PCB ਨੇ ਨਿਰਪੱਖ ਸਥਾਨ ’ਤੇ ਭਾਰਤ ਦੇ ਮੈਚਾਂ ਦੇ ਨਾਲ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਪ੍ਰਸਤਾਵ ਦਿੱਤਾ : ਸੇਠੀ

Saturday, Apr 22, 2023 - 08:57 PM (IST)

PCB ਨੇ ਨਿਰਪੱਖ ਸਥਾਨ ’ਤੇ ਭਾਰਤ ਦੇ ਮੈਚਾਂ ਦੇ ਨਾਲ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਪ੍ਰਸਤਾਵ ਦਿੱਤਾ : ਸੇਠੀ

ਕਰਾਚੀ –ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਭਾਰਤ ਦੇ ਮੈਚਾਂ ਦਾ ਆਯੋਜਨ ਨਿਰਪੱਖ ਸਥਾਨ ’ਤੇ ਕਰਵਾਉਣ ਦੇ ਨਾਲ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਪ੍ਰਸਤਾਵ ਸ਼ੁੱਕਰਵਾਰ ਨੂੰ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਨੂੰ ਦਿੱਤਾ ਹੈ। ਪੀ. ਸੀ. ਬੀ. ਮੁਖੀ ਸੇਠੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਪ੍ਰਸਤਾਵ ਨੂੰ ਏ. ਸੀ. ਸੀ. ਕੋਲ ਭੇਜਿਆ ਹੈ। ਇਸ ਵਿਚ ਭਾਰਤ ਆਪਣੇ ਮੈਚ ਨਿਰਪੱਖ ਸਥਾਨ ’ਤੇ ਖੇਡ ਸਕਦਾ ਹੈ ਜਦਕਿ ਬਾਕੀ ਟੀਮਾਂ ਪਾਕਿਸਤਾਨ ਵਿਚ ਖੇਡਣਗੀਆਂ।

ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਅਾਈ.) ਨੇ ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਤਣਾਅ ਦੇ ਕਾਰਨ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਮਹਾਦੀਪੀ ਟੂਰਨਾਮੈਂਟ ਨੂੰ ਨਿਰਪੱਖ ਸਥਾਨ ’ਤੇ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ। ਸੇਠੀ ਨੇ ਇੱਥੇ ਕਿਹਾ,‘‘ਅਸੀਂ ਇਸ ਨੂੰ ‘ਹਾਈਬ੍ਰਿਡ ਮਾਡਲ’ ਉੱਤੇ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿੱਥੇ ਪਾਕਿਸਤਾਨ ਏਸ਼ੀਆ ਕੱਪ ਦੇ ਮੈਚ ਆਪਣੇ ਘਰੇਲੂ ਮੈਦਾਨ ’ਤੇ ਅਤੇ ਭਾਰਤ ਆਪਣੇ ਮੈਚ ਨਿਰਪੱਖ ਸਥਾਨ ’ਤੇ ਖੇਡੇਗਾ। ਏਸ਼ੀਆਈ ਕ੍ਰਿਕਟ ਪ੍ਰੀਸ਼ਦ ਨੂੰ ਇਹ ਸਾਡਾ ਪ੍ਰਸਤਾਵ ਹੈ।’’

ਏਸ਼ੀਆ ਕੱਪ ਦਾ ਆਯੋਜਨ 2 ਤੋਂ 17 ਸਤੰਬਰ ਤਕ ਪ੍ਰਸਤਾਵਿਤ ਹੈ, ਜਿਸ ਵਿਚ 6 ਟੀਮਾਂ ਹਿੱਸਾ ਲੈਣਗੀਆਂ। ਆਯੋਜਨ ਸਥਾਨ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਦੇ ਕਾਰਨ ਹਾਲਾਂਕਿ ਅਜੇ ਮੈਚਾਂ ਦੇ ਸਟੀਕ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪਾਕਿਸਤਾਨ ਤੇ ਭਾਰਤ ਤੋਂ ਇਲਾਵਾ ਏਸ਼ੀਆ ਕੱਪ ਵਿਚ ਸ਼੍ਰੀਲੰਕਾ, ਅਫਗਾਨਿਸਤਾਨ, ਬੰਗਲਾਦੇਸ਼ ਦੇ ਨਾਲ ਇਕ ਕੁਆਲੀਫਾਇਰ ਟੀਮ ਹਿੱਸਾ ਲਵੇਗੀ। ਕੁਆਲੀਫਾਇੰਗ ਟੂਰਨਾਮੈਂਟ ਨੇਪਾਲ ਵਿਚ ਜਾਰੀ ਹੈ।


author

Tarsem Singh

Content Editor

Related News