ਭਾਰਤ ਦਾ ਰਾਹੁਲ ਸ਼੍ਰੀਵਾਸਤਵ ਗ੍ਰੈਂਡ ਮਾਸਟਰ ਨਾਰਮ ਵੱਲ
Saturday, Jun 22, 2019 - 10:11 PM (IST)

ਗੋਆ (ਨਿਕਲੇਸ਼ ਜੈਨ)- ਗੋਆ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਰਾਉੂਂਡ-6 ਭਾਰਤ ਦੇ ਇੰਟਰਨੈਸ਼ਨਲ ਮਾਸਟਰ ਰਾਹੁਲ ਸ਼੍ਰੀਵਾਸਤਵ ਦੇ ਨਾਂ ਰਿਹਾ। ਉਸ ਨੇ ਮੁਕਾਬਲੇ 'ਚ ਵੱਡੇ ਗ੍ਰੈਂਡ ਮਾਸਟਰ ਦੇ ਉੱਪਰ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ। ਪਿਛਲੇ 3 ਰਾਊਂਡਜ਼ 'ਚ ਉਸ ਨੇ ਗ੍ਰੈਂਡ ਮਾਸਟਰਾਂ ਵਿਰੁੱਧ 2.5 ਅੰਕ ਬਣਾ ਕੇ ਆਪਣੇ ਗ੍ਰੈਂਡ ਮਾਸਟਰ ਨਾਰਮ ਦੀ ਉਮੀਦ ਜਗਾ ਦਿੱਤੀ ਹੈ। ਚੌਥੇ ਰਾਉੂਂਡ ਵਿਚ ਉਸ ਨੇ ਰੂਸ ਦੇ ਵਲਾਦੀਮੀਰ ਬੁਰਮਾਕਿਨ ਨਾਲ ਡਰਾਅ ਖੇਡਿਆ, ਜਦਕਿ 5ਵੇਂ ਰਾਊਂਡ ਵਿਚ ਉਲਟਫੇਰ ਕਰਦੇ ਹੋਏ ਉਸ ਨੇ ਪਿਛਲੇ ਸਾਲ ਦੇ ਚੈਂਪੀਅਨ ਈਰਾਨ ਦੇ ਇਦਾਨੀ ਪੌਯਾ ਨੂੰ ਹਰਾ ਦਿੱਤਾ ਤੇ 6ਵੇਂ ਰਾਉੂਂਡ ਵਿਚ ਬੇਲਾਰੂਸ ਦੇ ਵਾਦਿਮ ਨੂੰ ਹਰਾਉਂਦੇ ਹੋਏ ਆਪਣੀ ਰੇਟਿੰਗ ਦੇ ਪ੍ਰਦਰਸ਼ਨ ਨੂੰ 2612 ਤੱਕ ਪਹੁੰਚਾ ਦਿੱਤਾ ਹੈ ਅਤੇ ਅਜਿਹੀ ਹਾਲਤ 'ਚ ਪੂਰੀ ਉਮੀਦ ਹੈ ਕਿ ਉਹ ਆਪਣਾ ਗ੍ਰੈਂਡ ਮਾਸਟਰ ਨਾਰਮ ਹਾਸਲ ਕਰ ਲਵੇਗਾ।
6ਵੇਂ ਰਾਉੂਂਡ ਵਿਚ ਸਭ ਤੋਂ ਅੱਗੇ ਚੱਲ ਰਹੇ ਅਰਮੇਨੀਆ ਦੇ ਪੈਟ੍ਰੋਸੀਅਨ ਮੈਨੁਅਲ ਨੇ ਕਜ਼ਾਕਿਸਤਾਨ ਦੇ ਪੀਟਰ ਕੋਸਟੇਂਕੋਂ ਨਾਲ ਡਰਾਅ ਖੇਡਦੇ ਹੋਏ ਆਪਣੀ ਲੀਡ ਬਰਕਰਾਰ ਰੱਖੀ ਤਾਂ ਉਸ ਦੇ ਹੀ ਹਮਵਤਨ ਸਹਿਕਾਯਨ ਸਮਵੇਲ ਨੇ ਭਾਰਤ ਦੇ ਦੀਪਕ ਚੱਕਰਵਰਤੀ ਨੂੰ ਮਾਤ ਦਿੱਤੀ। ਇਸੇ ਟੂਰਨਾਮੈਂਟ ਨਾਲ ਇੰਟਰਨੈਸ਼ਨਲ ਮਾਸਟਰ ਬਣਿਆ ਭਾਰਤ ਦਾ ਸੰਕਲਪ ਗੁਪਤਾ ਵੀ ਹੁਣ ਗ੍ਰੈਂਡ ਮਾਸਟਰ ਨਾਰਮ ਵੱਲ ਵਧ ਰਿਹਾ ਹੈ ਅਤੇ ਹਮਵਤਨ ਗ੍ਰੈਂਡ ਮਾਸਟਰ ਅਨੁਰਾਗ ਮਹੱਮਾਲ ਨੂੰ ਮਾਤ ਦਿੰਦਾ ਹੋਇਆ ਸਾਂਝੇ ਤੌਰ 'ਤੇ ਦੂਸਰੇ ਸਥਾਨ 'ਤੇ ਪਹੁੰਚ ਗਿਆ ਹੈ।