ਓਸਾਕਾ, ਨਿਸ਼ੀਕੋਰੀ ਅਤੇ ਰਾਓਨਿਚ ਆਸਟਰੇਲੀਆਈ ਓਪਨ ਦੇ ਤੀਜੇ ਦੌਰ ''ਚ
Thursday, Jan 17, 2019 - 03:33 PM (IST)

ਮੈਲਬੋਰਨ : ਜਾਪਾਨੀ ਟੈਨਿਸ ਸਟਾਰ ਨਾਓਮੀ ਓਸਾਕਾ ਆਸਾਨ ਜਿੱਤ ਨਾਲ ਆਸਟਰੇਲੀਆ ਓਪਨ ਦੇ ਤੀਜੇ ਦੌਰ ਵਿਚ ਪਹੁੰਚ ਗਈ ਜਦਕਿ ਉਸ ਦੀ ਹਮਵਤਨ ਕੇਈ ਨਿਸ਼ੀਕੋਰੀ ਨੇ 5 ਸੈੱਟਾਂ ਦਾ ਮੈਰਾਥਨ ਮੁਕਾਬਲਾ ਜਿੱਤ ਕੇ ਅਗਲੇ ਦੌਰ 'ਚ ਜਗ੍ਹਾ ਬਣਾਈ। ਕੈਨੇਡਾ ਦੇ ਮਿਲੋਸ ਰਾਓਨਿਚ ਨੇ ਵੀ 2014 ਦੇ ਚੈਂਪੀਅਨ ਸਟਾਨ ਵਾਵਰਿੰਕਾ ਨੂੰ ਸਖਤ ਮੁਕਾਬਲੇ ਵਿਚ ਹਰਾਇਆ। ਅਮਰੀਕੀ ਓਪਨ ਚੈਂਪੀਅਨ ਅਤੇ ਚੌਥਾ ਦਰਜਾ ਪ੍ਰਾਪਤ ਓਸਾਕਾ ਨੇ ਸਲੋਵੇਨਿਆ ਦੀ ਤਮਾਰਾ ਜਿਦਾਨਸੇਕ ਨੂੰ 6-2, 6-4 ਨਾਲ ਹਰਾਇਆ। ਮੀਂਹ ਕਾਰਨ ਬੰਦ ਛੱਤ ਦੇ ਹੇਠ ਇਹ ਮੁਕਾਬਲਾ ਕਰਾਇਆ ਗਿਆ। ਹੁਣ ਓਸਾਕਾ ਦਾ ਸਾਹਮਣਾ ਤਾਈਵਾਨ ਦੀ ਸਿਏਹ ਸੂਵੇਈ ਨਾਲ ਹੋਵੇਗਾ।
ਏਸ਼ੀਆ ਦੇ ਚੋਟੀ ਰੈਂਕਿੰਗ ਵਾਲੇ ਖਿਡਾਰੀ ਨਿਸ਼ੀਕੋਰੀ ਨੇ 3 ਘੰਟੇ 48 ਮਿੰਟ ਤੱਕ ਚੱਲੇ ਮੈਚ ਵਿਚ ਕ੍ਰੋਏਸ਼ੀਆ ਦੇ ਇਵੋ ਕਾਰਲੋਵਿਚ ਨੂੰ 6-3, 7-6, 5-7, 5-7, 7-6 ਨਾਲ ਹਰਾਇਆ। ਉੱਥੇ ਹੀ 16ਵਾਂ ਦਰਜਾ ਪ੍ਰਾਪਤ ਰਾਓਨਿਚ ਨੇ 3 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਵਾਵਰਿੰਕਾ ਨੂੰ 7-6, 6-7, 6-7, 7-6, 7-6 ਨਾਲ ਹਰਾਇਆ। ਹੁਣ ਰਾਓਨਿਚ ਦਾ ਸਾਹਮਣਾ ਫ੍ਰਾਂਸ ਦੇ ਪਿਯਰੇ ਹੁਗੁਐਸ ਹਰਬਰਟ ਨਾਲ ਹੋਵੇਗਾ, ਜਿਸ ਨੇ ਪਿਛਲੇ ਸਾਲ ਸੈਮੀਫਾਈਨਲ ਵਿਚ ਪਹੁੰਚੇ ਕੋਰੀਆ ਦੇ ਯੁੰਗ ਚਿਓਨ ਨੂੰ 4 ਸੈੱਟਾਂ ਨਾਲ ਹਰਾਇਆ। ਮਹਿਲਾ ਵਰਗ ਵਿਚ ਏਲਿਨਾ ਸਵਿਤੋਲਿਨਾ ਨੇ ਵਿਕਟੋਰੀਆ ਕੁਜਮੋਵਾ ਨੂੰ 6-4, 6-1 ਨਾਲ ਹਰਾਇਆ। ਉੱਥੇ ਹੀ ਕੈਰੋਲਿਨਾ ਪਲਿਸਕੋਵਾ ਨੇ ਮੇਡਿਸਨ ਬ੍ਰੇਂਗਲ ਨੂੰ 4-6, 6-1, 6-0 ਨਾਲ ਹਰਾਇਆ ਅਤੇ ਹੁਣ ਉਹ ਇਟਲੀ ਦੀ ਕੈਮਿਲਾ ਜਿਓਰਜੀ ਨਾਲ ਖੇਡੇਗੀ।