ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਨੂੰ ਹਸਪਤਾਲ ਤੋਂ ਮਿਲੀ ਛੁੱਟੀ
Tuesday, Mar 01, 2022 - 04:53 PM (IST)
ਰੀਓ ਡੀ ਜਨੇਰੋ (ਵਾਰਤਾ)- ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਨੂੰ ਪਿਸ਼ਾਬ ਨਾਲੀ ਦੀ ਲਾਗ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। 13 ਫਰਵਰੀ ਨੂੰ ਪੇਲੇ ਨੂੰ ਕੈਂਸਰ ਦੇ ਇਲਾਜ ਲਈ ਸਾਓ ਪਾਉਲੋ ਦੇ ਅਲਬਰਟ ਆਈਨਸਟਾਈਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ 81 ਸਾਲਾ ਖਿਡਾਰੀ ਨੂੰ ਲਾਗ ਦਾ ਸਾਹਮਣਾ ਕਰਨਾ ਪਿਆ।
ਹਸਪਤਾਲ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ। ਉਹ ਪਿਸ਼ਾਬ ਨਾਲੀ ਦੀ ਲਾਗ ਤੋਂ ਠੀਕ ਹੋ ਚੁੱਕੇ ਹਨ ਪਰ ਕੋਲਨ ਟਿਊਮਰ ਲਈ ਉਨ੍ਹਾਂ ਦਾ ਇਲਾਜ ਅਜੇ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੇਲੇ ਨੂੰ ਸ਼ਨੀਵਾਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ 3 ਵਾਰ ਵਿਸ਼ਵ ਕੱਪ ਜੇਤੂ ਖਿਡਾਰੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਸਿਹਤ ਦੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਸਭ ਤੋਂ ਮਹਾਨ ਖਿਡਾਰੀਆਂ ਵਿਚੋਂ, ਪੇਲੇ ਨੇ 1363-ਮੈਚਾਂ ਵਿਚ 1281 ਗੋਲ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ, ਜੋ 21 ਸਾਲ ਤੱਕ ਚੱਲਿਆ। ਉਹ ਬ੍ਰਾਜ਼ੀਲ ਲਈ 91 ਵਾਰ ਖੇਡੇ ਅਤੇ 77 ਅੰਤਰਰਾਸ਼ਟਰੀ ਗੋਲ ਕੀਤੇ।