ਲੰਬੀ ਬ੍ਰੇਕ ਤੋਂ ਬਾਅਦ ਮੈਦਾਨ ’ਚ ਉਤਰੇ ਰੈਨਾ ਤੇ ਪੰਤ, ਨੈੱਟ ਅਭਿਆਸ ’ਚ ਜੰਮ ਕੇ ਵਹਾਇਆ ਪਸੀਨਾ
Tuesday, Jul 14, 2020 - 03:35 PM (IST)
ਸਪੋਰਟਸ ਡੈਸਕ– ਭਾਰਤੀ ਕ੍ਰਿਕਟਰਾਂ ਰਿਸ਼ਭ ਪੰਤ ਅਤੇ ਸੁਰੇਸ਼ ਰੈਨਾ ਨੇ ਕੋਵਿੰਡ-19 ਮਹਾਮਾਰੀ ਕਾਰਨ ਲੰਬੀ ਬ੍ਰੇਕ ਤੋਂ ਬਾਅਦ ਹਾਲ ਹੀ ’ਚ ਨੈੱਟ ਅਭਿਆਸ ਸ਼ੁਰੂ ਕੀਤਾ। ਸਾਵਧਾਨੀ ਵਰਤਦੇ ਹੋਏ ਦੋਵਾਂ ਨੂੰ ਗਾਜ਼ੀਆਬਾਦ ’ਚ ਨੈੱਟ ਅਭਿਆਸ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਵੇਖਿਆ ਗਿਆ। ਗਾਜ਼ੀਆਬਾਦ ’ਚ ਕੋਰੋਨਾ ਲਾਗ ਦੇ ਤਿੰਨ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ।
ਦਰਅਸਲ 33 ਸਾਲ ਦੇ ਰੈਨਾ ਨੇ ਪੋਸਟ ਨਾਲ ਲਿਖਿਆ ਕਿ ਸਖਤ ਸਿਹਨਤ, ਕਦੇ ਹਾਰ ਨਾ ਮੰਨੋ ਅਤੇ ਫਲ ਪਾਓ। ਸੀਮਿਤ ਓਵਰਾਂ ਦੇ ਮਾਹਰ ਬੱਲੇਬਾਜ਼ ਰੈਨਾ ਪਿਛਲੀ ਵਾਰ ਭਾਰਤ ਵਲੋਂ ਇੰਗਲੈਂਡ ’ਚ 2018 ’ਚ ਖੇਡੇ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਟੀਮ ’ਚ ਥਾਂ ਬਣਾਉਣ ਲਈ ਝੂਜਣਾ ਪੈ ਰਿਹਾ ਹੈ। ਵਿਕਟ ਕੀਪਰ ਬੱਲੇਬਾਜ਼ ਪੰਤ ਨੂੰ ਵੀ ਨੈੱਟ ਅਭਿਆਸ ਕਰਦੇ ਵੇਖਿਆ ਗਿਆ।
ਰੈਨਾ ਅਤੇ ਪੰਤ ਤੋਂ ਪਹਿਲਾਂ ਚਿਤੇਸ਼ਵਰ ਪੁਜਾਰਾ, ਉਮੇਸ਼ ਯਾਦਵ ਅਤੇ ਇਸ਼ਾਨ ਸ਼ਰਮਾ ਵਰਗੇ ਭਾਰਤ ’ਚ ਚੋਟੀ ਦੇ ਖਿਡਾਰੀ ਵੀ ਨੈੱਟ ਅਭਿਆਸ ਸ਼ੁਰੂ ਕਰ ਚੁੱਕੇ ਹਨ। ਖੱਬੇ ਹੱਥ ਦੇ ਬੱਲੇਬਾਜ਼ ਰੈਨਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਆਪਣੇ ਅਭਿਆਸ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਕੋਰੋਨਾ ਲਾਗ ਮਹਾਮਾਰੀ ਕਾਰਨ ਮਾਰਚ ਤੋਂ ਸਾਰੀਆਂ ਖੇਡ ਗਤੀਵਿਧੀਆਂ ਠੱਪ ਪਈਆਂ ਹਨ।