ਵਿਸ਼ਵ ਕੱਪ ਡਰਾਅ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ
Friday, Apr 01, 2022 - 05:20 PM (IST)
ਦੋਹਾ (ਭਾਸ਼ਾ) : ਮੱਧ ਪੂਰਬ ਵਿਚ ਹੋਣ ਵਾਲੇ ਪਹਿਲੇ ਵਿਸ਼ਵ ਕੱਪ ਫੁੱਟਬਾਲ ਦੇ ਡਰਾਅ ਲਈ ਕੋਚ ਅਤੇ ਅਧਿਕਾਰੀ ਕਤਰ ਵਿਚ ਇਕੱਠੇ ਹੋਏ ਹਨ, ਪਰ ਇਸ ਤੋਂ ਪਹਿਲਾਂ ਜ਼ਿਊਰਿਖ ਵਿਚ ਖੇਡ ਦੀ ਸਿਖਰਲੀ ਸੰਸਥਾ ਫੀਫਾ ਦੇ ਮੁੱਖ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤੇ ਗਏ।
ਡਰਾਅ ਲਈ ਆਯੋਜਿਤ ਸਮਾਗਮ ਵਿਚ ਕੁੱਲ 37 ਦੇਸ਼ ਹਿੱਸਾ ਲੈਣਗੇ ਪਰ ਇਨ੍ਹਾਂ ਵਿਚੋਂ 5 ਦੇਸ਼ 21 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿਚ ਨਹੀਂ ਖੇਡ ਸਕਣਗੇ। ਜੂਨ ਦੇ ਅੰਤ ਵਿਚ ਇੰਟਰਕੌਂਟੀਨੈਂਟਲ ਪਲੇਆਫ ਅਤੇ ਯੂਰਪੀਅਨ ਕੁਆਲੀਫਾਇਰ ਪੂਰੇ ਹੋਣ ਦੇ ਬਾਅਦ ਹੀ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ 32 ਟੀਮਾਂ ਦਾ ਪਤਾ ਲੱਗ ਜਾਵੇਗਾ।
ਟੀਮ ਨੂੰ 8 ਗਰੁੱਪਾਂ ਵਿਚ ਵੰਡਿਆ ਜਾਵੇਗਾ, ਜਿਸ ਵਿਚੋਂ 16 ਟੀਮਾਂ ਅੱਗੇ ਵਧਣਗੀਆਂ। ਡਰਾਅ ਤੋਂ ਪਹਿਲਾਂ ਜ਼ਿਊਰਿਖ ਵਿਚ ਫੀਫਾ ਹੈੱਡਕੁਆਰਟਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਹੋਏ। ਇਸ ਮੌਕੇ ਜਰਮਨ ਕਲਾਕਾਰ ਵੋਲਕਰ-ਜੋਹਾਨਸ ਟ੍ਰਿਏਬ ਨੇ ਕਤਰ ਵਿਚ ਵਿਸ਼ਵ ਕੱਪ ਦੇ ਬੁਨਿਆਦੀ ਢਾਂਚੇ ਨੂੰ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਦੁੱਖ ਦੇ ਵਿਰੋਧ ਵਿਚ ਰੇਤ ਨਾਲ ਭਰੀਆਂ ਗੇਂਦਾਂ ਦੀ ਵਰਤੋਂ ਕੀਤੀ।