ਪਪੁਆ ਨਿਊ ਗਿਨੀ ਨੇ 2 ਵਾਰ ਦੀ ਚੈਂਪੀਅਨ ਨੂੰ ਦਿੱਤੀ ਸਖ਼ਤ ਚੁਣੌਤੀ, ਅੰਤ ''ਚ ਵਿੰਡੀਜ਼ ਹੱਥੋਂ ਹਾਰਿਆ ਮੁਕਾਬਲਾ
Monday, Jun 03, 2024 - 02:30 AM (IST)
ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ ਦਾ ਆਗਾਜ਼ ਹੋ ਚੁੱਕਾ ਹੈ। ਟੂਰਨਾਮੈਂਟ ਦੇ ਪਹਿਲੇ ਮੁਕਾਬਲੇ 'ਚ ਜਿੱਥੇ ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਮਾਤ ਦਿੱਤੀ ਸੀ, ਉੱਥੇ ਹੀ ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਨੂੰ ਪਪੂਆ ਨਿਊ ਗਿਨੀ ਖ਼ਿਲਾਫ਼ ਖੇਡੇ ਗਏ ਮੁਕਾਬਲੇ 'ਚ ਜਿੱਤ ਦਰਜ ਕਰਨ ਲਈ ਕਾਫ਼ੀ ਜ਼ੋਰ ਲਗਾਉਣਾ ਪਿਆ ਹੈ।
ਆਪਣਾ ਦੂਜਾ ਟੀ-20 ਵਿਸ਼ਵ ਕੱਪ ਖੇਡ ਰਹੀ ਪੀ.ਐੱਨ.ਜੀ. ਨੇ ਮਜ਼ਬੂਤ ਖਿਡਾਰੀਆਂ ਨਾਲ ਭਰੀ ਵੈਸਟਇੰਡੀਜ਼ ਨੂੰ ਦਬਾਅ ਵਿਚ ਪਾ ਕੇ ਚੰਗਾ ਪ੍ਰਦਰਸ਼ਨ ਕੀਤਾ ਤੇ ਅਜਿਹਾ ਲੱਗ ਰਿਹਾ ਸੀ ਕਿ ਕਿਤੇ ਟੂਰਨਾਮੈਂਟ ਦੇ ਸ਼ੁਰੂ ਵਿਚ ਹੀ ਉਲਟਫੇਰ ਦੇਖਣ ਨੂੰ ਨਾ ਮਿਲ ਜਾਵੇ। ਪਰ ਰੋਸਟਨ ਚੇਜ (ਅਜੇਤੂ 42) ਤੇ ਆਂਦ੍ਰੇ ਰਸੇਲ (ਅਜੇਤੂ 15) ਨੇ ਮਿਲ ਕੇ 6ਵੀਂ ਵਿਕਟ ਲਈ 18 ਗੇਂਦਾਂ ਵਿਚ 40 ਦੌੜਾਂ ਦੀ ਅਜੇਤੂ ਸਾਂਝੇਦਾਰੀ ਨਾਲ ਵੈਸਟਇੰਡੀਜ਼ ਨੂੰ ਜਿੱਤ ਤਕ ਪੁਹੰਚਾਇਆ।
ਵੈਸਟਇੰਡੀਜ਼ ਦੀ ਅੱਧੀ ਟੀਮ 97 ਦੌੜਾਂ ਤਕ ਪੈਵੇਲੀਅਨ ਪਹੁੰਚ ਗਈ ਸੀ ਪਰ ਚੇਜ਼ ਤੇ ਰਸੇਲ ਵੱਲੋਂ ਮਿਲ ਕੇ ਲਗਾਏ 3 ਛੱਕਿਆਂ ਤੇ 4 ਚੌਕਿਆਂ ਨਾਲ ਟੀਮ 19 ਓਵਰਾਂ ਵਿਚ 5 ਵਿਕਟਾਂ ’ਤੇ 137 ਦੌੜਾਂ ਬਣਾ ਕੇ ਜਿੱਤ ਨਾਲ ਮੁਹਿੰਮ ਸ਼ੁਰੂ ਕਰਨ ਵਿਚ ਕਾਮਯਾਬ ਰਹੀ। ਪੀ.ਐੱਨ.ਜੀ. ਦੇ ਕਪਤਾਨ ਅਸਦਾ ਵਾਲਾ ਨੇ ਟੀਮ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਵਿੰਡੀਜ਼ ਦੇ ਦੋ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ।
ਇਸ ਤੋਂ ਪਹਿਲਾਂ ਪੀ.ਐੱਨ.ਜੀ. ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਮੱਧਕ੍ਰਮ ਦੇ ਬੱਲੇਬਾਜ਼ ਸੇਸੇ ਬਾਊ (50) ਦੇ ਅਰਧ ਸੈਂਕੜੇ ਨਾਲ 8 ਵਿਕਟਾਂ ’ਤੇ 136 ਦੌੜਾਂ ਬਣਾਈਆਂ।
ਵੈਸਟਇੰਡੀਜ਼ ਲਈ ਚੰਗੀ ਸ਼ੁਰੂਆਤ ਕਰਨ ਵਾਲੇ ਬ੍ਰੈਂਡਨ ਕਿੰਗ (34) ਨੇ ਪਹਿਲੇ ਓਵਰ 'ਚ ਦੋ ਚੌਕੇ ਲਾਏ ਪਰ ਜਾਨਸਨ ਚਾਰਲਸ ਖਾਤਾ ਖੋਲ੍ਹੇ ਬਿਨਾਂ ਦੂਜੇ ਓਵਰ ਵਿਚ ਅਲੇਈ ਨਾਓ ਦੀ ਗੇਂਦ ’ਤੇ ਐੱਲ.ਬੀ.ਡਬਲਯੂ. ਆਊਟ ਹੋ ਗਿਆ। ਇਸੇ ਓਵਰ ਵਿਚਾਲੇ ਮੀਂਹ ਆ ਗਿਆ ਤੇ 20 ਮਿੰਟ ਦੇ ਅੜਿੱਕੇ ਤੋਂ ਬਾਅਦ ਇਹ ਓਵਰ ਪੂਰਾ ਹੋਇਆ।
ਕਿੰਗ ਨੇ ਤੀਜੇ ਓਵਰ ਦੀ ਪਹਿਲੀ ਗੇਂਦ ’ਤੇ ਕਾਬੂਆ ਮੋਰੀਆ ’ਤੇ ਕਵਰ ਤੇ ਮਿਡ ਆਫ ਦੇ ਵਿਚਾਲੇ ਵਿਚ ਚੌਕੇ ਲਈ ਭੇਜਣ ਤੋਂ ਬਾਅਦ ਪੁਆਇੰਟ ’ਤੇ ਇਕ ਹੋਰ ਚੌਕਾ ਲਾਇਆ। ਕਿੰਗ ਨੇ ਫਿਰ ਚੌਥੇ ਓਵਰ ਦੇ ਅੰਤ ਵਿਚ ਨਾਓ ’ਤੇ ਲਗਾਤਾਰ ਚੌਕੇ ਲਾਏ। ਨਿਕੋਲਸ ਪੂਰਨ (27) ਨੇ 6ਵੇਂ ਓਵਰ ਵਿਚ ਸੇਸੇ ਬਾਊ ਦੀ ਪਹਿਲੀ ਗੇਂਦ ’ਤੇ ਪੈਵੇਲੀਅਨ ਵੱਲ ਛੱਕਾ, ਦੂਜੀ ਗੇਂਦ ’ਤੇ ਗੇਂਦਬਾਜ਼ ਦੇ ਸਿਰ ਦੇ ਉੱਪਰ ਤੋਂ ਚੌਕਾ ਤੇ ਅਗਲੀ ਗੇਂਦ ’ਤੇ ਲਾਂਗ ਆਨ ’ਤੇ ਛੱਕਾ ਲਾ ਕੇ ਇਸ ਓਵਰ ਵਿਚ 18 ਦੌੜਾਂ ਜੋੜੀਆਂ।
ਪੀ.ਐੱਨ.ਜੀ. ਦੇ ਗੇਂਦਬਾਜ਼ਾਂ ਨੇ ਇਸ ਤੋਂ ਬਾਅਦ ਵੈਸਟਇੰਡੀਜ਼ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਕੀਤਾ ਤੇ ਅਗਲੇ 2 ਓਵਰਾਂ ਤਕ ਕੋਈ ਬਾਊਂਡਰੀ ਨਹੀਂ ਲੱਗਣ ਦਿੱਤੀ। ਇਸ ਦਬਾਅ ਦਾ ਉਨ੍ਹਾਂ ਨੂੰ ਫਾਇਦਾ ਮਿਲਿਆ। 9ਵੇਂ ਓਵਰ ਵਿਚ ਜਾਨ ਕਰਿਕੋ ਦੀ ਗੇਂਦ ’ਤੇ ਪੂਰਨ ਲਾਂਗ ਆਨ ਵਿਚ ਕੈਚ ਦੇ ਕੇ ਆਊਟ ਹੋ ਗਿਆ। 10ਵਾਂ ਓਵਰ ਮੇਡਨ ਰਿਹਾ, ਜਿਸ ਵਿਚ ਕਿੰਗ (29) ਅਸਦ ਵਾਲਾ ਦਾ ਸ਼ਿਕਾਰ ਬਣ ਗਿਆ।
ਵੈਸਟਇੰਡੀਜ਼ ਦਾ ਸਕੋਰ 10 ਓਵਰਾਂ ਵਿਚ 3 ਵਿਕਟਾਂ ’ਤੇ 63 ਦੌੜਾਂ ਸੀ। ਰੋਵਮੈਨ ਪਾਵੈਲ (15) ਤੇ ਸ਼ੇਰਫਾਨੇ ਰਦਰਫੋਰਡ ਦੇ ਆਊਟ ਹੋਣ ਤੋਂ ਬਾਅਦ ਸਕੋਰ 5 ਵਿਕਟਾਂ ’ਤੇ 97 ਦੌੜਾਂ ਹੋ ਗਿਆ ਸੀ। ਫਿਰ ਚੇਜ ਦੀ 42* (27 ਗੇਂਦਾਂ, 4 ਚੌਕੇ ਤੇ 2 ਛੱਕੇ) ਤੇ ਰਸੇਲ 15* (9 ਗੇਂਦਾਂ, 1 ਛੱਕਾ) ਦੀਆਂ ਪਾਰੀਆਂ ਨੇ ਟੀਮ ਨੂੰ ਟੀਚੇ ਤਕ ਪਹੁੰਚਾਇਆ। ਇਸ ਤਰ੍ਹਾਂ ਵੈਸਟਇੰਡੀਜ਼ ਦਾ ਖਾਤਾ ਜਿੱਤ ਨਾਲ ਖੁੱਲ੍ਹਿਆ ਹੈ, ਪਰ ਪੀ.ਐੱਨ.ਜੀ. ਦੀ ਟੀਮ ਵਿੰਡੀਜ਼ ਨੂੰ ਸਖ਼ਤ ਚੁਣੌਤੀ ਦੇਣ ਦੇ ਬਾਵਜੂਦ ਅੰਤ 'ਚ ਮੁਕਾਬਲਾ ਹਾਰ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e