ ਰਹਿ ਗਈ। ਸੋਨਾ ਟੁੱਟ ਕੇ 1,45,000 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਤੇ ਆ ਗਿਆ ਹੈ।ਇਸ ਗਿਰਾਵਟ ਨੇ ਸਰਾਫਾ ਬਜ਼ਾਰ ਨੂੰ ਇੱਕ ਦਿਨ ਵਿੱਚ ਹੀ ਹਿਲਾ ਕੇ ਰੱਖ ਦਿੱਤਾ ਹੈ। ਜਦਕਿ ਅੰਤਰ-ਰਾਸ਼ਟਰੀ ਬਜ਼ਾਰ ਵਿੱਚ ਵੀ ਦਬਾਅ ਸਾਫ ਦਿਖਿਆ। ਉਨ੍ਹਾਂ ਕਿਹਾ ਕਿ ਇਹ ਸਭ ਕੀ ਹੋ ਰਿਹਾ ਹੈ। ਸਰਕਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਘੱਟੋ-ਘੱਟ ਪ੍ਰਤੀ ਮਹੀਨਾ ਤੱਕ ਨਿਰਧਾਰਿਤ ਕਰਨੀਆਂ ਚਾਹੀਦੀਆਂ ਹਨ।
          
ਬੀਰਇੰਦਰ ਪ੍ਰਕਾਸ਼ ਗਰਗ ਆਰ.ਓ. ਵਾਲੇ ਅਤੇ ਯੰਗਜ਼ ਸਪੋਰਟਸ ਕਲੱਬ ਦੇ ਪ੍ਰਧਾਨ ਪ੍ਰਭਜੋਤ ਸਿੰਘ ਕੋਹਲੀ ਨੇ ਕਿਹਾ ਕਿ ਸੋਨੇ-ਚਾਂਦੀ ਦੀਆਂ ਕੀਮਤਾਂ ਦੇ ਉਛਾਲ ਅਤੇ ਗਿਰਾਵਟ ਨੇ ਸਰਾਫਾ ਬਜ਼ਾਰ ਦੀ ਇਹ ਹਾਲਤ ਬਣਾ ਦਿੱਤੀ ਹੈ ਕਿ ਕਾਰੋਬਾਰੀ ਇਸ ਨੂੰ ਖਰੀਦਣ ਲਈ ਤਿਆਰ ਨਹੀਂ। ਨਿਵੇਸ਼ਕ ਵੀ ਬੇਚੈਨ ਹਨ। ਤੇਜ਼ੀ ਦੇ ਚੱਲਦੇ ਗਹਿਣੇ ਖਰੀਦ ਵਿੱਚ 50 ਫੀਸਦੀ ਤੱਕ ਕਮੀ ਆਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਵੈਲਰਜ਼ ਨਵੇਂ ਸਟਾੱਕ ਨਿਵੇਸ਼ ਕਰਨ ਤੋਂ ਬਚ ਰਹੇ ਹਨ।ਜਦੋਂ ਤੱਕ ਭਾਅ ਸਥਿਰ ਨਹੀਂ ਹੁੰਦੇ। ਵਿਕਰੀ ਵਿੱਚ ਸੁਧਾਰ ਹੋਣਾ ਔਖਾ ਹੈ। ਕਈ ਅਜਿਹੇ ਗ੍ਰਾਹਕ ਵੀ ਹਨ ਜੋ ਸਵੇਰੇ ਸੋਨਾ-ਚਾਂਦੀ ਖਰੀਦਦੇ ਹਨ ਅਤੇ 3-4 ਘੰਟੇ ਬਾਅਦ ਕੀਮਤ ਵਧਣ ਤੇ ਵੇਚਣ ਆ ਜਾਂਦੇ ਹਨ। ਇਸ ਨਾਲ ਸਭ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਸਰਕਾਰ ਜਿਨ੍ਹੀ ਦੇਰ ਇਸ ਨੂੰ ਕੰਟਰੋਲ ਨਹੀਂ ਕਰਦੀ ਅਤੇ ਕੀਮਤਾਂ ਵਿੱਚ ਹੋ ਰਹੀ ਵੱਡੇ ਪੱਧਰ ਦੀ ਹਿਲਜੁੱਲ ਨੂੰ ਸਥਿਰ ਨਹੀਂ ਕਰਦੀ। ਉਦੋਂ ਤੱਕ ਸਰਾਫਾ ਬਜ਼ਾਰ ਪਹਿਲਾਂ ਦੀ ਤਰ੍ਹਾਂ ਆਪਣਾ ਕੰਮ ਚੱਲਦਾ ਨਹੀਂ ਰੱਖ ਸਕੇਗਾ। ਲੋਕ ਵੀ ਭੰਬਲਭੂਸੇ ਵਿੱਚ ਹਨ ਅਤੇ ਸਵਰਨਕਾਰ ਵੀ। ਜੇਕਰ ਕੀਮਤਾਂ ਦਾ ਇਹੀ ਹਾਲ ਰਿਹਾ ਤਾਂ ਲੋਕਾਂ ਨੇ ਸੋਨਾ-ਚਾਂਦੀ ਖਰੀਦਣ ਤੋਂ ਫਿਲਹਾਲ ਗੁਰੇਜ਼ ਕਰਨਾ ਸ਼ੁਰੂ ਕਰ ਦੇਣਾ ਹੈ।


author

Rakesh

Content Editor

Related News