ਜਿਸ ਦਿਨ ਮਾਪੇ ਖੇਡਾਂ ’ਤੇ ਜ਼ਿਆਦਾ ਜ਼ੋਰ ਦੇਣ ਲੱਗਣਗੇ, ਭਾਰਤ ’ਚੋਂ ਨਿਕਲਣਗੇ ਚੈਂਪੀਅਨ : ਕਪਿਲ ਦੇਵ
Thursday, May 19, 2022 - 04:26 PM (IST)
ਨਿਊਯਾਰਕ (ਭਾਸ਼ਾ)-ਮਹਾਨ ਕ੍ਰਿਕਟਰ ਕਪਿਲ ਦੇਵ ਨੂੰ ਲੱਗਦਾ ਹੈ ਕਿ ਜਿਸ ਦਿਨ ਤੋਂ ਭਾਰਤ ਵਿਚ ਬੱਚਿਆਂ ਦੇ ਮਾਤਾ-ਪਿਤਾ ਖੇਡਾਂ ਉੱਤੇ ਜ਼ਿਆਦਾ ਜ਼ੋਰ ਦੇਣਾ ਸ਼ੁਰੂ ਕਰ ਦੇਣਗੇ, ਉਸ ਦਿਨ ਤੋਂ ਦੇਸ਼ ਵਿਚ ਵੱਖ-ਵੱਖ ਮੁਕਾਬਲਿਆਂ ਵਿਚ ਹੋਰ ਜ਼ਿਆਦਾ ਚੈਂਪੀਅਨ ਨਿਕਲਣ ਲੱਗਣਗੇ। ਕਪਿਲ ਨੇ ਕਿਹਾ ਕਿ ਹਾਲਾਂਕਿ ਭਾਰਤ ਵਿਚ ਬੱਚਿਆਂ ਦੇ ਮਾਤਾ-ਪਿਤਾ ਦੀ ਖੇਡਾਂ ਪ੍ਰਤੀ ਮਾਨਸਿਕਤਾ ਪਿਛਲੇ ਕੁਝ ਸਾਲਾਂ ਵਿਚ ਤੇਜ਼ੀ ਨਾਲ ਬਦਲੀ ਹੈ ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਇਸ ਮਹਾਨ ਕ੍ਰਿਕਟਰ ਨੇ ਇਹ ਟਿੱਪਣੀ ਭਾਰਤੀ ਪੁਰਸ਼ ਬੈਡਮਿੰਟਨ ਟੀਮ ਦੀ ਐਤਵਾਰ ਨੂੰ ਮਿਲੀ ਇਤਿਹਾਸਕ ਥਾਮਸ ਕੱਪ ਜਿੱਤ ਤੋਂ ਬਾਅਦ ਕੀਤੀ।
ਕਪਿਲ ਤੋਂ ਜਦੋਂ ਪਿਛਲੇ ਕੁੱਝ ਸਾਲਾਂ ਵਿਚ ਭਾਰਤੀ ਖੇਡਾਂ ਵਿਚ ਆਏ ਬਦਲਾਅ ਬਾਰੇ ਪੁੱਛਿਆ, ਜਿਸ ਨਾਲ ਦੇਸ਼ ਦਾ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਦਰਸ਼ਨ ਸ਼ਾਨਦਾਰ ਹੁੰਦਾ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ,‘‘ਮੈਨੂੰ ਲੱਗਦਾ ਹੈ ਕਿ (ਅਜਿਹਾ) ਮਾਤਾ-ਪਿਤਾ ਦੀ ਵਜ੍ਹਾ ਨਾਲ ਹੈ, ਬੱਚਿਆਂ ਦੀ ਵਜ੍ਹਾ ਨਾਲ ਨਹੀਂ। ਸਾਡੇ ਦੇਸ਼ ਤੋਂ ਕਾਫੀ ਡਾਕਟਰ, ਵਿਗਿਆਨੀ ਅਤੇ ਇੰਜੀਨੀਅਰ ਨਿਕਲਦੇ ਹਨ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਇਹ ਬਣਾਉਣਾ ਚਾਹੁੰਦੇ ਹਨ, ਜਿਸ ਦਿਨ ਤੋਂ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਖਿਡਾਰੀ ਬਣਾਉਣ ਦੀ ਚਾਹਤ ਕਰਨ ਲੱਗਣਗੇ, ਸਾਡੇ ਦੇਸ਼ ਤੋਂ ਵੀ ਹਰ ਖੇਡ ਤੋਂ ਚੈਂਪੀਅਨ ਬਣਨੇ ਸ਼ੁਰੂ ਹੋ ਜਾਣਗੇ।