ਇੰਡੋਨੇਸ਼ੀਆ ਓਪਨ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਹਾਰੀ ਪੀ. ਵੀ. ਸਿੰਧੂ
Sunday, Nov 28, 2021 - 12:22 PM (IST)
ਸਪੋਰਟਸ ਡੈਸਕ- ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਨੂੰ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਸੈਮੀਫਾਈਨਲ ’ਚ ਸਾਬਕਾ ਵਿਸ਼ਵ ਚੈਂਪੀਅਨ ਥਾਈਲੈਂਡ ਦੀ ਰੇਚਾਨੋਕ ਇੰਤਾਨੋਨ ਨੇ ਹਰਾ ਦਿੱਤਾ। ਤੀਜਾ ਦਰਜਾ ਪ੍ਰਾਪਤ ਸਿੰਧੂ ਨੂੰ ਦੁਨੀਆ ਦੀ ਅੱਠਵੇਂ ਨੰਬਰ ਦੀ ਖਿਡਾਰੀ ਰੇਚਾਨੋਕ ਨੇ 54 ਮਿੰਟ ਵਿਚ 15-21, 21-9, 21-14 ਨਾਲ ਹਰਾਇਆ। ਇਹ ਲਗਾਤਾਰ ਤੀਜੀ ਵਾਰ ਸਿੰਧੂ ਦੀ ਸੈਮੀਫਾਈਨਲ ’ਚ ਹਾਰ ਸੀ। ਉਹ ਪਿਛਲੇ ਹਫ਼ਤੇ ਇੰਡੋਨੇਸ਼ੀਆ ਮਾਸਟਰਸ ਅਤੇ ਅਕਤੂਬਰ ਵਿਚ ਫਰੈਂਚ ਓਪਨ ’ਚ ਸੈਮੀਫਾਈਨਲ ਵਿਚ ਹਾਰਨ ਤੋਂ ਪਹਿਲਾਂ ਟੋਕੀਓ ਓਲੰਪਿਕ ਵਿਚ ਵੀ ਸੈਮੀਫਾਈਨਲ ਹਾਰ ਗਈ ਸਨ।
ਦੂਜੇ ਪਾਸੇ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਡਬਲਸ ਜੋੜੀ ਵੀ ਸੁਪਰ 1000 ਟੂਰਨਾਮੈਂਟ ’ਚੋਂ ਬਾਹਰ ਹੋ ਗਈ। ਦੁਨੀਆ ਦੀਆਂ 11ਵੀਂ ਰੈਂਕਿੰਗ ਦੀ ਜੋੜੀ ਨੂੰ ਸੈਮੀਫਾਈਨਲ ’ਚ ਮਾਰਕਸ ਫਰਨਾਲਡੀ ਗਿਡਯੋਨ ਅਤੇ ਕੇਵਿਨ ਸੰਜੈ ਸੁਕਾਮੁਲਜੋ ਦੀ ਇੰਡੋਨੇਸ਼ੀਆ ਦੀ ਜੋੜੀ ਤੋਂ 16-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੁਨੀਆ ਦੀ ਨੰਬਰ ਇਕ ਜੋੜੀ, ਦੋ ਵਾਰ ਦੀ ਸਾਬਕਾ ਆਲ ਇੰਗਲੈਂਡ ਓਪਨ ਚੈਂਪੀਅਨ ਅਤੇ ਮੌਜੂਦਾ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੋੜੀ ਖਿਲਾਫ ਇਹ ਭਾਰਤੀ ਜੋੜੀ ਦੀ ਲਗਾਤਾਰ 10ਵੀਂ ਹਾਰ ਹੈ। ਹੁਣ ਇਸ ਟੂਰਨਾਮੈਂਟ ’ਚ ਭਾਰਤੀ ਮੁਹਿੰਮ ਵੀ ਖਤਮ ਹੋ ਗਈ ਹੈ।