PCB ਨੂੰ ਦੱਖਣੀ ਅਫਰੀਕਾ ਦੇ ਪਾਕਿਸਤਾਨ ਦੌਰੇ ''ਤੇ ਆਉਣ ਦੀ ਉਮੀਦ
Saturday, Dec 14, 2019 - 05:15 PM (IST)

ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ ਨੂੰ ਉਮੀਦ ਹੈ ਕਿ ਦੱਖਣੀ ਅਫਰੀਕਾ ਅਗਲੇ ਸਾਲ ਮਾਰਚ ਵਿਚ ਸੰਖੇਪ ਲੜੀ ਲਈ ਆਪਣੀ ਟੀਮ ਪਾਕਿਸਤਾਨ ਦੌਰੇ 'ਤੇ ਭੇਜੇਗਾ। ਇਸ ਦੌਰੇ 'ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣੀ ਹੈ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਦੱਖਣੀ ਅਫਰੀਕਾ ਨੇ ਪਾਕਿਸਤਾਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ, ਜਿਸ 'ਤੇ ਪੀ. ਸੀ. ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਕਿਹਾ ਕਿ ਦੱਖਣੀ ਅਫਰੀਕੀ ਬੋਰਡ ਨਾਲ ਗੱਲਬਾਤ ਜਾਰੀ ਹੈ।
ਖਾਨ ਨੇ ਕਿਹਾ, ''ਉਨ੍ਹਾਂ ਨੇ ਸਾਡੀ ਬੇਨਤੀ 'ਤੇ ਹਾਂ ਪੱਖੀ ਰਵੱਈਆ ਅਪਣਾਇਆ ਹੈ। ਅਸੀਂ ਇਸ ਗੱਲ ਨੂੰ ਲੈ ਕੇ ਯਕੀਨੀ ਹਾਂ ਕਿ ਉਹ ਟੀ-20 ਸੀਰੀਜ਼ ਲਈ ਇੱਥੇ ਆਉਣੇ। ਪਾਕਿਸਤਾਨ ਨੇ ਆਇਰਲੈਂਡ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਨੂੰ ਵੀ ਟੈਸਟ ਅਤੇ ਸੀਮਤ ਓਵਰਾਂ ਦੀ ਸੀਰੀਜ਼ ਲਈ ਸੱਦਾ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਜਨਵਰੀ-ਫਰਵਰੀ ਵਿਚ 2 ਟੈਸਟ ਮੈਚ ਅਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਲਈ ਬੰਗਲਾਦੇਸ਼ ਦੀ ਮੇਜ਼ਬਾਨੀ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਬੰਗਲਾਦੇਸ਼ ਜਲਦੀ ਹੀ ਇਸ ਸੀਰੀਜ਼ ਲਈ ਹਾਮੀ ਭਰ ਦੇਵੇਗਾ।''
ਉਨ੍ਹਾਂ ਕਿਹਾ, ''ਸਾਡੀ ਮੁੱਖ ਪਹਿਲ ਇਹ ਹੈ ਕਿ ਪਾਕਿਸਤਾਨ ਵਿਚ ਟੈਸਟ ਅਤੇ ਕੌਮਾਂਤਰੀ ਕ੍ਰਿਕਟ ਰੈਗੁਲਰ ਤੌਰ 'ਤੇ ਖੇਡਿਆ ਜਾਵੇ। ਕਿਸੇ ਵੀ ਟੀਮ ਦੇ ਪਾਕਿਸਤਾਨ ਆਉਣ ਵਿਚ ਕੋਈ ਸਮੱਸਿਆ ਨਹੀਂ ਹੈ।''