ਰਾਹੀ ਸਰਨੋਬਤ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਸੋਨ ਤਮਗ਼ਾ ਜਿੱਤਿਆ
Monday, Jun 28, 2021 - 06:08 PM (IST)
ਸਪੋਰਟਸ ਡੈਸਕ— ਓਲੰਪਿਕ ਦਾ ਟਿਕਟ ਹਾਸਲ ਕਰ ਚੁੱਕੀ ਭਾਰਤੀ ਨਿਸ਼ਾਨੇਬਾਜ਼ ਰਾਹੀ ਸਰਨੋਬਤ ਨੇ ਆਈ. ਐੱਸ ਐੈੱਸ .ਐੱਫ. ਵਿਸ਼ਵ ਕੱਪ ’ਚ ਮਹਿਲਾਵਾਂ ਦੀ 25 ਮੀਟਰ ਪਿਸਟਲ ਮੁਕਾਬਲੇ ’ਚ ਸੋਮਵਾਰ ਨੂੰ ਸੋਨ ਤਮਗ਼ਾ ਜਿੱਤਿਆ ਜਦਕਿ ਯੁਵਾ ਮਨੂ ਭਾਕਰ ਸਤਵੇਂ ਸਥਾਨ ’ਤੇ ਰਹੀ। ਮੌਜੂਦਾ ਵਿਸ਼ਵ ਕੱਪ ’ਚ ਭਾਰਤ ਲਈ ਇਹ ਪਹਿਲਾ ਸੋਨ ਤਮਗ਼ਾ ਹੈ। ਇਸ ਤੋਂ ਪਹਿਲਾਂ ਭਾਰਤੀ ਨਿਸ਼ਾਨੇਬਾਜ਼ਾਂ ਨੇ ਇਕ ਚਾਂਦੀ ਤੇ ਦੋ ਕਾਂਸੀ ਤਮਗੇ ਜਿੱਤੇ ਹਨ।
30 ਸਾਲ ਦੀ ਸਰਨੋਬਤ ਨੇ ਕੁਆਲੀਫ਼ਾਇੰਗ ’ਚ 591 ਅੰਕ ਦੇ ਨਾਲ ਦੂਜੇ ਸਥਾਨ ’ਤੇ ਰਹਿਣ ਦੇ ਬਾਅਦ ਫ਼ਾਈਨਲ ’ਚ 39 ਦਾ ਸਕੋਰ ਕੀਤਾ। ਉਨ੍ਹਾਂ ਨੇ ਫ਼ਾਈਨਲ ਦੀ ਤੀਜੀ, ਚੌਥੀ ਪੰਜਵੀਂ ਤੇ ਛੇਵੀਂ ਸੀਰੀਜ਼ ’ਚ ਪੂਰੇ ਅੰਕ ਹਾਸਲ ਕੀਤੇ। ਫ਼ਰਾਂਸ ਦੀ ਮਥਿਲਡੇ ਲਾਮੋਲੇ ਨੂੰ ਚਾਂਦੀ ਦਾ ਤਮਗ਼ਾ ਮਿਲਿਆ ਜਿਨ੍ਹਾਂ ਨੇ ਫ਼ਾਈਨਲ ’ਚ 31 ਅੰਕ ਬਣਾਏ। ਕੁਲਾਲੀਫਿਕੇਸ਼ਨ ’ਚ ਸਰਨੋਬਤ ਨੇ ਸੋਮਵਾਰ ਨੂੰ ਰੈਪਿਡ ਫ਼ਾਇਰ ਰਾਊਂਡ ’ਚ 296 ਦਾ ਸ਼ਾਨਦਾਰ ਸਕੋਰ ਕੀਤਾ। ਉਨ੍ਹਾਂ ਨੇ ਐਤਵਾਰ ਨੂੰ ਪ੍ਰੀਸੀਸ਼ਨ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 295 ਅੰਕ ਜੁਟਾਏ ਸਨ।