ਆਸਟਰੇਲੀਆ ਨੂੰ ਹਰਾ ਕੇ ਪਾਕਿਸਤਾਨ ਨੇ ਲਿਆ ਆਪਣੀ ਪਿਛਲੀ ਹਾਰ ਦਾ ਬਦਲਾ

07/05/2018 7:04:06 PM

ਹਰਾਰੇ : ਓਪਨਰ ਫਖ ਜਮਾਨ ਦੀ 73 ਦੌੜਾਂ ਦੀ ਬਿਹਤਰੀਨ ਪਾਰੀ ਅਤੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਵਲੋਂ ਹਾਸਲ ਕੀਤੀਆਂ ਤਿੰਨ ਵਿਕਟਾਂ ਦੀ ਬਦੌਲਤ ਪਾਕਿਸਤਾਨ ਨੇ ਆਸਟਰੇਲੀਆ ਨੂੰ ਤਿਕੋਣੀ ਟੀ-20 ਸੀਰੀਜ਼ 'ਚ ਐਤਵਾਰ ਨੂੰ 45 ਦੌੜਾਂ ਨਾਲ ਹਰਾ ਕੇ ਪਿਛਲੀ ਹਾਰ ਦਾ ਬਦਲਾ ਲੈ ਲਿਆ ਹੈ। ਪਾਕਿਸਤਾਨ ਨੂੰ ਇਸੇ ਸੀਰੀਜ਼ 'ਚ ਆਸਟਰੇਲੀਆ ਹੱਥੋਂ 9 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਮੁਕਾਬਲੇ ਨੂੰ ਜਿੱਤ ਕੇ ਪਾਕਿਸਤਾਨ ਨੇ ਉਸ ਹਾਰ ਦਾ ਬਦਲਾ ਲੈ ਲਿਆ ਹੈ। ਪਾਕਿਸਤਾਨ ਦੀ ਚਾਰ ਮੈਚਾਂ 'ਚ ਇਹ ਤੀਜੀ ਜਿੱਤ ਹੈ ਜਦਕਿ ਆਸਟਰੇਲੀਆ ਦੀ ਤਿੰਨ ਮੈਚਾਂ 'ਚ ਇਹ ਦੂਜੀ ਹਾਰ ਹੈ। ਹਾਲਾਂਕਿ ਦੋਵੇਂ ਟੀਮਾਂ ਪਹਿਲਾਂ ਹੀ ਫਾਈਨਲ 'ਚ ਪਹੁੰਚ ਚੁੱਕੀਆਂ ਹਨ। ਪਾਕਿਸਤਾਨ ਨੇ 7 ਵਿਕਟਾਂ 'ਤੇ 194 ਦੌੜਾਂ ਬਣਾਈਆਂ ਸਨ। 'ਪਲੇਅਰ ਆਫ ਦ ਮੈਚ' ਜਮਾਨ ਨੇ ਸਿਰਫ 42 ਗੇਂਦਾਂ 'ਚ 9 ਚੌਕੇ ਅਤੇ ਤਿਨ ਛੱਕੇ ਲਗਾ ਕੇ 73 ਦੌੜਾਂ ਦੀ ਪਾਰੀ ਖੇਡੀ। ਹੁਸੈਨ ਤਲਤ ਨੇ 30, ਸ਼ੋਇਬ ਮਲਿਕ ਨੇ 27 ਅਤੇ ਆਸਿਫ ਅਲੀ ਨੇ 18 ਗੇਂਦਾਂ 'ਤੇ ਅਜੇਤੂ 37 ਦੌੜਾਂ ਬਣਾਈਆਂ। ਆਸਟਰੇਲੀਆ ਟੀਮ 7 ਵਿਕਟਾਂ 'ਤੇ ਸਿਰਫ 149 ਦੌੜਾਂ ਹੀ ਬਣਾ ਸਕੀ। ਇਕ ਸਮੇਂ ਆਸਟਰੇਲੀਆ ਨੇ ਆਪਣੀਆਂ 6 ਵਿਕਟਾਂ ਸਿਰਫ 106 ਦੌੜਾਂ 'ਤੇ ਗੁਆ ਲਈਆਂ ਸਨ। ਅਫਰੀਦੀ ਨੇ ਚਾਰ ਓਵਰਾਂ 'ਚ 37 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।


Related News