ਮੀਨਾਕਸ਼ੀ ਤੋਂ ਹਾਰ ਕੇ ਪਦਮਿਨੀ ਨੇ ਗੁਆਈ ਬੜ੍ਹਤ

12/03/2017 4:37:58 AM

ਸੂਰਤ— ਭਾਰਤ ਦੀਆਂ ਚੋਟੀ ਦੀਆਂ ਖਿਡਾਰਨਾਂ ਵਿਚਾਲੇ ਚੱਲ ਰਹੀ 44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ 'ਚ ਇਕ ਦਿਨ ਦੇ ਆਰਾਮ ਤੋਂ ਬਾਅਦ ਹੋਏ ਮੁਕਾਬਲੇ 'ਚ ਸਭ ਤੋਂ ਅੱਗੇ ਚੱਲ ਰਹੀ ਪੀ. ਐੱਸ. ਪੀ. ਬੀ. ਦੀ ਪਦਮਿਨੀ ਰਾਊਤ ਨੂੰ ਹਾਰ ਦਾ ਝਟਕਾ ਲੱਗਾ ਤੇ ਉਸ ਨੂੰ ਇਸ ਹਾਰ ਦਾ ਸਵਾਦ ਏਅਰ ਇੰਡੀਆ ਦੀ ਤਜਰਬੇਕਾਰ ਖਿਡਾਰਨ ਮੀਨਾਕਸ਼ੀ ਸੁਬਰਾਮਨ ਨੇ ਚਖਾਇਆ।
ਰੇਟੀ ਓਪਨਿੰਗ 'ਚ ਹੋਏ ਇਸ ਮੁਕਾਬਲੇ 'ਚ ਸਹੀ ਅਰਥਾਂ ਵਿਚ ਮੀਨਾਕਸ਼ੀ ਦੀਆਂ ਚੰਗੀਆਂ ਚਾਲਾਂ ਨੇ ਹੀ ਨਹੀਂ ਸਗੋਂ ਪਦਮਿਨੀ ਨੂੰ ਖੁਦ ਦੀਆਂ ਗਲਤ ਚਾਲਾਂ ਨੇ ਵੀ ਮੁਸ਼ਕਿਲ 'ਚ ਪਾਇਆ। ਅੱਜ ਉਸ ਦੇ ਮੋਹਰਿਆਂ ਵਿਚਾਲੇ ਤਾਲਮੇਲ ਦੀ ਘਾਟ ਹੀ ਉਸਦੀਆਂ 47 ਚਾਲਾਂ 'ਚ ਹਾਰ ਦਾ ਕਾਰਨ ਬਣੀ। ਇਸ ਦੇ ਨਾਲ ਹੀ ਪਦਮਿਨੀ, ਜਿਸ ਨੇ ਕੱਲ ਤਕ 1 ਅੰਕ ਦੀ ਬੜ੍ਹਤ ਹਾਸਲ ਕੀਤੀ ਸੀ, ਹੁਣ 3 ਹੋਰਨਾਂ ਖਿਡਾਰਨਾਂ ਦੇ ਬਰਾਬਰ ਪਹੁੰਚ ਗਈ। ਪੀ. ਐੱਸ. ਪੀ. ਬੀ. ਦੀ ਸੌਮਿਆ ਸਵਾਮੀਨਾਥਨ ਨੇ ਸਭ ਤੋਂ ਪਿੱਛੇ ਚੱਲ ਰਹੀ ਮਹਾਰਾਸ਼ਟਰ ਦੀ ਸ਼੍ਰਸ਼ਠੀ ਪਾਂਡੇ ਨੂੰ ਹਰਾਉਂਦਿਆਂ ਇਕ ਤਰ੍ਹਾਂ ਨਾਲ ਆਪਣੇ ਖਿਤਾਬ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਜਿਊਂਦਾ ਕਰ ਲਿਆ ਹੈ। 
ਉਥੇ ਹੀ ਪਿਛਲੇ ਮੈਚ 'ਚ ਹਾਰ ਕੇ ਪਿਛੜ ਗਈ ਤਾਮਿਲਨਾਡੂ ਦੀ ਨੰਧਿਧਾ ਪੀ. ਵੀ. ਨੇ ਬੰਗਾਲ ਦੀ ਸਮ੍ਰਿਧਾ ਦਾਸ ਨੂੰ ਹਰਾਉਂਦਿਆਂ ਚੋਟੀ ਦੇ ਸਥਾਨਾਂ 'ਚ ਵਾਪਸੀ ਕਰ ਲਈ।  ਕਾਮਨਵੈਲਥ ਜੇਤੂ ਐੱਲ. ਆਈ. ਸੀ. ਦੀ ਸਵਾਤੀ ਘਾਟੇ ਨੇ ਅੱਜ ਸਾਬਕਾ ਜੇਤੂ ਪੀ. ਐੱਸ. ਪੀ. ਬੀ. ਦੀ ਮੈਰੀ ਗੋਮਸ ਨੂੰ ਹਰਾਉਂਦਿਆਂ ਲਗਾਤਾਰ ਆਪਣੀ ਦੂਜੀ ਜਿੱਤ ਦਰਜ ਕੀਤੀ। ਮਹਾਰਾਸ਼ਟਰ ਦੀ ਸਾਕਸ਼ੀ ਚਿਤਲਾਂਗੇ ਨੇ ਐੱਲ. ਆਈ. ਸੀ. ਦੀ ਕਿਰਨ ਮਨੀਸ਼ਾ ਮੋਹੰਤੀ ਨੂੰ ਹਰਾਇਆ।  ਅੱਜ ਦੇ ਮੈਚ ਵਿਚ ਸਿਰਫ ਏਅਰ ਇੰਡੀਆ ਦੀ ਭਗਤੀ ਕੁਲਕਰਨੀ ਅਤੇ ਤਾਮਿਲਨਾਡੂ ਦੀ ਬਾਲਾ ਕਨੱਪਾ ਦਾ ਮੈਚ ਬਰਾਬਰੀ 'ਤੇ ਰਿਹਾ।
ਕੌਣ ਜਿੱਤੇਗਾ, ਕਹਿਣਾ ਹੁਣ ਮੁਸ਼ਕਿਲ
11 ਰਾਊਂਡਜ਼ ਤੋਂ ਬਾਅਦ ਇਸ ਚੈਂਪੀਅਨਸ਼ਿਪ 'ਚ ਜਦੋਂ ਹੁਣ ਸਿਰਫ 4 ਰਾਊਂਡ ਹੀ ਬਾਕੀ ਹਨ ਤਾਂ 7 ਰਾਊਂਡਜ਼ ਤੋਂ ਬਾਅਦ ਜੇਕਰ ਅੰਕ ਸੂਚੀ 'ਤੇ ਨਜ਼ਰ ਮਾਰੀ ਜਾਵੇ ਤਾਂ ਮੀਨਾਕਸ਼ੀ, ਪਦਮਿਨੀ, ਸੌਮਿਆ ਤੇ ਨੰਧਿਧਾ ਸਾਰਿਆਂ ਦੇ 5 ਅੰਕ ਹਨ ਤੇ ਉਹ ਸਾਂਝੇ ਤੌਰ 'ਤੇ ਨੰਬਰ ਇਕ 'ਤੇ ਹਨ। ਭਗਤੀ 4.5 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ ਤੇ 1-2 ਵੱਡੀਆਂ ਜਿੱਤਾਂ ਉਸ ਨੂੰ ਵੀ ਅੱਗੇ ਲਿਜਾ ਸਕਦੀਆਂ ਹਨ। ਮੈਰੀ, ਸਵਾਤੀ, ਸਾਕਸ਼ੀ 3.5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੀਆਂ ਹਨ। ਹੋਰਨਾਂ 'ਚ ਬਾਲਾ 2.5 ਅੰਕਾਂ ਨਾਲ, ਸਮ੍ਰਿਧਾ ਤੇ ਕਿਰਨ 3 ਅੰਕਾਂ ਤੇ ਸ਼੍ਰਸ਼ਠੀ 0.5 ਅੰਕਾਂ 'ਤੇ ਖੇਡ ਰਹੀਆਂ ਹਨ।


Related News