IPL ਖੇਡਣ ਤੋਂ ਪਹਿਲਾਂ ਇਕਾਂਤਵਾਸ ''ਚੋਂ ਲੰਘਣਗੇ ਆਸਟਰੇਲੀਆ ਤੇ ਇੰਗਲੈਂਡ ਦੇ ਖਿਡਾਰੀ
Tuesday, Sep 08, 2020 - 10:26 PM (IST)
ਦੁਬਈ– ਇੰਗਲੈਂਡ ਵਿਚ ਸੀਮਤ ਓਵਰਾਂ ਦੀ ਦੋ-ਪੱਖੀ ਸੀਰੀਜ਼ ਖੇਡ ਰਹੇ ਆਸਟਰੇਲੀਆ ਤੇ ਇੰਗਲੈਂਡ ਦੇ ਖਿਡਾਰੀਆਂ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਆਈ. ਪੀ. ਐੱਲ. ਲਈ ਪਹੁੰਚਣ 'ਤੇ ਇਕਾਂਤਵਾਸ ਤੋਂ ਛੋਟ ਨਹੀਂ ਮਿਲੇਗੀ ਤੇ ਉਨ੍ਹਾਂ ਨੂੰ ਜ਼ਰੂਰੀ ਇਕਾਂਤਵਾਸ ਵਿਚੋਂ ਲੰਘਣਾ ਪਵੇਗਾ। ਇਸ ਨਾਲ ਆਈ. ਪੀ. ਐੱਲ. ਦੀਆਂ ਸੱਤ ਟੀਮਾਂ ਪ੍ਰਭਾਵਿਤ ਹੋਣਗੀਆਂ। ਸਿਰਫ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਉਸਦਾ ਕੋਈ ਵੀ ਖਿਡਾਰੀ ਇੰਗਲੈਂਡ-ਆਸਟਰੇਲੀਆ ਸੀਰੀਜ਼ ਵਿਚ ਨਹੀਂ ਖੇਡ ਰਿਹਾ ਹੈ।
ਸਮਝਿਆ ਜਾਂਦਾ ਹੈ ਕਿ ਆਈ. ਪੀ. ਐੱਲ. ਲਈ ਪ੍ਰੋਗਰਾਮ ਜੈਵ ਸੁਰੱਖਿਅਤ ਪ੍ਰੋਟੋਕਾਲ ਤੇ ਹੋਰਨਾਂ ਸਿਹਤ ਉਪਾਵਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ, ਇਸ ਲਈ ਇੰਗਲੈਂਡ ਤੋਂ ਯੂ. ਏ. ਈ. ਆਉਣ ਵਾਲੇ ਸਾਰੇ ਖਿਡਾਰੀਆਂ ਨੂੰ 6 ਦਿਨ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ। ਆਈ. ਪੀ. ਐੱਲ. ਦੀ ਮਾਨਕ ਸੰਚਾਲਨ ਪ੍ਰਕਿਰਿਆ (ਐੱਸ. ਓ. ਪੀ.) ਅਨੁਸਾਰ ਇਨ੍ਹਾਂ ਆਉਣ ਵਾਲੇ ਖਿਡਾਰੀਆਂ ਦਾ ਪਹਿਲੇ, ਤੀਜੇ ਤੇ ਛੇਵੇਂ ਦਿਨ ਕੋਵਿਡ-19 ਦਾ ਟੈਸਟ ਹੋਵੇਗਾ ਤੇ ਤਿੰਨੇ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਇਹ ਖਿਡਾਰੀ ਟੀਮਾਂ ਨਾਲ ਜੁੜ ਸਕਣਗੇ।
ਇੰਗਲੈਂਡ-ਆਸਟਰੇਲੀਆ ਸੀਰੀਜ਼ ਵਿਚ ਖੇਡ ਰਹੇ ਆਈ. ਪੀ. ਐੱਲ. ਦੇ ਕਰਾਰਬੱਧ ਖਿਡਾਰੀ ਇਸ ਤਰ੍ਹਾਂ ਹਨ : ਰਾਜਸਥਾਨ ਰਾਇਲਜ਼-ਸਟੀਵ ਸਮਿਥ, ਐਂਡ੍ਰਿਓ ਟਾਏ, ਜੋਸ ਬਟਲਰ, ਟਾਮ ਕਰੇਨ, ਜੋਫ੍ਰਾ ਆਰਚਰ। ਰਾਇਲ ਚੈਲੰਜ਼ਰਜ਼ ਬੈਂਗਲੁਰੂ-ਆਰੋਨ ਫਿੰਚ, ਜੋਸ਼ੂਆ ਫਿਲਿਪ, ਐਡਮ ਜਾਂਪਾ, ਮੋਇਨ ਅਲੀ। ਸਨਰਾਈਜ਼ਰਜ਼ ਹੈਦਰਾਬਾਦ- ਪੈਟ ਕਮਿੰਸ, ਇਯੋਨ ਮੋਰਗਨ, ਟਾਮ ਬੈਂਟਨ। ਕਿੰਗਜ਼ ਇਲੈਵਨ ਪੰਜਾਬ- ਗਲੇਨ ਮੈਕਸਵੈੱਲ, ਕ੍ਰਿਸ ਜੌਰਡਨ। ਚੇਨਈ ਸੁਪਰ ਕਿੰਗਜ਼-ਜੋਸ਼ ਹੇਜ਼ਲਵੁਡ, ਸੈਮ ਕਿਊਰੇਨ। ਦਿੱਲੀ ਕੈਪੀਟਲਸ-ਮਾਰਕ ਸਟਾਇੰਸ, ਐਲਕਸ ਕੇਰੀ।