ਪੰਜਾਬ ਲਈ ਖ਼ਤਮ ਹੋਵੇਗਾ ਟਰਾਫ਼ੀ ਦਾ ਇੰਤਜ਼ਾਰ! TEAM INDIA ਦੇ ਸਟਾਰ ਖਿਡਾਰੀ ਦੀ ਹੋਈ ਟੀਮ ''ਚ ਐਂਟਰੀ

Wednesday, Sep 30, 2026 - 04:20 PM (IST)

ਪੰਜਾਬ ਲਈ ਖ਼ਤਮ ਹੋਵੇਗਾ ਟਰਾਫ਼ੀ ਦਾ ਇੰਤਜ਼ਾਰ! TEAM INDIA ਦੇ ਸਟਾਰ ਖਿਡਾਰੀ ਦੀ ਹੋਈ ਟੀਮ ''ਚ ਐਂਟਰੀ

ਸਪੋਰਟਸ ਡੈਸਕ :  ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਨੇ ਰਣਜੀ ਟਰਾਫ਼ੀ ਖ਼ਿਤਾਬ ਦੇ 34 ਸਾਲ ਪੁਰਾਣੇ ਸੋਕੇ ਨੂੰ ਖ਼ਤਮ ਕਰਨ ਲਈ ਇੱਕ ਵੱਡਾ ਫੈਸਲਾ ਲੈਂਦਿਆਂ ਭਾਰਤ ਦੇ 38 ਸਾਲਾ ਅਨੁਭਵੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ 2026-27 ਘਰੇਲੂ ਸੀਜ਼ਨ ਲਈ ਬਤੌਰ ਗੈਸਟ ਖਿਡਾਰੀ ਟੀਮ ਵਿੱਚ ਸ਼ਾਮਲ ਕੀਤਾ ਹੈ। ਪੰਜਾਬ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪੀ.ਸੀ.ਏ. ਨੇ ਕਿਸੇ ਬਾਹਰੀ ਖਿਡਾਰੀ ਨੂੰ ਗੈਸਟ ਪਲੇਅਰ ਵਜੋਂ ਸਾਈਨ ਕੀਤਾ ਹੈ। ਵਿਦਰਭ ਕ੍ਰਿਕਟ ਐਸੋਸੀਏਸ਼ਨ ਤੋਂ ਨੋ-ਓਬਜੈਕਸ਼ਨ ਸਰਟੀਫਿਕੇਟ (NOC) ਮਿਲਣ ਤੋਂ ਬਾਅਦ ਉਮੇਸ਼ ਯਾਦਵ ਹੁਣ ਪੰਜਾਬ ਦੀ ਨੁਮਾਇੰਦਗੀ ਕਰਨਗੇ, ਜਿਸ ਦੀ ਪੁਸ਼ਟੀ ਪੀ.ਸੀ.ਏ. ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕੀਤੀ ਹੈ।

ਪੰਜਾਬ ਨੇ ਆਖਰੀ ਵਾਰ 1992 ਵਿੱਚ ਰਣਜੀ ਟਰਾਫ਼ੀ ਜਿੱਤੀ ਸੀ
ਪੀ.ਸੀ.ਏ. ਪ੍ਰਧਾਨ ਅਮਰਜੀਤ ਮਹਿਤਾ ਅਨੁਸਾਰ ਇਹ ਫੈਸਲਾ ਲਾਲ ਗੇਂਦ ਦੀ ਕ੍ਰਿਕਟ ਨੂੰ ਮਜ਼ਬੂਤ ਕਰਨ ਲਈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਗੁਰਨੂਰ ਬਰਾੜ ਭਾਰਤੀ ਟੀਮ ਦੀਆਂ ਰਾਸ਼ਟਰੀ ਜ਼ਿੰਮੇਵਾਰੀਆਂ ਕਾਰਨ ਅਕਸਰ ਉਪਲਬਧ ਨਹੀਂ ਹੁੰਦੇ, ਜਿਸ ਨਾਲ ਟੀਮ ਦਾ ਗੇਂਦਬਾਜ਼ੀ ਆਕਰਮਣ ਕਮਜ਼ੋਰ ਪੈ ਜਾਂਦਾ ਹੈ। ਭਾਰਤ ਲਈ 55 ਟੈਸਟ, 75 ਵਨਡੇ ਅਤੇ 9 ਟੀ-20 ਮੈਚ ਖੇਡ ਚੁੱਕੇ ਉਮੇਸ਼ ਯਾਦਵ ਦਾ ਵਿਸ਼ਾਲ ਅਨੁਭਵ ਟੀਮ ਦੇ ਨੌਜਵਾਨ ਖਿਡਾਰੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ।

ਟੀਮ ਦੇ ਕੋਚ ਅਮਿਤ ਉਨੀਆਲ ਅਨੁਸਾਰ ਉਮੇਸ਼ ਯਾਦਵ ਪੂਰੀ ਤਰ੍ਹਾਂ ਫਿੱਟ ਹਨ ਅਤੇ ਡਰੈਸਿੰਗ ਰੂਮ ਵਿੱਚ ਉਨ੍ਹਾਂ ਦੀ ਮੌਜੂਦਗੀ ਨਾਲ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਉਮੇਸ਼ ਯਾਦਵ ਜਲਦ ਹੀ ਪੰਜਾਬ ਦੇ ਰਣਜੀ ਟਰਾਫ਼ੀ ਕੈਂਪ ਵਿੱਚ ਸ਼ਾਮਲ ਹੋਣਗੇ। ਪੰਜਾਬ ਦੀ ਟੀਮ 2026-27 ਰਣਜੀ ਸੀਜ਼ਨ ਦਾ ਆਪਣਾ ਪਹਿਲਾ ਮੈਚ 11 ਅਕਤੂਬਰ ਤੋਂ ਨਿਊ ਚੰਡੀਗੜ੍ਹ ਵਿਖੇ ਅਸਾਮ ਵਿਰੁੱਧ ਖੇਡੇਗੀ।


author

Tarsem Singh

Content Editor

Related News