ਖੇਲੋ ਇੰਡੀਆ ਯੂਥ ਗੇਮਜ਼  : ਸਾਈਕਲਿੰਗ ''ਚ ਪੰਜਾਬ ਨੇ ਜਿੱਤਿਆ ਪਹਿਲਾ ਸੋਨ ਤਮਗਾ

01/16/2020 12:10:08 AM

ਪਟਿਆਲਾ (ਪ੍ਰਤੀਭਾ)- ਗੁਹਾਟੀ ਵਿਚ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਸਾਈਕਲਿੰਗ ਈਵੈਂਟ ਵਿਚ ਨਮਨ ਕਪਿਲ ਨੇ 4 ਕਿ. ਮੀ. ਵਿਅਕਤੀਗਤ ਪ੍ਰਸ਼ੂਟ ਵਿਚ ਪੰਜਾਬ ਲਈ ਪਹਿਲਾ ਸੋਨ ਤਮਗਾ ਜਿੱਤ ਲਿਆ ਹੈ। ਇਸ ਤੋਂ ਪਹਿਲਾਂ ਬੀਤੇ ਕੱਲ ਟੀਮ ਸਪ੍ਰਿੰਟ ਈਵੈਂਟ ਵਿਚ ਵੀ ਪੰਜਾਬ ਦੇ ਸਾਈਕਲਿਸਟਾਂ ਨੇ 2 ਤਮਗੇ ਜਿੱਤੇ। ਦੱਸ ਦੇਈਏ ਕਿ ਨਮਨ ਕਪਿਲ ਪਹਿਲਾਂ ਵੀ ਕੌਮਾਂਤਰੀ ਪੱਧਰ 'ਤੇ ਏਸ਼ੀਆ ਕੱਪ, ਏਸ਼ੀਅਨ ਚੈਂਪੀਅਨਸ਼ਿਪ ਅਤੇ ਹੋਰ ਕੌਮਾਂਤਰੀ ਪੱਧਰ ਦੇ ਈਵੈਂਟਸ ਵਿਚ ਦੇਸ਼ ਅਤੇ ਪੰਜਾਬ ਲਈ ਸੋਨ ਤਮਗੇ ਜਿੱਤ ਚੁੱਕਾ ਹੈ। ਇਸ ਦੌਰਾਨ ਨਮਨ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਸ ਦਾ ਟੀਚਾ ਹੁਣ ਆਉਣ ਵਾਲੀਆਂ ਟੋਕੀਓ ਓਲੰਪਿਕ-2020 ਲਈ ਕੁਆਲੀਫਾਈ ਕਰਨਾ ਹੈ। ਮੌਕੇ 'ਤੇ ਸਾਈਕਲਿੰਗ ਫੈੱਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਓਂਕਾਰ ਸਿੰਘ, ਸਾਈਕਲਿੰਗ ਫੈੱਡਰੇਸ਼ਨ ਆਫ ਇੰਡੀਆ ਦੇ ਜਨਰਲ ਸੈਕਟਰੀ ਮਨਿੰਦਰਪਾਲ ਸਿੰਘ, ਖੇਲੋ ਇੰਡੀਆ ਦੇ ਤਕਨੀਕੀ ਅਧਿਕਾਰੀ ਜਗਦੀਪ ਸਿੰਘ ਕਾਹਲੋਂ, ਕੋਚ ਮਿੱਤਰਪਾਲ ਸਿੰਘ ਸਿੱਧੂ, ਪਿਤਾ ਰਾਜ ਕੁਮਾਰ, ਕੋਚ ਵੀ. ਐੱਨ. ਸਿੰਘ, ਕੋਚ ਸੁਖਵਿੰਦਰ ਸਿੰਘ ਨੇ ਵੀ ਨਮਨ ਨੂੰ ਉਸ ਦੀ ਉਪਲੱਬਧੀ ਲਈ ਵਧਾਈ ਦਿੱਤੀ।

PunjabKesari
ਹਿਮਾਚਲ ਦੀ ਜੀਨਾ ਖਿੱਟਾ ਨੇ 10 ਮੀਟਰ ਏਅਰ ਰਾਈਫਲ 'ਚ ਜਿੱਤਿਆ ਸੋਨਾ  
ਗੁਹਾਟੀ : ਹਿਮਾਚਲ ਪ੍ਰਦੇਸ਼ ਦੀ ਜੀਨਾ ਖਿੱਟਾ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਖੇਡੋ ਇੰਡੀਆ ਯੁਵਾ ਖੇਡਾਂ ਵਿਚ 251.3 ਅੰਕ ਦੇ ਸਕੋਰ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ। ਪੰਜਾਬ ਦੀ ਜਸਮੀਨ ਕੌਰ ਅਤੇ ਸਿਫਟ ਕੌਰ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਮਗੇ ਆਪਣੀ ਝੋਲੀ ਪਾਏ। ਜੀਨਾ ਨੇ ਰਾਸ਼ਟਰੀ ਪ੍ਰਤੀਯੋਗਿਤਾ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਸੀ, ਜਿਸ ਵਿਚ ਉਸ ਨੇ ਸਟਾਰ ਨਿਸ਼ਾਨੇਬਾਜ਼ ਮੇਹੁਲੀ ਘੋਸ਼ ਅਤੇ ਅਪੂਰਵੀ ਚੰਦੇਲਾ ਨੂੰ ਹਰਾਇਆ।


Gurdeep Singh

Content Editor

Related News