ਪਾਕਿਸਤਾਨੀ ਟੀਮ ਨੂੰ ਵੱਡਾ ਝਟਕਾ! ਵਨਡੇ ''ਚ ਦੋਹਰਾ ਸੈਂਕੜਾ ਲਗਾ ਚੁੱਕਾ ਸਟਾਰ ਕ੍ਰਿਕਟਰ ਲੈਣ ਜਾ ਰਿਹਾ ਸੰਨਿਆਸ
Wednesday, Feb 26, 2025 - 06:43 PM (IST)

ਸਪੋਰਟਸ ਡੈਸਕ- ਆਈਸੀਸੀ ਚੈਂਪੀਅਨਜ਼ ਟਰਾਫੀ 2025 ਇਸ ਸਮੇਂ ਪਾਕਿਸਤਾਨ ਦੀ ਮੇਜ਼ਬਾਨੀ ਹੇਠ ਖੇਡੀ ਜਾ ਰਹੀ ਹੈ। ਗਰੁੱਪ-ਏ 'ਚੋਂ ਭਾਰਤੀ ਟੀਮ ਅਤੇ ਨਿਊਜ਼ੀਲੈਂਡ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਚੁੱਕੇ ਹਨ। ਜਦੋਂ ਕਿ ਮੇਜ਼ਬਾਨ ਪਾਕਿਸਤਾਨ ਅਤੇ ਬੰਗਲਾਦੇਸ਼ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਇਸ ਮਾੜੇ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਟੀਮ ਨੂੰ ਇੱਕ ਹੋਰ ਵੱਡਾ ਝਟਕਾ ਲੱਗਣ ਵਾਲਾ ਹੈ।
ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਸਟਾਰ ਓਪਨਰ ਫਖ਼ਰ ਜ਼ਮਾਨ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਮਨ ਬਣਾ ਰਿਹਾ ਹੈ। ਉਸ ਨੇ ਇਸ ਬਾਰੇ ਆਪਣੇ ਪਰਿਵਾਰ ਨਾਲ ਵੀ ਗੱਲ ਕੀਤੀ ਹੈ। ਉਹ ਆਪਣੇ ਪਰਿਵਾਰ ਨਾਲ ਦੇਸ਼ ਛੱਡਣ ਦੀ ਵੀ ਯੋਜਨਾ ਰਿਹਾ ਹੈ। ਦਰਅਸਲ 34 ਸਾਲਾ ਫਖ਼ਰ ਜ਼ਮਾਨ ਚੈਂਪੀਅਨਜ਼ ਟਰਾਫੀ ਨਹੀਂ ਖੇਡ ਸਕਿਆ। ਉਹ ਸੱਟ ਕਾਰਨ ਬਾਹਰ ਸੀ।
ਜਲਦੀ ਹੀ ਸੰਨਿਆਸ ਦਾ ਐਲਾਨ ਕਰੇਗਾ ਫਖ਼ਰ ਜਮਾਨ
ਫਖ਼ਰ ਜ਼ਮਾਨ ਨੂੰ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨੀ ਟੀਮ ਵਿੱਚ ਜਗ੍ਹਾ ਮਿਲੀ। ਉਸਨੇ ਟੂਰਨਾਮੈਂਟ ਦਾ ਸ਼ੁਰੂਆਤੀ ਮੈਚ ਨਿਊਜ਼ੀਲੈਂਡ ਵਿਰੁੱਧ ਖੇਡਿਆ। ਇਸ ਮੈਚ ਵਿੱਚ ਉਸਨੇ 24 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਹ ਜ਼ਖ਼ਮੀ ਹੋ ਗਿਆ ਅਤੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਹੁਣ ਉਹ ਵਨਡੇ ਤੋਂ ਸੰਨਿਆਸ ਲੈਣ ਦੀ ਯੋਜਨਾ ਬਣਾ ਰਿਹਾ ਹੈ।
ਰਿਪੋਰਟਾਂ ਅਨੁਸਾਰ ਉਸਨੇ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨੀ ਟੀਮ ਦੇ ਮਾੜੇ ਪ੍ਰਦਰਸ਼ਨ ਨੂੰ ਦੇਖ ਕੇ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੀ ਟੀਮ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਈ ਹੈ। ਨਜ਼ਦੀਕੀ ਸੂਤਰਾਂ ਨੇ ਦੱਸਿਆ ਹੈ ਕਿ ਉਸਨੇ ਇਸ ਬਾਰੇ ਪਰਿਵਾਰ ਨਾਲ ਗੱਲ ਕੀਤੀ ਹੈ ਅਤੇ ਜਲਦੀ ਹੀ ਆਪਣੀ ਸੇਵਾਮੁਕਤੀ ਦਾ ਐਲਾਨ ਕਰੇਗਾ।
ਵਨਡੇ 'ਚ ਲਗਾ ਚੁੱਕਾ ਹੈ ਦੋਹਰਾ ਸੈਂਕੜਾ
ਹਾਲ ਹੀ ਵਿੱਚ ਇੱਕ ਮੀਡੀਆ ਰਿਪੋਰਟ ਵਿੱਚ ਫਖ਼ਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ, 'ਚੈਂਪੀਅਨਜ਼ ਟਰਾਫੀ ਮੇਰਾ ਆਖਰੀ ਆਈਸੀਸੀ ਟੂਰਨਾਮੈਂਟ ਹੋਵੇਗਾ। ਮੈਂ ਵਨਡੇ ਕ੍ਰਿਕਟ ਤੋਂ ਬ੍ਰੇਕ ਲੈਣਾ ਚਾਹੁੰਦਾ ਹਾਂ। ਕਿਹਾ ਜਾ ਰਿਹਾ ਹੈ ਕਿ ਫਖਰ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਵੀ ਇਹ ਫੈਸਲਾ ਲੈਣਾ ਚਾਹੁੰਦੇ ਹਨ।
ਫਖ਼ਰ ਨੇ ਹੁਣ ਤੱਕ ਪਾਕਿਸਤਾਨ ਟੀਮ ਲਈ 3 ਟੈਸਟ ਮੈਚ ਖੇਡੇ ਹਨ, ਜਿਸ ਵਿੱਚ ਉਸਨੇ 192 ਦੌੜਾਂ ਬਣਾਈਆਂ ਹਨ। ਜਦੋਂ ਕਿ ਉਸਨੇ 86 ਵਨਡੇ ਮੈਚ ਖੇਡੇ। ਇਨ੍ਹਾਂ ਵਿੱਚ ਉਸਨੇ 46.21 ਦੀ ਔਸਤ ਨਾਲ 3651 ਦੌੜਾਂ ਬਣਾਈਆਂ। ਇਸ ਸਮੇਂ ਦੌਰਾਨ, ਉਸਨੇ ਇੱਕ ਅਜੇਤੂ ਦੋਹਰਾ ਸੈਂਕੜਾ ਵੀ ਲਗਾਇਆ। ਉਸਦਾ ਸਭ ਤੋਂ ਵਧੀਆ ਸਕੋਰ 210 ਦੌੜਾਂ ਨਾਬਾਦ ਹੈ।
ਫਖ਼ਰ ਨੇ ਵਨਡੇ ਮੈਚਾਂ ਵਿੱਚ 11 ਸੈਂਕੜੇ ਲਗਾਏ ਹਨ। ਪਾਕਿਸਤਾਨੀ ਸਲਾਮੀ ਬੱਲੇਬਾਜ਼ ਫਖ਼ਰ ਨੇ 92 ਟੀ-20 ਅੰਤਰਰਾਸ਼ਟਰੀ ਮੈਚ ਖੇਡੇ, ਜਿਸ ਵਿੱਚ ਉਸਨੇ 1848 ਦੌੜਾਂ ਬਣਾਈਆਂ।