ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਡਵੇਨ ਪ੍ਰੀਟੋਰੀਅਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Monday, Jan 09, 2023 - 05:18 PM (IST)

ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਡਵੇਨ ਪ੍ਰੀਟੋਰੀਅਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਜੋਹਾਨਸਬਰਗ (ਭਾਸ਼ਾ)- ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਡਵੇਨ ਪ੍ਰੀਟੋਰੀਅਸ ਨੇ 'ਟੀ-20 ਅਤੇ ਹੋਰ ਛੋਟੇ ਫਾਰਮੈਟਾਂ' 'ਤੇ ਧਿਆਨ ਦੇਣ ਲਈ ਤੁਰੰਤ ਪ੍ਰਭਾਵ ਨਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 2016 ਵਿੱਚ ਡੈਬਿਊ ਕਰਨ ਤੋਂ ਬਾਅਦ, 33 ਸਾਲਾ ਪ੍ਰੀਟੋਰੀਅਸ ਨੇ ਦੱਖਣੀ ਅਫਰੀਕਾ ਲਈ 30 ਟੀ-20 ਅੰਤਰਰਾਸ਼ਟਰੀ, 27 ਇੱਕ ਦਿਨਾ ਅੰਤਰਰਾਸ਼ਟਰੀ ਅਤੇ ਤਿੰਨ ਟੈਸਟ ਮੈਚ ਖੇਡੇ ਹਨ। 2021 ਵਿੱਚ ਪਾਕਿਸਤਾਨ ਵਿਰੁੱਧ 17 ਦੌੜਾਂ ਦੇ ਕੇ 5 ਵਿਕਟਾਂ ਲੈ ਕੇ ਪ੍ਰੀਟੋਰੀਅਸ ਨੇ ਦੱਖਣੀ ਅਫਰੀਕਾ ਲਈ ਪੁਰਸ਼ਾਂ ਦੇ ਟੀ-20 ਅੰਤਰਰਾਸ਼ਟਰੀ ਵਿੱਚ ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਆਪਣੇ ਨਾਂ ਕੀਤਾ।

ਪ੍ਰੀਟੋਰੀਅਸ ਨੇ ਸੋਮਵਾਰ ਨੂੰ ਕ੍ਰਿਕਟ ਦੱਖਣੀ ਅਫਰੀਕਾ (ਸੀ.ਐੱਸ.ਏ.) ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਆਪਣੇ ਕ੍ਰਿਕਟ ਕਰੀਅਰ ਦੇ ਸਭ ਤੋਂ ਮੁਸ਼ਕਲ ਫੈਸਲਿਆਂ ਵਿੱਚੋਂ ਇੱਕ ਲਿਆ। ਮੈਂ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਮੈਂ ਆਪਣੇ ਬਾਕੀ ਕਰੀਅਰ ਵਿਚ ਆਪਣਾ ਧਿਆਨ ਟੀ-20 ਅਤੇ ਹੋਰ ਛੋਟੇ ਫਾਰਮੈਟਾਂ 'ਤੇ ਲਗਾ ਰਿਹਾ ਹਾਂ। ਤੇਜ਼ ਗੇਂਦਬਾਜ਼ ਨੇ ਕਿਹਾ ਕਿ ਵੱਡੇ ਹੋ ਕੇ, ਮੇਰੇ ਜੀਵਨ ਦਾ ਇੱਕੋ ਇੱਕ ਟੀਚਾ ਦੱਖਣੀ ਅਫਰੀਕਾ ਲਈ ਖੇਡਣਾ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਕਿਵੇਂ ਹੋਵੇਗਾ ਪਰ ਪ੍ਰਮਾਤਮਾ ਨੇ ਮੈਨੂੰ ਪ੍ਰਤਿਭਾ ਅਤੇ ਸਫਲਤਾ ਹਾਸਲ ਕਰਨ ਲਈ ਇੱਛਾ ਸ਼ਕਤੀ ਦਿੱਤੀ।

ਇਸ ਆਲਰਾਊਂਡਰ ਨੇ ਕਿਹਾ ਕਿ ਰਾਸ਼ਟਰੀ ਟੀਮ ਤੋਂ ਸੰਨਿਆਸ ਲੈ ਕੇ ਉਹ ਆਪਣੇ ਕਰੀਅਰ ਅਤੇ ਪਰਿਵਾਰ ਨੂੰ ਬਿਹਤਰ ਤਰੀਕੇ ਨਾਲ ਸੰਤੁਲਿਤ ਕਰ ਸਕੇਗਾ, ਕਿਉਂਕਿ ਉਹ ਮੁਕਤ ਏਜੰਟ ਦੇ ਤੌਰ 'ਤੇ ਦੁਨੀਆ ਭਰ ਦੀ ਸਰਵੋਤਮ ਟੀ-20 ਲੀਗ 'ਚ ਖੇਡ ਸਕੇਗਾ। ਪ੍ਰੀਟੋਰੀਅਸ ਨੇ ਦੋ ਵਿਸ਼ਵ ਕੱਪ ਖੇਡੇ ਹਨ ਅਤੇ ਯੂ.ਏ.ਈ. ਵਿੱਚ 2021 ਟੀ-20 ਵਿਸ਼ਵ ਕੱਪ ਵਿੱਚ ਉਸ ਨੇ 9 ਵਿਕਟਾਂ ਲਈਆਂ ਸਨ। ਉਸ ਨੇ 164.15 ਦੀ ਸਟ੍ਰਾਈਕ ਰੇਟ ਨਾਲ 261 ਦੌੜਾਂ ਵੀ ਬਣਾਈਆਂ ਹਨ। ਉਹ ਫਿਲਾਹਾਲ ਇੰਡੀਅਨ ਪ੍ਰੀਮੀਅਰ ਲੀਗ (ਚੇਨਈ ਸੁਪਰ ਕਿੰਗਜ਼), ਦਿ ਹੰਡਰਡ (ਵੈਲਸ਼ ਫਾਇਰ), ਕੈਰੇਬੀਅਨ ਪ੍ਰੀਮੀਅਰ ਲੀਗ ਅਤੇ SA20 (ਡਰਬਨ ਸੁਪਰਜਾਇੰਟਸ) ਸਮੇਤ ਕਈ ਟੀ-20 ਫਰੈਂਚਾਇਜ਼ੀ ਟੂਰਨਾਮੈਂਟਾਂ ਨਾਲ ਜੁੜਿਆ ਹੋਇਆ ਹੈ।


author

cherry

Content Editor

Related News