ਨਡਾਲ ਤੇ ਫੈਡਰਰ ਪ੍ਰੀ ਕੁਆਟਰ-ਫਾਈਨਲ ''ਚ, ਦੂਜੀ ਸੀਡ ਪਲਿਸਕੋਵਾ ਬਾਹਰ
Saturday, Jun 01, 2019 - 12:19 PM (IST)

ਪੈਰਿਸ — 11 ਵਾਰ ਦੇ ਚੈਂਪੀਅਨ ਤੇ ਦੂਜੀ ਸੀਡ ਸਪੇਨ ਦੇ ਰਾਫੇਲ ਨਡਾਲ ਤੇ ਤੀਜੀ ਸੀਡ ਸਵੀਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਆਪਣਾ ਜੇਤੂ ਅਭਿਆਨ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਸਾਲ ਦੇ ਦੂਜੇ ਗਰੈਂਡ ਸਲੇਮ ਫਰੈਂਚ ਓਪਨ ਦੇ ਪ੍ਰੀ ਕੁਆਟਰ ਫਾਈਨਲ 'ਚ ਜਗ੍ਹਾ ਬਣਾ ਲਈ ਜਦ ਕਿ ਮਹਿਲਾ 'ਚ ਦੂਜੀ ਸੀਡ ਚੈੱਕ ਲੋਕ-ਰਾਜ ਦੀ ਕੈਰੋਲਿਨਾ ਪਲਿਸਕੋਵਾ ਹਾਰ ਕੇ ਬਾਹਰ ਹੋ ਗਈ। ਆਪਣੇ 12ਵੇਂ ਖਿਤਾਬ ਦੀ ਤਲਾਸ਼ 'ਚ ਉਤਰੇ ਕਲੇ ਕੋਟਰ ਕਿੰਗ ਨਡਾਲ ਨੇ 27ਵੀਂ ਸੀਡ ਬੈਲਜੀਅਮ ਦੇ ਡੇਵਿਡ ਗੋਫਿਨ ਨੂੰ ਦੋ ਘੰਟੇ 49 ਮਿੰਟ ਤੱਕ ਚੱਲੇ ਮੁਕਾਬਲੇ 'ਚ 6-1, 6-3, 4 - 6 , 6 - 3 ਨਾਲ ਹਰਾ ਦਿੱਤਾ। ਨਡਾਲ ਨੇ ਤੀਜੇ ਸੈੱਟ ਦੇ ਝਟਕੇ ਤੋਂ ਉੱਬਰਦੇ ਹੋਏ ਗੋਫਿਨ ਨੂੰ ਫਿਰ ਕੋਈ ਮੌਕਾ ਨਹੀਂ ਦਿੱਤਾ। ਉਨ੍ਹਾਂ ਨੇ ਮੈਚ 'ਚ ਪੰਜ ਵਾਰ ਗੋਫਿਨ ਦੀ ਸਰਵਿਸ ਤੋੜੀ।
ਫੈਡਰਰ ਨੇ ਨਾਰਵੇ ਦੇ ਕੈਸਪਰ ਰੁਡ ਨੂੰ ਲਗਾਤਾਰ ਸੈੱਟਾ 'ਚ 6-3, 6-1, 7-6 ਨਾਲ ਹਰਾਇਆ ਜਦ ਕਿ ਮਹਿਲਾ ਵਰਗ 'ਚ ਕਰੋਏਸ਼ੀਆ ਦੀ ਪੇਤਰਾ ਮਾਟਿਰਚ ਨੇ ਸਭ ਤੋਂ ਵਡੀ ਉਲਟਫੇਰ ਕਰਦੇ ਹੋਏ ਦੂਜੀ ਸੀਡ ਚੇਕ ਗਣਰਾਜ ਦੀ ਕੈਰੋਲਿਨਾ ਪਲਿਸਕੋਵਾ ਨੂੰ 6-3, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ। 20 ਵਾਰ ਦੇ ਗਰੈਂਡ ਸਲੇਮ ਜੇਤੂ ਫੈਡਰਰ ਨੇ ਇਹ ਮੁਕਾਬਲਾ ਦੋ ਘੰਟੇ 11 ਮਿੰਟ 'ਚ ਜਿੱਤਿਆ। ਉਨ੍ਹਾਂ ਨੂੰ ਤੀਜੇ ਸੈੱਟ 'ਚ ਹੀ ਕੁਝ ਸੰਘਰਸ਼ ਕਰਨਾ ਪਿਆ ਜਿਸ ਦਾ ਟਾਈ ਬ੍ਰੇਕ ਉਨ੍ਹਾਂ ਨੇ 10-8 ਨਾਲ ਜਿੱਤਿਆ। ਫੈਡਰਰ ਨੇ ਮੈਚ 'ਚ ਪੰਜ ਵਾਰ ਰੁਡ ਦੀ ਸਰਵਿਸ ਤੋੜੀ ਤੇ 52 ਵਿਨਰਸ ਲਗਾਏ। 37 ਸਾਲ ਦਾ ਫੈਡਰਰ ਇਸ ਦੇ ਨਾਲ ਹੀ ਫਰੈਂਚ ਓਪਨ ਦੇ ਚੌਥੇ ਦੌਰ 'ਚ ਪੁੱਜਣ ਵਾਲੇ ਸਭ ਤੋਂ ਵੱਡੀ ਉਮਰ ਵਾਲੇ ਖਿਡਾਰੀ ਬਣ ਗਏ।