ਭਾਰਤੀ ਪੈਰਾ ਐਥਲੀਟਾਂ ਨੂੰ ਮਿਲੇ ਪੀ. ਐੱਮ. ਮੋਦੀ, ਕਿਹਾ- ਤੁਸੀਂ ਵਧਾਇਆ ਦੇਸ਼ ਦਾ ਮਾਣ
Sunday, Sep 12, 2021 - 03:03 PM (IST)
ਸਪੋਰਟਸ ਡੈਸਕ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕ 'ਚ ਹਿੱਸਾ ਲੈਣ ਵਾਲੇ ਐਥਲੀਟਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਖਿਡਾਰੀਆਂ ਨੇ ਪੀ. ਐੱਮ. ਮੋਦੀ ਦੇ ਨਾਲ ਪੈਰਾਲੰਪਿਕ ਦੇ ਆਪਣੇ ਅਨੁਭਵਾਂ ਨੂੰ ਵੀ ਸ਼ੇਅਰ ਕੀਤਾ। ਭਾਰਤੀ ਐਥਲੀਟਾਂ ਨਾਲ ਮੁਲਾਕਾਤ ਦਾ ਵੀਡੀਓ ਪੀ. ਐੱਮ. ਮੋਦੀ ਨੇ ਸ਼ੇਅਰ ਕੀਤਾ ਹੈ। ਇਸ ਦੌਰਾਨ ਪੀ. ਐੱਮ. ਮੋਦੀ ਨੇ ਕਿਹਾ ਕਿ ਪੈਰਾਲੰਪਿਕ ਖਿਡਾਰੀਆਂ ਦੇ ਪ੍ਰਦਰਸ਼ਨ ਨੇ ਨਾ ਸਿਰਫ ਦੇਸ਼ ਦਾ ਮਨ ਜਿੱਤਿਆ ਹੈ ਸਗੋਂ ਸਾਰਿਆਂ ਦੀ ਸੋਚ ਵੀ ਬਦਲ ਕੇ ਰੱਖ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਖ਼ਤਮ ਹੋਈਆਂ ਇਨ੍ਹਾਂ ਖੇਡਾਂ 'ਚ ਭਾਰਤੀ ਪੈਰਾ ਖਿਡਾਰੀਆਂ ਨੇ ਕਮਾਲ ਕਰਦੇ ਹੋਏ 19 ਤਮਗ਼ੇ ਜਿੱਤੇ ਜਿਸ 'ਚ ਪੰਜ ਸੋਨ ਤਮਗ਼ੇ ਵੀ ਸ਼ਾਮਲ ਹਨ। ਪੈਰਾਲੰਪਿਕ ਖੇਡਾਂ 'ਚ ਭਾਰਤ ਦਾ ਇਹ ਅਜੇ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ ਹੈ।
Interacting with our champions… #Paralympics https://t.co/IKVreoh5f3
— Narendra Modi (@narendramodi) September 12, 2021
ਟੋਕੀਓ ਪੈਰਾਲੰਪਿਕ 'ਚ ਤਮਗ਼ਾ ਜਿੱਤਣ ਵਾਲੇ ਖਿਡਾਰੀ- ਅਵਨੀ ਲੇਖਰਾ, ਸਿੰਘਰਾਜ ਅਡਾਣਾ, ਸੁਮਿਤ ਅੰਤਿਲ, ਮਨੀਸ਼ ਨਰਪਾਲ, ਪ੍ਰਮੋਦ ਭਗਤ, ਕ੍ਰਿਸ਼ਨਾ ਨਾਗਰ, ਭਾਵਿਨਾ ਪਟੇਲ, ਨਿਸ਼ਾਦ ਕੁਮਾਰ, ਦਵਿੰਦਰ ਝਾਝਰੀਆ, ਯੋਗੇਸ਼ ਕਥੂਨੀਆ, ਮਰੀਅੱਪਨ ਅੰਗਵੇਲੂ, ਪ੍ਰਵੀਨ ਕੁਮਾਰ, ਸੁਹਾਸ ਯਤੀਰਾਜ, ਸੁੰਦਰ ਸਿੰਘ ਗੁਰਜਰ, ਸ਼ਰਦ ਕੁਮਾਰ, ਹਰਵਿੰਦਰ ਸਿੰਘ ਤੇ ਮਨੋਜ ਸਰਕਾਰ ਸ਼ਾਮਲ ਹਨ। ਟੋਕੀਓ ਪੈਰਾਲੰਪਿਕ 'ਚ ਗੌਤਮਬੁੱਧ ਨਗਰ ਦੇ ਜਿ਼ਲਾ ਅਧਿਕਾਰੀ ਸੁਹਾਸ ਯਤੀਰਾਜ ਨੇ ਬੈਡਮਿੰਟਨ 'ਚ ਪੁਰਸ਼ ਸਿੰਗਲਜ਼ ਦੀ ਐੱਸ. ਐੱਲ.-4 ਪ੍ਰਤੀਯੋਗਿਤਾ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ।
ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ 'ਚ ਪੁਰਸ਼ ਸਿੰਗਲਜ਼ ਐੱਸ.ਐੱਚ-6 ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗ਼ਾ ਆਪਣੇ ਨਾਂ ਕੀਤਾ ਸੀ। ਦੇਵੇਂਦਰ ਝਾਝਰੀਆ ਨੇ ਟੋਕੀਓ ਪੈਰਾਲੰਪਿਕ 'ਚ ਪੁਰਸ਼ਾਂ ਦੀ ਜੈਵਲਿਨ ਥ੍ਰੋਅ ਮੁਕਾਬਲੇ ਐੱਫ-46 'ਚ ਚਾਂਦੀ ਦਾ ਤਮਗ਼ਾ ਜਿੱਤ ਕੇ ਇਤਿਹਸ ਰਚ ਦਿੱਤਾ। ਉਨ੍ਹਾਂ ਨੇ ਇਸ ਪ੍ਰਤੀਯੋਗਿਤਾ 'ਚ ਅਜੇ ਤਕ ਤਿੰਨ ਤਮਗ਼ੇ ਜਿੱਤੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਏਥੇਂਸ ਓਲੰਪਿਕ ਤੇ ਲੰਡਨ ਓਲੰਪਿਕ ਦੇ ਦੌਰਾਨ ਸੋਨ ਤਮਗ਼ੇ ਜਿੱਤੇ ਸਨ।