ਪਾਕਿ ਦੇ ਵਿਵਾਦਗ੍ਰਸਤ ਕ੍ਰਿਕਟਰ ਉਮਰ ਅਕਮਲ ਨੇ ਛੱਡਿਆ ਦੇਸ਼, ਹੁਣ ਇਸ ਦੇਸ਼ ਲਈ ਖੇਡਣਗੇ

Tuesday, Oct 05, 2021 - 02:39 PM (IST)

ਸਪੋਰਟਸ ਡੈਸਕ-  ਪਾਕਿਸਤਾਨ ਦੇ ਵਿਵਾਦਗ੍ਰਸਤ ਕ੍ਰਿਕਟਰ ਉਮਰ ਅਕਮਲ ਨੇ ਅਮਰੀਕਾ 'ਚ ਲੀਗ ਕ੍ਰਿਕਟ ਖੇਡਣ ਲਈ ਦੇਸ਼ ਛੱਡ ਦਿੱਤਾ ਹੈ। ਅਕਮਲ 'ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੀ ਭ੍ਰਿਸ਼ਟਾਚਾਰ ਰੋਕੂ ਸੰਹਿਤਾ ਦੇ ਤਹਿਤ ਪਾਬੰਦੀ ਲਗਾਈ ਗਈ ਸੀ ਜੋ ਹਾਲ ਹੀ 'ਚ ਖ਼ਤਮ ਹੋਈ ਹੈ। ਇਕ ਰਿਪੋਰਟ ਮੁਤਾਬਕ ਇਸ 31 ਸਾਲਾ ਕ੍ਰਿਕਟਰ ਨੇ ਨਾਰਦਨ ਕ੍ਰਿਕਟ ਕੈਲੀਫ਼ੋਰਨੀਆ ਐਸੋਸੀਏਸ਼ਨ ਦੇ ਨਾਲ ਥੋੜ੍ਹੇ ਸਮੇਂ ਲਈ ਕਰਾਰ ਕੀਤਾ ਹੈ ਪਰ ਉਨ੍ਹਾਂ ਨੇ ਇਸ ਨੂੰ ਭਵਿੱਖ 'ਚ ਅੱਗੇ ਵਧਾਉਣ ਦਾ ਬਦਲ ਖੁਲ੍ਹਾ ਰੱਖਿਆ ਹੈ ਜਿਸ ਨਾਲ ਉਨ੍ਹਾਂ ਦੇ ਪਾਕਿਸਤਾਨ ਕ੍ਰਿਕਟ ਨਾਲ ਰਿਸ਼ਤੇ ਖ਼ਤਮ ਹੋ ਜਾਣਗੇ।

ਅਕਮਲ ਨੇ ਇਸ ਸੈਸ਼ਨ 'ਚ ਪੀ. ਸੀ. ਬੀ. ਕ੍ਰਿਕਟ ਬੋਰਡ ਐਸੋਸੀਏਸ਼ਨ ਟੀ-20 ਟੂਰਨਾਮੈਂਟ 'ਚ ਹਿੱਸਾ ਲਿਆ ਸੀ ਜਿਸ 'ਚ ਉਨ੍ਹਾਂ ਨੇ ਸੈਂਟਰਲ ਪੰਜਾਬ ਸੈਕਿੰਡ ਇਲੈਵਨ ਵਲੋਂ 0, 14, 7, 16 ਤੇ 29 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕੈਲੀਫੋਰਨੀਆ ਜਾਣ ਦਾ ਫ਼ੈਸਲਾ ਕੀਤਾ। ਕਾਇਦੇ ਆਜ਼ਮ ਟਰਾਫ਼ੀ 20 ਅਕਤੂਬਰ ਤੋਂ ਸ਼ੁਰੂ ਹੋਵੇਗੀ ਤੇ ਇਹ ਸਪੱਸ਼ਟ ਨਹੀਂ ਹੈ ਕਿ ਅਕਮਲ ਇਸ ਚੋਟੀ ਦੇ ਘਰੇਲੂ ਟੂਰਨਾਮੈਂਟ 'ਚ ਖੇਡਣ ਲਈ ਵਾਪਸੀ ਕਰੇਗਾ ਜਾਂ ਨਹੀਂ। ਵੈੱਬਸਾਈਟ ਨੇ ਦਾਅਵਾ ਕੀਤਾ ਹੈ ਕਿ ਅਕਮਲ ਦੀ ਵਾਪਸੀ ਦਾ ਪਾਕਿ ਕ੍ਰਿਕਟ ਜਗਤ ਵਲੋਂ ਸਵਾਗਤ ਨਹੀਂ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਨੈਸ਼ਨਲ ਟੀ20 ਕੱਪ ਲਈ ਨਹੀਂ ਚੁਣਿਆ ਗਿਆ ਸੀ।


Tarsem Singh

Content Editor

Related News