ਹਾਰ ਦੇ ਇਸ ਤਰੀਕੇ ਤੋਂ ਨਿਰਾਸ਼ ਹਨ ਪਾਕਿ ਕੋਚ ਮਿਕੀ ਆਰਥਰ

06/06/2018 1:27:01 PM

ਕਰਾਚੀ : ਪਾਕਿਸਤਾਨ ਦੇ ਮੁੱਖ ਕੋਚ ਮਿਕੀ ਆਰਥਰ ਇੰਗਲੈਂਡ ਦੇ ਖਿਲਾਫ ਦੂਜੇ ਟੈਸਟ 'ਚ ਆਪਣੀ ਟੀਮ ਦੇ ਆਸਾਨੀ ਨਾਲ ਘੁਟਣੇ ਟੇਕਣ ਤੋਂ ਨਿਰਾਸ਼ ਹਨ। ਲੀਡਸ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਉਨ੍ਹਾਂ ਕਿਹਾ, ਪਾਕਿ ਟੀਮ ਕੋਲ 22 ਸਾਲ ਬਾਅਦ ਇੰਗਲੈਂਡ 'ਚ ਟੈਸਟ ਸੀਰੀਜ਼ ਜਿੱਤਣ ਦਾ ਮੌਕਾ ਸੀ ਪਰ ਉਨ੍ਹਾਂ ਨੇ ਗੁਆ ਦਿੱਤਾ। ਉਨ੍ਹਾਂ ਕਿਹਾ, ਮੈਂ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਦੁਖੀ ਹਾਂ। ਦੂਜੇ ਟੈਸਟ 'ਚ ਉਨ੍ਹਾਂ ਨੇ ਬਿਲਕੁਲ ਵੀ ਜੁਝਾਰੂਪਨ ਨਹੀਂ ਦਿਖਾਇਆ ਜੋ ਮੇਰੇ ਲਈ ਚਿੰਤਾ ਦਾ ਵਿਸ਼ਾ ਹੈ। ਪਾਕਿ ਟੀਮ ਨੇ ਪਿਛਲੇ ਮਹੀਨੇ ਆਇਰਲੈਂਡ ਨੂੰ ਇਕ ਟੈਸਟ 'ਚ ਹਰਾਉਣ ਦੇ ਬਾਅਦ ਲਾਰਡਸ 'ਚ ਇੰਗਲੈਂਡ ਖਿਲਾਫ ਪਹਿਲਾ ਟੈਸਟ ਖੇਡਿਆ ਸੀ।

ਕੋਚ ਨੇ ਕਿਹਾ, ਅਸੀਂ ਦੂਜੇ ਟੈਸਟ 'ਚ ਆਸਾਨੀ ਨਾਲ ਗੋਡੇ ਟੇਕ ਦਿੱਤੇ। ਜਦੋਂ ਤੋਂ ਮੈਂ ਇਸ ਟੀਮ ਦੇ ਨਾਲ ਹਾਂ, ਇਹ ਪ੍ਰਦਰਸ਼ਨ ਸਭ ਤੋਂ ਖਰਾਬ ਹੈ। ਉਨ੍ਹਾਂ ਕਿਹਾ, ਹਾਰ ਅਤੇ ਜਿੱਤ ਖੇਡ ਦਾ ਹਿੱਸਾ ਹੈ ਪਰ ਤੁਸੀਂ ਕਿਸ ਤਰ੍ਹਾਂ ਹਾਰਦੇ ਹੋ ਇਹ ਮਾਇਨੇ ਰੱਖਦਾ ਹੈ। ਜੇਕਰ ਇਹ ਨੌਜਵਾਨ ਟੀਮ 2-0 ਨਾਲ ਸੀਰੀਜ਼ ਜਿੱਤ ਲੈਂਦੀ ਤਾਂ ਇਸ ਦੇ ਲਈ ਬਹੁਤ ਚੰਗਾ ਹੁੰਦਾ। ਲੀਡਸ 'ਚ ਦੂਜੀ ਪਾਰੀ 'ਚ ਟੀਮ ਦਬਾਅ ਨਹੀਂ ਝਲ ਸਕੀ। ਇੰਗਲੈਂਡ ਨੇ ਚੰਗੀ ਗੇਂਦਬਾਜ਼ੀ ਕੀਤੀ। ਸ਼ੁਰੂਆਤੀ ਦਬਾਅ ਬਣਾਉਣ ਦੇ ਬਾਅਦ ਉਨ੍ਹਾਂ ਪਾਕਿ ਟੀਮ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਦਿੱਤਾ ਅਤੇ ਮੈਚ 'ਤੇ ਆਪਣੀ ਪਕੜ ਬਣਾ ਲਈ।


Related News