ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਠੀਕ ਚਲ ਰਹੀਆਂ ਹਨ : ਸਾਕਸ਼ੀ

02/21/2018 11:32:48 AM

ਮੁੰਬਈ, (ਬਿਊਰੋ)— ਓਲੰਪਿਕ 'ਚ ਕਾਂਸੀ ਤਗਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਆਗਾਮੀ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਦੇ ਲਈ ਉਨ੍ਹਾਂ ਦੀਆਂ ਤਿਆਰੀਆਂ ਸਹੀ ਦਿਸ਼ਾ 'ਚ ਚਲ ਰਹੀਆਂ ਹਨ। 

ਸਾਕਸ਼ੀ ਨੇ ਪੱਤਰਕਾਰਾਂ ਨੂੰ ਕਿਹਾ, ''ਇਸ ਮਹੀਨੇ ਦੀ 26 ਤਰੀਕ ਨੂੰ ਮੈਂ ਏਸ਼ੀਆਈ ਚੈਂਪੀਅਨਸ਼ਿਪ ਦੇ ਲਈ ਰਵਾਨਾ ਹੋ ਰਹੀ ਹਾਂ ਜਿਸ ਤੋਂ ਬਾਅਦ ਮੈਨੂੰ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣਾ ਹੈ, ਇਸ ਲਈ ਤਿਆਰੀਆਂ ਜਾਰੀ ਹਨ। ਜੇਕਰ ਅਸੀਂ ਏਸ਼ੀਆਈ ਚੈਂਪੀਅਨਸ਼ਿਪ 'ਚ ਚੰਗਾ ਪ੍ਰਦਰਸ਼ਨ ਕਰਦੇ ਹਾਂ ਤਾਂ ਸਾਡਾ ਆਤਮਵਿਸ਼ਵਾਸ ਵਧੇਗਾ ਅਤੇ ਮੈਨੂੰ ਉਮੀਦ ਹੈ ਕਿ ਮੈਂ ਸੋਨ ਤਗਮਾ ਜਿੱਤਾਂਗੀ।''

ਸਾਕਸੀ ਨੇ ਕਿਹਾ, ਉਨ੍ਹਾਂ ਦਾ ਟੀਚਾ ਇਨ੍ਹਾਂ ਦੋਹਾਂ ਪ੍ਰਤੀਯੋਗਿਤਾਵਾਂ 'ਚ ਸੋਨ ਤਗਮਾ ਜਿੱਤਣ ਦਾ ਹੈ। ਸਾਕਸ਼ੀ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ 'ਚ ਉਨ੍ਹਾਂ ਨੂੰ ਮੁੱਖ ਚੁਣੌਤੀ ਕੈਨੇਡਾ ਅਤੇ ਨਾਈਜੀਰੀਆ ਦੀਆਂ ਪਹਿਲਵਾਨਾਂ ਤੋਂ ਮਿਲਣ ਦੀ ਸੰਭਾਵਨਾ ਹੈ ਜਦਕਿ ਏਸ਼ੀਆਈ ਖੇਡਾਂ 'ਚ ਜਾਪਾਨ ਅਤੇ ਚੀਨ ਦੇ ਪਹਿਲਵਾਨਾਂ ਤੋਂ ਚੁਣੌਤੀ ਮਿਲ ਸਕਦੀ ਹੈ। ਉਨ੍ਹਾਂ ਕਿਹਾ, ''ਦੋਹਾਂ ਪ੍ਰਤੀਯੋਗਿਤਾਵਾਂ ਦੇ ਲਈ ਤਿਆਰੀਆਂ ਲਗਭਗ ਇਕੋ ਜਿਹੀ ਹੈ ਪਰ ਅਸੀਂ ਉਨ੍ਹਾਂ ਦੇ ਵੀਡੀਓ ਦੇਖਾਂਗੇ।''  


Related News