ਚੋਰੀ ਦਾ ਇਲਜ਼ਾਮ ਲੱਗਣ ਤੋਂ ਬਾਅਦ ਕਸ਼ਮੀਰ ਦੇ ਇਸ ਕ੍ਰਿਕਟਰ ਨੇ BCCI ਤੋਂ ਮੰਗੀ ਮਦਦ

Sunday, Aug 22, 2021 - 11:11 AM (IST)

ਨਵੀਂ ਦਿੱਲੀ-  ਭਾਰਤ ਲਈ ਵਨ-ਡੇ ਤੇ ਟੀ20 ਮੁਕਾਬਲੇ ਖੇਡ ਚੁੱਕੇ ਜੰਮੂ-ਕਸ਼ਮੀਰ ਦੇ ਸਪਿਨ ਆਲਰਾਊਂਡਰ ਪਰਵੇਜ਼ ਰਸੂਲ ਨੇ ਆਪਣੇ 'ਤੇ ਚੋਰੀ ਦਾ ਇਲਜ਼ਾਮ ਲਾਏ ਜਾਣ ਤੋਂ ਬਾਅਦ ਬੀ. ਸੀ. ਸੀ. ਆਈ. ਤੋਂ ਮਦਦ ਕਰਨ ਦੀ ਅਪੀਲ ਕੀਤੀ ਹੈ। ਪਰਵੇਜ਼ ਰਸੂਲ ਨੂੰ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਕ ਨੋਟਿਸ ਭੇਜਿਆ ਗਿਆ ਸੀ ਜਿਸ 'ਚ ਕਿਹਾ ਗਿਆ ਸੀ ਕਿ ਉਹ ਸੰਘ ਦੇ ਪਿਚ ਰੋਲਰ ਨੂੰ ਇਕ ਹਫਤੇ ਦੇ ਅੰਦਰ ਵਾਪਸ ਦੇਵੇ ਨਹੀਂ ਤਾਂ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਵੇਜ ਨੇ ਆਪਣੇ 'ਤੇ ਦੋਸ਼ ਲਾਏ ਗਏ ਦੋਸ਼ ਨੂੰ ਗਲਤ ਕਰਾਰ ਦਿੱਤਾ ਤੇ ਭਾਰਤੀ ਕ੍ਰਿਕਟ ਬੋਰਡ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ 'ਚ ਦਖਲ ਦੇਵੇ।

ਪਰਵੇਜ਼ ਰਸੂਲ ਨੇ ਆਪਣੇ 'ਤੇ ਲਾਏ ਗਏ ਇਲਜ਼ਾਮਾਂ ਨੂੰ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਬੀ. ਸੀ. ਸੀ. ਆਈ. ਨੂੰ ਹੁਣ ਇਸ ਮਾਮਲੇ 'ਚ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਤੁਸੀਂ ਮੇਰੇ ਕੰਮ ਨੂੰ ਦੇਖੋ ਕਿ ਕਿਸ ਤਰ੍ਹਾਂ ਨਾਲ ਮੈਂ ਜੰਮੂ-ਕਸ਼ਮੀਰ ਕ੍ਰਿਕਟ ਨੂੰ ਪ੍ਰਮੋਟ ਕਰਨ 'ਚ ਲੱਗਾ ਹਾਂ। ਮੈਂ ਆਪਣੇ ਖਰਚੇ ਨਾਲ ਮੈਦਾਨ ਬਣਵਾਇਆ ਤੇ ਇੱਥੇ ਜੋ ਵੀ ਰੋਜ਼ ਦੇ ਖਰਚੇ ਹੁੰਦੇ ਹਨ ਮੈਂ ਖੁਦ ਚੁੱਕ ਰਿਹਾ ਹਾਂ। ਮੈਂ ਖਿਡਾਰੀਆਂ ਦੀ ਮਦਦ ਕਰਦਾ ਹਾਂ ਤੇ ਇਸ ਲਈ ਕੋਈ ਪੈਸਾ ਨਹੀਂ ਲੈਂਦਾ। ਪਿਚ ਰੋਲਰ ਕੋਈ ਟੈਨਿਸ ਬਾਲ ਤਾਂ ਹੈ ਨਹੀਂ ਜਿਸ ਨੂੰ ਆਪਣੀ ਜੇਬ 'ਚ ਲੁਕਾ ਲਵਾਂਗਾ। ਇਹ ਮੈਦਾਨ 'ਤੇ ਇਸਤੇਮਾਲ ਲਈ ਹੈ ਤੇ ਕ੍ਰਿਕਟ ਨੂੰ ਅੱਗੇ ਲੈ ਜਾਣ ਲਈ ਹੈ। ਮੈਨੂੰ ਨਹੀਂ ਪਤਾ ਕਿ ਇਹ ਸਾਰੀਆਂ ਚੀਜ਼ਾਂ ਕਿਉਂ ਹੋ ਰਹੀਆਂ ਹਨ। ਮੈਨੂੰ ਫਿਰ ਤੋਂ ਦੂਜਾ ਨੋਟਿਸ ਭੇਜਿਆ ਗਿਆ ਹੈ ਜਿਸ 'ਚ ਮੈਨੂੰ ਯਾਦ ਕਰਵਾਇਆ ਗਿਆ ਹੈ ਕਿ ਤੁਹਾਨੂੰ 5 ਜੁਲਾਈ ਨੂੰ ਇਸ ਸਬੰਧ 'ਚ ਪਹਿਲਾਂ ਹੀ ਨੋਟਿਸ ਭੇਜਿਆ ਜਾ ਚੁੱਕਾ ਹੈ।

ਪਰਵੇਜ਼ ਰਸੂਲ ਨੇ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਪੰਜ ਜੁਲਾਈ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ ਜਦਕਿ ਸੰਘ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਲਈ ਉਨ੍ਹਾਂ ਨੂੰ ਈ-ਮੇਲ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪਰਵੇਜ਼ ਰਸੂਲ ਨੇ ਭਾਰਤ ਲਈ ਇਕ ਵਨ-ਡੇ ਤੇ ਇਕ ਟੀ20 ਮੈਚ ਖੇਡਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫਿਰ ਤੋਂ ਟੀਮ ਇੰਡੀਆ 'ਚ ਖੇਡਣ ਦਾ ਮੌਕਾ ਹੁਣ ਤਕ ਨਹੀਂ ਮਿਲਿਆ ਹੈ।


Tarsem Singh

Content Editor

Related News