ਚਿਕਨਗੁਨੀਆ ਦੇ ਅਸਰ ਤੋਂ ਉੱਭਰਨ ਲਈ ਪ੍ਰਣਯ ਨੇ ਲਈ ਬ੍ਰੇਕ

Monday, Aug 26, 2024 - 06:35 PM (IST)

ਨਵੀਂ ਦਿੱਲੀ–ਤਜਰਬੇਕਾਰ ਭਾਰਤੀ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣਯ ਨੇ ਸੋਮਵਾਰ ਨੂੰ ਕਿਹਾ ਕਿ ਉਹ ਚਿਕਨਗੁਨੀਆ ਦੇ ਅਸਰ ਤੋਂ ਪੂਰੀ ਤਰ੍ਹਾਂ ਨਾਲ ਠੀਕ ਹੋਣ ਲਈ ਖੇਡ ਤੋਂ ਬ੍ਰੇਕ ਲੈ ਰਿਹਾ ਹੈ। ਇਸ ਦੇ ਕਾਰਨ ਪੈਰਿਸ ਓਲੰਪਿਕ ਵਿਚ ਉਸਦੇ ਪ੍ਰਦਰਸ਼ਨ ’ਤੇ ਉਲਟ ਅਸਰ ਪਿਆ ਸੀ। ਵਿਸ਼ਵ ਤੇ ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ 32 ਸਾਲਾ ਪ੍ਰਣਯ ਪੈਰਿਸ ਓਲੰਪਿਕ ਤੋਂ ਠੀਕ ਪਹਿਲਾਂ ਜੋੜਾਂ ਵਿਚ ਗੰਭੀਰ ਦਰਦ ਪੈਦਾ ਕਰਨ ਵਾਲੇ ਮੱਛਰ ਤੋਂ ਪੈਦਾ ਹੋਈ ਬੀਮਾਰੀ ਤੋਂ ਇਕ ਹਫਤੇ ਤੱਕ ਪੀੜਤ ਰਿਹਾ ਸੀ ਤੇ ਇਸਦੇ ਕਾਰਨ ਉਸਦਾ ਸਰੀਰ ਕਮਜ਼ੋਰ ਹੋ ਗਿਆ ਸੀ।
ਪ੍ਰਣਯ ਨੇ ਕਿਹਾ, ‘ਮੰਦਭਾਗੀ ਚਿਕਨਗੁਨੀਆ ਨਾਲ ਲੜਾਈ ਵਿਚ ਮੇਰੇ ਸਰੀਰ ’ਤੇ ਬਹੁਤ ਬੁਰਾ ਅਸਰ ਪਿਆ ਹੈ, ਜਿਸ ਨਾਲ ਮੈਨੂੰ ਲਗਤਾਰ ਦਰਦ ਹੋ ਰਿਹਾ ਹੈ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਹਾਂ।’’ ਉਸ ਨੇ ਕਿਹਾ,‘‘ਆਪਣੀ ਟੀਮ ਦੇ ਨਾਲ ਸਭ ਤੋਂ ਵੱਧ ਸਾਵਧਾਨੀਪੂਰਵਕ ਵਿਚਾਰ-ਚਰਚਾ ਕਰਨ ਤੋਂ ਬਾਅਦ ਮੈਂ ਉੱਭਰਨ ਦੀ ਪ੍ਰਕਿਰਿਆ ’ਤੇ ਧਿਆਨ ਕੇਂਦ੍ਰਿਤ ਕਰਨ ਲਈ ਆਗਾਮੀ ਕੁਝ ਟੂਰਨਾਮੈਂਟਾਂ ਵਿਚੋਂ ਹਟਣ ਦਾ ਫੈਸਲਾ ਕੀਤਾ ਹੈ। ਇਸ ਚੁਣੌਤੀਪੂਰਨ ਸਮੇਂ ਦੌਰਾਨ ਮੈਨੂੰ ਸਮਝਣ ਤੇ ਸਮਰਥਨ ਲਈ ਧੰਨਵਾਦ। ਮੈਂ ਹੋਰ ਮਜ਼ਬੂਤ ਹੋ ਕੇ ਵਾਪਸ ਪਰਤਾਂਗਾ।’’
ਹਾਲਾਂਕਿ ਪ੍ਰਣਯ ਨੇ ਆਪਣੇ ਉੱਭਰਨ ਲਈ ਕੋਈ ਸਮਾਂ ਹੱਦ ਨਹੀਂ ਦੱਸੀ ਤੇ ਨਾ ਹੀ ਉਨ੍ਹਾਂ ਟੂਰਨਾਮੈਂਟਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਤੋਂ ਉਸ ਨੇ ਨਾਂ ਵਾਪਸ ਲਿਆ ਹੈ। ਵਿਸ਼ਵ ਚੈਂਪੀਅਨਸ਼ਿਪ 2023 ਦਾ ਕਾਂਸੀ ਤਮਗਾ ਜੇਤੂ ਕੇਰਲ ਦਾ ਇਹ ਬੈਡਮਿੰਟਨ ਖਿਡਾਰੀ ਕਈ ਬੀਮਾਰੀਆਂ ਤੋਂ ਪ੍ਰੇਸ਼ਾਨ ਰਿਹਾ ਹੈ, ਜਿਸ ਵਿਚ ਪੇਟ ਦੀ ਪੁਰਾਣੀ ਬੀਮਾਰੀ ਤੇ ਪਿੱਠ ਦੀ ਸੱਟ ਵੀ ਸ਼ਾਮਲ ਹੈ। ਪੈਰਿਸ ਖੇਡਾਂ ਦੌਰਾਨ ਪੂਰੀ ਤਰ੍ਹਾਂ ਨਾਲ ਫਿੱਟ ਨਾ ਹੋਣ ਦੇ ਬਾਵਜੂਦ ਪ੍ਰਣਯ ਨੇ ਆਪਣੇ ਦੋਵੇਂ ਗਰੁੱਪ ਮੈਚ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ, ਜਿੱਥੇ ਉਸ ਨੂੰ ਹਮਵਤਨ ਲਕਸ਼ੈ ਸੇਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 


Aarti dhillon

Content Editor

Related News