ਪੋਨੱਪਾ-ਸਿੱਕੀ ਦੀ ਸ਼ਾਨਦਾਰ ਸ਼ੁਰੂਆਤ, ਡੈਨਮਾਰ ਓਪਨ ਦੇ ਦੂਜੇ ਦੌਰ ''ਚ

10/17/2018 5:58:14 PM

ਨਵੀਂ ਦਿੱਲੀ : ਭਾਰਤ ਦੀ ਅਸ਼ਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਦੀ ਜੋੜੀ ਨੇ ਡੈੱਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਅਮਰੀਕੀ ਜੋੜੀ ਏਰੀਅਲ ਲੀ ਅਤੇ ਸਿਡਨੀ ਲੀ ਨੂੰ 21-7, 21-11 ਨਾਲ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ। ਪੋਨੱਪਾ ਅਤੇ ਸਿੱਕੀ ਨੇ ਬੁੱਧਵਾਰ ਨੂੰ ਇਹ ਮੁਕਾਬਲਾ ਇਕ ਪਾਸੜ ਅੰਦਾਜ਼ ਵਿਚ ਸਿਰਫ 20 ਮਿੰਟਾਂ ਵਿਚ ਜਿੱਤ ਲਿਆ। ਭਾਰਤੀ ਜੋੜੀ ਨੇ ਦੋਵਾਂ ਸੈੱਟਾਂ ਵਿਚ ਆਪਣੇ ਅੰਦਾਜ਼ ਵਿਚ ਅੰਕ ਬਟੋਰਦਿਆਂ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਕਲ ਸਾਬਕਾ ਚੈਂਪੀਅਨ ਅਤੇ 7ਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਨੇ ਡੈੱਨਮਾਰਕ ਦੇ ਹੇਂਸ ਕ੍ਰਿਸਟਿਅਨ ਨੂੰ 35 ਮਿੰਟਾਂ ਵਿਚ 21-16, 21-10 ਨਾਲ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ ਜਿੱਥੇ ਉਸ ਦਾ ਮੁਕਾਬਲਾ ਸਾਬਕਾ ਵਿਸ਼ਵ ਅਤੇ ਓਲੰਪਿਕ ਚੈਂਪੀਅਨ ਚੀਨ ਦੇ ਲਿਨ ਡੈਨ ਨਾਲ ਹੋਵੇਗਾ।

PunjabKesari

ਵਿਸ਼ਵ ਵਿਚ 6ਵੇਂ ਰੈਂਕ ਦੇ ਸ਼੍ਰੀਕਾਂਤ ਦਾ 14ਵੇਂ ਰੈਂਕ ਦੇ ਸੁਪਰ ਡੈਨ ਖਿਲਾਫ 1-3 ਦਾ ਕਰੀਅਰ ਰਿਕਾਰਡ ਹੈ। ਸ਼੍ਰੀਕਾਂਤ ਦਾ ਲਿਨ ਡੈਨ ਨਾਲ ਆਖਰੀ ਮੁਕਾਬਲਾ ਰਿਓ ਓਲੰਪਿਕ ਵਿਚ ਹੋਇਆ ਸੀ ਜਿੱਥੇ ਭਾਰਤੀ ਖਿਡਾਰੀ ਨੂੰ 3 ਸੈੱਟਾਂ ਵਿਚ ਹਾਰ ਮਿਲੀ ਸੀ। ਭਾਰਤ ਦੇ ਸਮੀਰ ਵਰਮਾ ਨੇ ਇਕ ਵੱਡਾ ਉਲਟਫੇਰ ਕਰਦਿਆਂ ਤੀਜੀ ਸੀਡ ਚੀਨ ਦੇ ਸ਼ੀ ਯੁਕੀ ਨੂੰ 44 ਮਿੰਟ ਵਿਚ 21-17, 21-18 ਨਾਲ ਹਰਾ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਜਿੱਥੇ ਉਸ ਦੇ ਸਾਹਮਣੇ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਦੀ ਚੁਣੌਤੀ ਹੋਵੇਗੀ। ਇਸ ਵਿਚਾਲੇ ਪੁਰਸ਼ ਡਬਲ ਵਿਚ ਮੰਨੂ ਅਤਰੀ, ਬੀ. ਸੁਮਿਤ ਰੈੱਡੀ ਅਤੇ ਮਿਕਸਡ ਡਬਲ ਵਿਚ ਅਸ਼ਵਨੀ ਪੋਨੱਪਾ ਅਤੇ ਸਾਤਵਿਕ ਸਾਈਰਾਜ ਰੈਂਕੀ ਰੈੱਡੀ ਨੂੰ ਪਹਿਲੇ ਹੀ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।


Related News