ਪੰਜਾਬ ਸਰਕਾਰ ਪਹਿਲੇ ਪੜਾਅ ਵਿੱਚ 260 ਖੇਡ ਨਰਸਰੀਆਂ ਖੋਲ੍ਹੇਗੀ : ਮੀਤ ਹੇਅਰ

Thursday, Feb 29, 2024 - 06:39 PM (IST)

ਚੰਡੀਗੜ੍ਹ -ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਤਹਿਤ ਸਥਾਪਤ ਕੀਤੀਆਂ ਜਾਣ ਵਾਲੀਆਂ 1000 ਖੇਡ ਨਰਸਰੀਆਂ ਵਿੱਚੋਂ 260 ਨਰਸਰੀਆਂ ਪਹਿਲੇ ਪੜਾਅ ਵਿੱਚ ਸਥਾਪਤ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਦੀ ਸਥਾਪਨਾ ਲਈ ਖੇਡ ਸੁਪਰਵਾਈਜ਼ਰਾਂ ਤੇ ਕੋਚਾਂ ਦੀ ਭਰਤੀ ਲਈ 10 ਮਾਰਚ ਤੱਕ ਬਿਨੈ ਪੱਤਰ ਮੰਗੇ ਗਏ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਪਿੰਡ ਪੱਧਰ ਉਤੇ ਖਿਡਾਰੀਆਂ ਲਈ ਢਾਂਚਾ ਉਸਾਰਨ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਉਤੇ ਬਣਾਈ ਨਵੀਂ ਖੇਡ ਨੀਤੀ ਤਹਿਤ ਹਰ 4-5 ਕਿਲੋਮੀਟਰ ਦੇ ਘੇਰੇ ਵਿੱਚ ਇਕ ਖੇਡ ਨਰਸਰੀ ਬਣਾਈ ਜਾ ਰਹੀ ਹੈ।

ਇਹ ਵੀ ਪੜ੍ਹੋ- IPL 2024 : ਮਾਰਚ ਦੇ ਪਹਿਲੇ ਹਫਤੇ ਤੋਂ ਬੁੱਕ ਹੋਣਗੀਆਂ ਟਿਕਟਾਂ, ਇਹ ਹੈ ਖਰੀਦਣ ਦਾ ਤਰੀਕਾ
ਖੇਡ ਮੰਤਰੀ ਨੇ ਕਿਹਾ ਕਿ ਪਹਿਲਾਂ ਪਹਿਲੇ ਪੜਾਅ ਵਿੱਚ 205 ਨਰਸਰੀਆਂ ਖੋਲ੍ਹਣ ਦੀ ਤਜਵੀਜ਼ ਸੀ ਜਿਸ ਸਬੰਧੀ ਬਾਕਾਇਦਾ ਭਰਤੀ ਲਈ ਇਸ਼ਤਿਹਾਰ ਵੀ ਦਿੱਤਾ ਗਿਆ। ਇਸ ਤੋਂ ਬਾਅਦ ਕਈ ਖਿਡਾਰੀਆਂ ਅਤੇ ਸਬੰਧਤ ਧਿਰਾਂ ਵੱਲੋਂ ਪਹੁੰਚ ਕਰਕੇ ਹੋਰ ਨਰਸਰੀਆਂ ਖੋਲ੍ਹਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਅਜਿਹੀਆਂ ਖੇਡਾਂ ਨੂੰ ਵੀ ਸ਼ਾਮਲ ਕਰਨ ਦੀ ਪੁਰਜ਼ੋਰ ਮੰਗ ਉੱਠੀ ਜਿਹੜੀਆਂ ਪਹਿਲੇ ਪੜਾਅ ਵਿੱਚ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹੁਣ ਖੇਡ ਵਿਭਾਗ ਪਹਿਲੇ ਪੜਾਅ ਵਿੱਚ 2024-25 ਸੈਸ਼ਨ ਵਿੱਚ ਹੀ 260 ਖੇਡ ਨਰਸਰੀਆਂ ਖੋਲ੍ਹਣ ਜਾ ਰਿਹਾ ਹੈ ਜਿਸ ਲਈ ਸੋਧਿਆ ਇਸ਼ਤਿਹਾਰ ਜਾਰੀ ਕਰਕੇ ਇਸ ਸਬੰਧੀ ਵੇਰਵੇ ਵਿਭਾਗ ਦੀ ਵੈੱਬਸਾਈਟ www.pbsports.punjab.gov.in ਉਪਰ ਪਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਕਿਸ਼ਨ ਤੇ ਅਈਅਰ BCCI ਦੇ ਕੇਂਦਰੀ ਕਰਾਰ ’ਚੋਂ ਬਾਹਰ
ਮੀਤ ਹੇਅਰ ਨੇ ਦੱਸਿਆ ਕਿ 260 ਖੇਡ ਨਰਸਰੀਆਂ ਲਈ 260 ਕੋਚ ਅਤੇ 26 ਸੁਪਰਵਾਈਜ਼ਰ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਖੇਡ ਅਨੁਸਾਰ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਖੇਡ ਨਰਸਰੀਆਂ ਲਈ ਅਥਲੈਟਿਕਸ ਲਈ 58, ਹਾਕੀ ਤੇ ਵਾਲੀਬਾਲ ਲਈ 22-22, ਕੁਸ਼ਤੀ ਤੇ ਬੈਡਮਿੰਟਨ ਲਈ 20, ਫੁੱਟਬਾਲ, ਮੁੱਕੇਬਾਜ਼ੀ ਤੇ ਬਾਸਕਟਬਾਲ ਲਈ 15-15, ਕਬੱਡੀ ਲਈ 12, ਤੀਰਅੰਦਾਜ਼ੀ ਤੇ ਤੈਰਾਕੀ ਲਈ 10-10, ਵੇਟਲਿਫਟਿੰਗ ਤੇ ਜੂਡੋ ਲਈ 5-5, ਜਿਮਨਾਸਟਿਕ, ਰੋਇੰਗ ਤੇ ਸਾਈਕਲਿੰਗ ਲਈ 4-4, ਹੈਂਡਬਾਲ, ਵੁਸ਼ੂ ਤੇ ਕ੍ਰਿਕਟ ਲਈ 3-3, ਖੋ ਖੋ, ਤਲਵਾਰਬਾਜ਼ੀ, ਟੈਨਿਸ ਤੇ ਟੇਬਲ ਟੈਨਿਸ ਲਈ 2-2, ਕਿੱਕ ਬਾਕਸਿੰਗ ਤੇ ਨੈੱਟਬਾਲ ਲਈ 1-1 ਕੋਚ ਦੀ ਭਰਤੀ ਕੀਤੀ ਜਾ ਰਹੀ ਹੈ।
ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਜਿਸ ਇਲਾਕੇ ਵਿੱਚ ਜਿਹੜੀ ਖੇਡ ਵੱਧ ਮਕਬੂਲ ਹੈ ਅਤੇ ਸਬੰਧਤ ਖੇਡ ਦੇ ਖਿਡਾਰੀਆਂ ਦੀ ਗਿਣਤੀ ਵੱਧ ਹੈ, ਉੱਥੇ ਉਸੇ ਖੇਡ ਦੀ ਨਰਸਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੀ ਸਫਲਤਾ ਤੋਂ ਬਾਅਦ ਵਿਭਾਗ ਕੋਲ ਡਾਟਾ ਮੌਜੂਦ ਹੈ ਕਿ ਕਿਸ ਇਲਾਕੇ ਵਿੱਚ ਕਿਹੜੀ ਖੇਡ ਵੱਧ ਖੇਡੀ ਜਾਂਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Aarti dhillon

Content Editor

Related News