ਪ੍ਰੀਤੀਸਮਿਤਾ ਭੋਈ ਨੇ ਵਿਸ਼ਵ ਯੁਵਾ ਚੈਂਪੀਅਨਸ਼ਿਪ ’ਚ ਕਲੀਨ ਐਂਡ ਜਰਕ ਵਿਸ਼ਵ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ

Friday, May 24, 2024 - 11:03 AM (IST)

ਲੀਮਾ (ਪੇਰੂ)–ਭਾਰਤੀ ਵੇਟਲਿਫਟਰ ਪ੍ਰੀਤੀਸਮਿਤਾ ਭੋਈ ਨੇ ਇਥੇ ਆਈ. ਡਬਲਯੂ. ਐੱਫ. ਵਿਸ਼ਵ ਯੁਵਾ ਚੈਂਪੀਅਨਸ਼ਿਪ ’ਚ ਔਰਤਾਂ ਦੇ 40 ਕਿਲੋਗ੍ਰਾਮ ਭਾਰ ਵਰਗ ’ਚ ਯੁਵਾ ਕਲੀਨ ਐਂਡ ਜਰਕ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤਿਆ। 15 ਸਾਲਾਂ ਦੀ ਪ੍ਰੀਤੀਸਮਿਤਾ ਨੇ 75 ਕਿਲੋਗ੍ਰਾਮ ਦੇ ਪਿਛਲੇ ਰਿਕਾਰਡ ’ਚ ਬੁੱਧਵਾਰ ਨੂੰ ਇਥੇ ਇਕ ਕਿਲੋਗ੍ਰਾਮ ਦਾ ਸੁਧਾਰ ਕੀਤਾ। ਉਨ੍ਹਾਂ ਨੇ ਮੁਕਾਬਲੇ ਦੇ ਪਹਿਲੇ ਦਿਨ ਸਨੈਚ ’ਚ ਵੀ 57 ਕਿਲੋਗ੍ਰਾਮ ਦੇ ਭਾਰ ਨਾਲ ਕੁਲ 133 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਕੁਲ ਭਾਰ ਦੇ ਵਿਸ਼ਵ ਰਿਕਾਰਡ ਦੀ 2 ਕਿਲੋਗ੍ਰਾਮ ਨਾਲ ਬਰਾਬਰੀ ਕਰਨ ਤੋਂ ਖੁੰਝ ਗਈ।
ਭਾਰਤ ਦੀ ਜਯੋਸ਼ਨਾ ਸਾਬਰ ਨੇ ਕੁੱਲ 125 ਕਿਲੋਗ੍ਰਾਮ (56 ਕਿਲੋ ਅਤੇ 69 ਕਿਲੋ) ਭਾਰ ਚੁੱਕ ਕੇ ਚਾਂਦੀ ਦਾ ਤਮਗਾ ਜਿੱਤਿਆ। ਤੁਰਕੀ ਦੀ ਫਾਤਮਾ ਕੋਲਕਾਕ ਕੁੱਲ 120 ਕਿਲੋਗ੍ਰਾਮ (55 ਕਿਲੋ ਅਤੇ 65 ਕਿਲੋ) ਭਾਰ ਚੁੱਕ ਕੇ ਕਾਂਸੀ ਦਾ ਤਮਗਾ ਜਿੱਤਣ ’ਚ ਸਫਲ ਰਹੀ। ਭਾਰਤ ਦੇ ਦੋ ਹੋਰ ਵੇਟਲਿਫਟਰਾਂ ਨੇ ਵੀ ਪਹਿਲੇ ਦਿਨ ਮੈਡਲ ਪੋਡੀਅਮ ’ਤੇ ਜਗ੍ਹਾ ਬਣਾਈ ਸੀ। ਪਾਇਲ ਨੇ ਔਰਤਾਂ ਦੇ 45 ਕਿਲੋ ਵਰਗ ’ਚ ਕੁੱਲ 147 ਕਿਲੋਗ੍ਰਾਮ (65 ਕਿਲੋ ਅਤੇ 82 ਕਿਲੋ) ਭਾਰ ਚੁੱਕ ਕੇ ਚਾਂਦੀ ਦਾ ਤਮਗਾ ਜਿੱਤਿਆ। ਕੋਲੰਬੀਆ ਦੀ ਲੋਰੇਨ ਐਸਟਰਾਡਾ ਨੇ ਕੁੱਲ 151 ਕਿਲੋਗ੍ਰਾਮ (67 ਕਿਲੋ ਅਤੇ 84 ਕਿਲੋ) ਨਾਲ ਆਪਣਾ ਦੂਜਾ ਵਿਸ਼ਵ ਖਿਤਾਬ ਜਿੱਤਿਆ। ਬਾਬੂਲਾਲ ਹੇਮਬਰੌਮ ਤਮਗਾ ਜਿੱਤਣ ਵਾਲਾ ਭਾਰਤ ਦਾ ਚੌਥਾ ਵੇਟਲਿਫਟਰ ਬਣ ਗਿਆ ਹੈ। ਉਸ ਨੇ ਪੁਰਸ਼ਾਂ ਦੇ 49 ਕਿਲੋਗ੍ਰਾਮ ਵਰਗ ’ਚ ਕੁਲ 193 ਕਿਲੋਗ੍ਰਾਮ (86 ਕਿਲੋ ਅਤੇ 107 ਕਿਲੋ) ਭਾਰ ਚੁੱਕ ਕੇ ਕਾਂਸੀ ਦਾ ਤਮਗਾ ਜਿੱਤਿਆ।


Aarti dhillon

Content Editor

Related News