ਪਾਕਿ ਪੱਤਰਕਾਰ ਨੇ ਮਹਿਲਾ ਫੁੱਟਬਾਲਰਾਂ ਦੇ ਨਿੱਕਰ ਪਹਿਨਣ ’ਤੇ ਚੁੱਕੇ ਸਵਾਲ, ਜਾਣੋ ਮਾਮਲਾ
Sunday, Sep 18, 2022 - 05:27 PM (IST)
ਕਰਾਚੀ– ਇਕ ਪਾਕਿਸਤਾਨੀ ਪੱਤਰਕਾਰ ਨੇ ਇਕ ਟੂਰਨਾਮੈਂਟ ਦੌਰਾਨ ਰਾਸ਼ਟਰੀ ਮਹਿਲਾ ਫੁੱਟਬਾਲ ਟੀਮ ਦੀਆਂ ਖਿਡਾਰੀਆਂ ਦੇ ਸ਼ਾਰਟਸ (ਨਿੱਕਰ) ਪਹਿਨਣ ’ਤੇ ਇਤਰਾਜ਼ ਜਤਾਇਆ, ਜਿਸ ਤੋਂ ਬਾਅਦ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਕਾਠਮੰਡੂ ਵਿਚ ਚੱਲ ਰਹੀ ਸੈਫ ਚੈਂਪੀਅਨਸ਼ਿਪ ਵਿਚ ਪਾਕਿਸਤਾਨ ਦੇ ਮਾਲਦੀਵ ਨੂੰ 7 ਗੋਲ ਨਾਲ ਹਰਾਉਣ ਦੇ ਤੁਰੰਤ ਬਾਅਦ ਪੱਤਰਕਾਰ ਨੇ ਇਤਰਾਜ਼ ਜਤਾਇਆ।
ਲੰਬੇ ਸਮੇਂ ਬਾਅਦ ਕੌਮਾਂਤਰੀ ਟੂਰਨਾਮੈਂਟ ਵਿਚ ਹਿੱਸਾ ਲੈਂਦੇ ਹੋਏ ਪਾਕਿਸਾਤਨੀ ਮਹਿਲਾ ਟੀਮ ਨੇ ਚੈਂਪੀਅਨਸ਼ਿਪ ਵਿਚ 8 ਸਾਲ ਵਿਚ ਪਹਿਲੀ ਜਿੱਤ ਦਰਜ ਕੀਤੀ ਪਰ ਟੂਰਨਾਮੈਂਟ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਨੇ ਖਿਡਾਰੀਆਂ ਦੀ ਕਿੱਟ ’ਤੇ ਧਿਆਨ ਕੇਂਦ੍ਰਿਤ ਕਰਨਾ ਪਸੰਦ ਕੀਤਾ।
ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰ ਨੇ ਟੀਮ ਦੇ ਮੈਨੇਜਰ ਤੇ ਹੋਰਨਾਂ ਅਧਿਕਾਰੀਆਂ ਤੋਂ ਪੁੱਛਿਆ,‘‘ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸਲਾਮਿਕ ਰਿਪਬਲਿਕ ਆਫ ਪਾਕਿਸਾਤਨ ਨਾਲ ਸਬੰਧ ਰੱਖਦੇ ਹਾਂ ਜਿਹੜਾ ਇਕ ਇਸਲਾਮਿਕ ਦੇਸ਼ ਹੈ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਨ੍ਹਾਂ ਲੜਕੀਆਂ ਨੇ ਨਿੱਕਰ ਕਿਉਂ ਪਹਿਨ ਰੱਖੀ ਹੈ, ਲੇਗਿੰਗ ਕਿਉਂ ਨਹੀਂ?’’
ਕੋਈ ਲੋਕਾਂ ਨੇ ਖਿਡਾਰੀਆਂ ਦੇ ਕੱਪੜਿਆਂ ’ਤੇ ਧਿਆਨ ਕੇਂਦ੍ਰਿਤ ਕਰਨ ਤੇ ਉਨ੍ਹਾਂ ਦੀਆਂ ਉਪਲਬੱਧੀਆਂ ’ਤੇ ਧਿਆਨ ਕੇਂਦ੍ਰਿਤ ਨਾ ਕਰਨ ਲਈ ਪੱਤਰਕਾਰ ਨੂੰ ਸਖਤ ਫਿੱਟਕਾਰ ਲਗਾਈ ਤੇ ਸੱਤ ਵਿਚੋਂ ਚਾਰ ਗੋਲ ਕਰਨ ਲਈ ਬ੍ਰਿਟਿਸ਼-ਪਾਕਿਸਤਾਨੀ ਫੁੱਟਬਾਲਰ ਨਾਦੀਆ ਖਾਨ ਦੀ ਸ਼ਲਾਘਾ ਕੀਤੀ। ਰਾਸ਼ਟਰੀ ਟੀਮ ਦੇ ਕੋਚ ਆਦਿਲ ਰਿਜਕੀ ਨੇ ਇਸ ਸਵਾਲ ਤੋਂ ਸਪੱਸ਼ਟ ਰੂਪ ਨਾਲ ਹੈਰਾਨ ਹੋ ਕੇ ਕਿਹਾ ਕਿ ਖੇਡਾਂ ਵਿਚ ‘ਹਰ ਕਿਸੇ ਨੂੰ ਅਗਾਂਹਵਧੂ ਹੋਣਾ ਚਾਹੀਦਾ ਹੈ।’’ ਉਸ ਨੇ ਕਿਹਾ, ‘‘ਜਿੱਥੋਂ ਤਕ ਕੱਪੜਿਆਂ ਦਾ ਸਵਾਲ ਹੈ ਤਾਂ ਅਸੀਂ ਕਦੇ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਕੁਝ ਅਜਿਹਾ ਹੈ, ਜਿਸ ਨੂੰ ਅਸੀਂ ਕੰਟਰੋਲ ਨਹੀਂ ਕਰਦੇ।’’