ਟੀ-20 ਏਸ਼ੀਆ ਕੱਪ 2020 ਦੀ ਮੇਜ਼ਬਾਨੀ ਪਾਕਿਸਤਾਨ ਤੋਂ ਖੋਹੀ

01/16/2020 12:55:21 PM

ਨਵੀਂ ਦਿੱਲੀ : ਸਾਲ 2020 ਦੇ ਏਸ਼ੀਆ ਕੱਪ ਲਈ ਪਾਕਿਸਤਾਨ ਦੀ ਮੇਜ਼ਬਾਨੀ ਦੇ ਅਧਿਕਾਰ ਖੋਹ ਲਏ ਗਏ ਹਨ। ਇਸ ਦੀ ਸਭ ਤੋਂ ਵੱਡੀ ਵਜ੍ਹਾ ਭਾਰਤ ਵੱਲੋਂ ਪਾਕਿਸਤਾਨ ਵਿਚ ਖੇਡਣ ਤੋਂ ਇਨਕਾਰ ਕਰਨਾ ਹੈ। ਇਹ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਦੱਸ ਦਈਏ ਕਿ ਪੀ. ਸੀ. ਬੀ. ਪਹਿਲਾਂ ਤੋਂ ਹੀ ਮੰਦਹਾਲੀ ਦੀ ਕਗਾਰ 'ਤੇ ਖੜ੍ਹਾ ਹੈ। ਸਤੰਬਰ 2020 ਵਿਚ ਹੋਣ ਵਾਲੇ ਏਸ਼ੀਆ ਕੱਪ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਦਿੱਤੀ ਗਈ ਸੀ, ਜੋ ਕਿ ਹੁਣ ਖੋਹ ਲਈ ਗਈ ਹੈ। ਹੁਣ ਇਹ ਟੂਰਨਾਮੈਂਟ ਦੁਬਈ, ਬੰਗਲਾਦੇਸ਼ ਜਾਂ ਸ਼੍ਰੀਲੰਕਾ ਵਿਚ ਖੇਡਿਆ ਜਾ ਸਕਦਾ ਹੈ। ਏਸ਼ੀਆ ਕੱਪ ਇਸ ਸਾਲ ਟੀ-20 ਫਾਰਮੈਟ ਵਿਚ ਖੇਡਿਆ ਜਾਵੇਗਾ, ਤਾਂ ਜੋ ਵਰਲਡ ਕੱਪ ਟੀ-20 ਲਈ ਤਿਆਰੀ ਕੀਤੀ ਜਾ ਸਕੇ। ਵਰਲਡ ਕੱਪ ਟੀ-20 4 ਸਾਲਾਂ ਦੇ ਅੰਤਰਾਲ ਤੋਂ ਬਾਅਦ ਖੇਡਿਆ ਜਾ ਰਿਹਾ ਹੈ ਅਤੇ ਆਸਟਰੇਲੀਆ ਨੂੰ ਪਹਿਲੀ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਮਿਲੀ ਹੈ।

ਜ਼ਿਕਰਯੋਗ ਹੈ ਕਿ ਸਾਲ 2009 ਵਿਚ ਪਾਕਿਸਤਾਨ ਵਿਚ ਸ਼੍ਰੀਲੰਕਾ ਟੀਮ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੋਈ ਵੀ ਵੱਡੀ ਟੀਮ ਪਾਕਿਸਤਾਨ ਵਿਚ ਖੇਡਣ ਨਹੀਂ ਗਈ। ਹਾਲਾਂਕਿ ਵੈਸਟਇੰਡੀਜ਼ ਅਤੇ ਹਾਲ ਹੀ 'ਚ ਸ਼੍ਰੀਲੰਕਾ ਟੀਮ ਪਾਕਿਸਤਾਨ ਵਿਚ ਟੈਸਟ ਅਤੇ ਟੀ-20 ਸੀਰੀਜ਼ ਖੇਡੀ ਸੀ। ਇਸ ਦੇ ਬਾਵਜੂਦ ਜ਼ਿਆਦਾਤਰ ਟੀਮਾਂ ਪਾਕਿਸਤਾਨ ਵਿਚ ਖੇਡਣ ਤੋਂ ਡਰਦੀਆਂ ਹਨ। ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਜਗ ਜ਼ਾਹਰ ਹਨ। 


Related News