ਨਡਾਲ ਦੀ ਅਗਵਾਈ ''ਚ ਸਪੇਨ ਨੇ ਛੇਵਾਂ ਡੇਵਿਸ ਕੱਪ ਖਿਤਾਬ ਜਿੱਤਿਆ
Monday, Nov 25, 2019 - 10:16 AM (IST)

ਮੈਡ੍ਰਿਡ— ਰਾਫੇਲ ਨਡਾਲ ਨੇ ਆਪਣੇ ਸ਼ਾਨਦਾਰ ਸੈਸ਼ਨ ਦਾ ਅੰਤ ਐਤਵਾਰ ਨੂੰ ਇੱਥੇ ਕੈਨੇਡਾ ਦੇ ਡੇਨਿਸ ਸ਼ਾਪਾਲੋਵ ਨੂੰ ਡੇਵਿਸ ਕੱਪ 'ਚ ਹਰਾ ਕੇ ਕੀਤਾ। ਇਸ ਤਰ੍ਹਾਂ ਨਡਾਲ ਨੇ ਸਪੇਨ ਨੂੰ ਛੇਵਾਂ ਡੇਵਿਸ ਕੱਪ ਖਿਤਾਬ ਦਿਵਾਇਆ। ਨਡਾਲ ਨੇ ਸ਼ਾਪਾਲੋਵ ਨੂੰ 6-3, 7-6 ਨਾਲ ਹਰਾ ਕੇ ਸਪੇਨ ਨੂੰ 2-0 ਦਾ ਜੇਤੂ ਵਾਧਾ ਦਿਵਾਇਆ। ਪਹਿਲੇ ਸਿੰਗਲ 'ਚ ਰੋਬਰਟੋ ਬਤੀਸਤਾ ਨੇ ਫੇਲਿਕਸ ਆਗਰ ਐਲੀਆਸਿਮ ਨੂੰ 7-6, 6-3 ਨਾਲ ਹਰਾ ਕੇ ਸਪੇਨ ਨੂੰ 1-0 ਨਾਲ ਵਾਧਾ ਦਿਵਾਇਆ। ਨਡਾਲ ਨੇ ਮੈਚ ਦੇ ਬਾਅਦ ਕਿਹਾ, ''ਸਾਲ ਦਾ ਅੰਤ ਜਿੱਤ ਨਾਲ ਕਰਕੇ ਮੈਂ ਬੇਹੱਦ ਖੁਸ਼ ਹਾਂ।'' ਨਡਾਲ ਨੇ 2019 'ਚ ਫ੍ਰੈਂਚ ਅਤੇ ਅਮਰੀਕੀ ਓਪਨ ਦਾ ਖਿਤਾਬ ਜਿੱਤਣ ਦੇ ਬਾਅਦ ਸਾਲ ਦਾ ਅੰਤ ਦੁਨੀਆ ਦੇ ਨੰਬਰ ਇਕ ਖਿਡਾਰੀ ਦੇ ਰੂਪ 'ਚ ਕੀਤਾ।