ਰਿਸ਼ਭ ਪੰਤ ਨੇ ਕੀਤਾ ਖ਼ੁਲਾਸਾ, ਦਰਸ਼ਕਾਂ ਨੇ ਸਿਰਾਜ ਨੂੰ ਮਾਰੀ ਸੀ ਗੇਂਦ

Thursday, Aug 26, 2021 - 02:24 PM (IST)

ਰਿਸ਼ਭ ਪੰਤ ਨੇ ਕੀਤਾ ਖ਼ੁਲਾਸਾ, ਦਰਸ਼ਕਾਂ ਨੇ ਸਿਰਾਜ ਨੂੰ ਮਾਰੀ ਸੀ ਗੇਂਦ

ਲੀਡਸ (ਭਾਸ਼ਾ) : ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਬੁੱਧਵਾਰ ਨੂੰ ਖ਼ੁਲਾਸਾ ਕੀਤਾ ਕਿ ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ’ਤੇ ਦਰਸ਼ਕਾਂ ਨੇ ਗੇਂਦ ਮਾਰੀ ਸੀ। ਟੀਵੀ ਕੈਮਰਿਆਂ ਵਿਚ ਦਿਖਾਇਆ ਗਿਆ ਸੀ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਉਸ ਸਮੇਂ ਸੀਮਾ ਰੇਖਾ ’ਤੇ ਖੜ੍ਹੇ ਸਿਰਾਜ ਨੂੰ ਉਸ ਵਸਤੂ ਨੂੰ ਬਾਹਰ ਸੁੱਟਣ ਲਈ ਕਹਿ ਰਹੇ ਹਨ। ਦਿਨ ਦੀ ਖੇਡ ਖ਼ਤਮ ਹੋਣ ਦੇ ਬਾਅਦ ਇਸ ਬਾਰੇ ਵਿਚ ਜਦੋਂ ਪੰਤ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਉਦੋਂ ਕੀ ਹੋਇਆ ਸੀ।

ਪੰਤ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ (ਦਰਸ਼ਕਾਂ ਵਿਚੋਂ) ਕਿਸੇ ਨੇ ਸਿਰਾਜ ਨੂੰ ਗੇਂਦ ਮਾਰੀ ਸੀ, ਇਸ ਲਈ ਉਹ (ਕੋਹਲੀ) ਨਾਰਾਜ਼ ਸਨ। ਤੁਸੀਂ ਜੋ ਕੁੱਝ ਵੀ ਕਹਿਣਾ ਚਾਹੁੰਦੇ ਹੋ ਉਹ ਕਹਿ ਸਕਦੇ ਹੋ ਪਰ ਫੀਲਡਰਾਂ ’ਤੇ ਚੀਜ਼ਾਂ ਨਾ ਸੁੱਟੋ। ਮੇਰਾ ਮੰਨਣਾ ਹੈ ਕਿ ਇਹ ਕ੍ਰਿਕਟ ਲਈ ਚੰਗਾ ਨਹੀਂ ਹੈ।’ ਸਿਰਾਜ ਨੇ ਲਾਰਡਸ ਵਿਚ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਇਸ 27 ਸਾਲਾ ਤੇਜ਼ ਗੇਂਦਬਾਜ਼ ਨੂੰ ਇਸ ਸਾਲ ਦੇ ਸ਼ੁਰੂ ਵਿਚ ਸਿਡਨੀ ਵਿਚ ਆਸਟ੍ਰੇਲੀਆਈ ਦਰਸ਼ਕਾਂ ਨੇ ਵੀ ਅਪਸ਼ਬਦ ਕਹੇ ਸਨ, ਜਿਸ ਕਾਰਨ ਕੁੱਝ ਦਰਸ਼ਕਾਂ ਨੂੰ ਸਟੇਡੀਅਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਲਾਰਡਸ ਟੈਸਟ ਦੌਰਾਨ ਵੀ ਸੀਮਾ ਰੇਖਾ ਦੇ ਨੇੜੇ ਸ਼ੈਂਪੇਨ ਦੀ ਬੋਤਲ ਦੇ ਢੱਕਣ ਸੁੱਟੇ ਗਏ ਸਨ। ਉਸ ਸਮੇਂ ਕੇ.ਐਲ. ਰਾਹੁਲ ਉਥੇ ਫੀਲਡਿੰਗ ਕਰ ਰਹੇ ਸਨ ਅਤੇ ਕੋਹਲੀ ਉਸ ਘਟਨਾ ਤੋਂ ਵੀ ਨਾਰਾਜ਼ ਸਨ।
 


author

cherry

Content Editor

Related News