ਸਾਡਾ ਗੇਂਦਬਾਜ਼ੀ ਕੋਰ ਗਰੁੱਪ ’ਚ ਕਾਫੀ ਅਨੁਭਵ ਅਤੇ ਈਮਾਨਦਾਰੀ ਹੈ : ਹਾਰਦਿਕ ਪੰਡਯਾ
Friday, Jun 07, 2024 - 11:30 AM (IST)
ਨਿਊਯਾਰਕ- ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਦੀ ਅਗਵਾਈ ਵਾਲੇ ਗੇਂਦਬਾਜ਼ੀ ਹਮਲੇ ’ਚ ਕਾਫੀ ਅਨੁਭਵ ਅਤੇ ਈਮਾਨਦਾਰੀ ਹੈ ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਟੀ-20 ਵਿਸ਼ਵ ਕੱਪ ’ਚ ਉਹ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰੇਗਾ। ਭਾਰਤ ਨੇ ਬੁੱਧਵਾਰ ਨੂੰ ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ’ਚ ਆਪਣੀ ਮੁਹਿੰਦ ਦਾ ਸ਼ਾਨਦਾਰ ਆਗਾਜ਼ ਕੀਤਾ।
ਉਨ੍ਹਾਂ ਕਿਹਾ,‘ਇਸ ਤਰ੍ਹਾਂ ਸਾਡੇ ਕੋਲ ਕਾਫੀ ਅਨੁਭਵ ਹੈ ਖਾਸ ਤੌਰ ’ਤੇ ਗੇਂਦਬਾਜ਼ੀ ’ਚ। ਸਾਡੇ ਕੋਲ ਜਸਪ੍ਰੀਤ ਬੁਮਰਾਹ ਵਰਗਾ ਗੇਂਦਬਾਜ਼ ਹੈ, ਜੋ ਅਜੇ ਨੰਬਰ ਇਕ ਗੇਂਦਬਾਜ਼ ਹੈ। ਸਾਡੇ ਕੋਲ ਮੁਹੰਮਦ ਸਿਰਾਜ ਹੈ, ਜਿਸ ਨੇ ਹਾਲੀਆ ਸਾਲਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।’
ਹਾਰਦਿਕ ਨੇ ਕਿਹਾ, ‘ਸਾਡੇ ਕੋਲ ਅਰਸ਼ਦੀਪ ਸਿੰਘ ਹੈ, ਜੋ ਪਿਛਲੇ 2 ਵਿਸ਼ਵ ਕੱਪ ’ਚ ਖੇਡ ਚੁੱਕਾ ਹੈ ਅਤੇ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਲਗਾਤਾਰ ਸੁਧਾਰ ਕੀਤਾ ਹੈ।’ ਇਸ ਆਲਰਾਊਂਡਰ ਨੇ ਕਿਹਾ,‘ਸਾਡੇ ਗੇਂਦਬਾਜ਼ੀ ਕੋਰ ਗਰੁੱਪ ’ਚ ਕਾਫੀ ਅਨੁਭਵ ਅਤੇ ਕਾਫੀ ਈਮਾਨਦਾਰੀ ਹੈ। ਸਾਨੂੰ ਅੱਜ (ਬੁੱਧਵਾਰ) ਵਿਕਟ ਤੋਂ ਵੀ ਕਾਫੀ ਮਦਦ ਮਿਲੀ।’ ਉਸ ਨੇ ਕਿਹਾ ਕਿ ਟੀਮ ਟੂਰਨਾਮੈਂਟ ਦੀ ਚੰਗੀ ਸ਼ੁਰੂਆਤ ਕਰ ਕੇ ਕਾਫੀ ਖੁਸ਼ ਹੈ।
ਹਾਰਦਿਕ ਨੇ ਕਿਹਾ,‘ਜੋ ਲੋਕ ਸਖਤ ਮਿਹਨਤ ਕਰਦੇ ਹਨ ਉਨ੍ਹਾਂ ਲਈ ਸਭ ਕੁਝ ਅਨੁਕੂਲ ਹੋ ਜਾਂਦਾ ਹੈ। ਖੁਦ ’ਤੇ ਭਰੋਸਾ ਰੱਖਣਾ ਅਤੇ ਆਪਣੀ ਸਮਰੱਥਾ ਦੀ ਪਛਾਣ ਕਰਨਾ ਮਹੱਤਵਪੂਰਨ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ 30 ਸਾਲ ਦੇ ਹਾਰਦਿਕ ਦਾ ਕੰਮ 60 ਸਾਲ ਦੇ ਹਾਰਦਿਕ ਨਾਲੋਂ ਕਿਤੇ ਜ਼ਿਆਦਾ ਆਸਾਨ ਹੈ।’ ਹਾਰਦਿਕ ਨੇ ਕਿਹਾ,‘ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਬਹੁਤ ਰੋਮਾਂਚਕ ਹੁੰਦਾ ਹੈ। ਇਸ ’ਚ ਬਹੁਤ ਸਾਰਾ ਉਤਸ਼ਾਹ ਅਤੇ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਇਸ ਦੇ ਨਾਲ ਮੈਨੂੰ ਉਮੀਦ ਹੈ ਕਿ ਅਸੀਂ ਅਨੁਸ਼ਾਸਿਤ ਹੋ ਕੇ ਇਹ ਮੈਚ ਖੇਡਾਂਗੇ। ਉਮੀਦ ਹੈ ਕਿ ਇਹ ਦਿਨ ਸਾਡੇ ਲਈ ਚੰਗਾ ਹੋਵੇਗਾ।’