ਲਗਾਤਾਰ ਪਿੱਠ ਦਰਦ ਦੀ ਸ਼ਿਕਾਇਤ ਤੋਂ ਬਾਅਦ ਪੀਟਰ ਸੀਲਾਰ ਨੇ ਲਿਆ ਸੰਨਿਆਸ
Monday, Jun 20, 2022 - 03:31 PM (IST)
ਐਮਸਟਰਡਮ (ਏਜੰਸੀ)- ਨੀਦਰਲੈਂਡ ਦੇ ਕਪਤਾਨ ਅਤੇ ਗੇਂਦਬਾਜ਼ ਪੀਟਰ ਸੀਲਾਰ ਨੇ ਪਿੱਠ ਦੇ ਦਰਦ ਦੇ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਨੀਦਰਲੈਂਡ ਕ੍ਰਿਕਟ ਬੋਰਡ ਵੱਲੋਂ ਜਾਰੀ ਬਿਆਨ ਮੁਤਾਬਕ ਸੀਲਾਰ ਨੇ ਕਿਹਾ, ''2020 ਤੋਂ ਮੇਰੀ ਪਿੱਠ ਦੀ ਸਮੱਸਿਆ ਇੰਨੀ ਵਧ ਗਈ ਹੈ ਕਿ ਅਫਸੋਸ, ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਦੇ ਪਾ ਰਿਹਾ ਹਾਂ।''
ਸੀਲਾਰ ਨੇ ਆਪਣਾ ਆਖ਼ਰੀ ਮੈਚ ਇੰਗਲੈਂਡ ਖਿਲਾਫ ਖੇਡਿਆ ਸੀ। ਉਸਨੇ 17 ਜੂਨ ਨੂੰ ਇੰਗਲੈਂਡ ਦੇ ਖਿਲਾਫ਼ ਪਹਿਲੇ ਵਨਡੇ ਵਿੱਚ ਟੀਮ ਦੀ ਕਪਤਾਨੀ ਕੀਤੀ ਸੀ, ਪਰ ਪਿੱਠ ਵਿੱਚ ਦਰਦ ਕਾਰਨ ਦੂਜੇ ਮੈਚ ਤੋਂ ਬਾਹਰ ਰਿਹਾ ਅਤੇ ਉਸ ਦੀ ਗੈਰ-ਮੌਜੂਦਗੀ ਵਿੱਚ ਸਕਾਟ ਐਡਵਰਡਸ ਨੇ ਕਪਤਾਨੀ ਕੀਤੀ ਸੀ। 34 ਸਾਲਾ ਸੀਲਾਰ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 2006 'ਚ ਸ਼੍ਰੀਲੰਕਾ ਖਿਲਾਫ ਹੋਈ ਸੀ। ਸੀਲਾਰ ਨੇ 132 ਮੈਚਾਂ ਦੇ ਕਰੀਅਰ ਵਿੱਚ 115 ਵਿਕਟਾਂ ਲਈਆਂ। ਵਨਡੇ ਮੈਚਾਂ ਵਿੱਚ ਸੀਲਰ ਦਾ ਸਰਵੋਤਮ ਪ੍ਰਦਰਸ਼ਨ 2011-2013 ਵਿਚ ਨੀਦਰਲੈਂਡ ਦੀ ਵਿਸ਼ਵ ਕ੍ਰਿਕਟ ਲੀਗ ਚੈਂਪੀਅਨਸ਼ਿਪ ਵਿੱਚ ਆਇਆ। ਉਸ ਨੇ ਅਗਸਤ 2013 'ਚ ਕੈਨੇਡਾ ਖਿਲਾਫ ਖੇਡੇ ਗਏ ਮੈਚ 'ਚ 4 ਓਵਰਾਂ 'ਚ ਸਿਰਫ਼ 15 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਸਨ।