ਓਲੰਪਿਕ ਹਾਕੀ ਕੁਆਲੀਫਾਇਰ ਟੂਰਨਾਮੈਂਟ ਦਾ ਡਰਾਅ ਅੱਜ

09/09/2019 1:30:41 AM

ਨਵੀਂ ਦਿੱਲੀ— ਟੋਕੀਓ ਓਲੰਪਿਕ 2020 ਦੇ ਓਲੰਪਿਕ ਹਾਕੀ ਕੁਆਲੀਫਾਇਰ ਟੂਰਨਾਮੈਂਟ ਦਾ ਡਰਾਅ ਸਵਿਟਜ਼ਰਲੈਂਡ ਦੇ ਲੁਸਾਨੇ ਵਿਚ ਸੋਮਵਾਰ ਨੂੰ ਕੱਢਿਆ ਜਾਵੇਗਾ ਤੇ ਭਾਰਤ ਦਾ ਮੁਕਾਬਲਾ ਪਾਕਿਸਤਾਨ, ਆਸਟਰੀਆ ਜਾਂ ਰੂਸ ਨਾਲ ਹੋ ਸਕਦਾ ਹੈ। ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਦੇ ਡਰਾਅ ਪਾਰਟ ਦੀ ਪੁਸ਼ਟੀ ਹੋ ਗਈ ਹੈ। ਓਸੀਆਨਾ ਕੱਪ ਖਤਮ ਹੋਣ ਤੋਂ ਬਾਅਦ ਤਾਜ਼ਾ ਵਿਸ਼ਵ ਰੈਂਕਿੰਗ ਅਨੁਸਾਰ ਡਰਾਅ ਪਾਰਟਸ ਦੀ ਪੁਸ਼ਟੀ ਹੋਈ ਹੈ, ਜਿਸ ਵਿਚ ਓਲੰਪਿਕ ਦੇ ਡਰਾਅ ਦੇ ਮੈਚਾਂ ਨੂੰ ਤੈਅ ਕੀਤਾ ਜਾਵੇਗਾ। ਓਸੀਆਨਾ ਕੱਪ ਤੋਂ ਨਿਊਜ਼ੀਲੈਂਡ ਦੀ ਮਹਿਲਾ ਟੀਮ ਤੇ ਆਸਟਰੇਲੀਆ ਦੀ ਪੁਰਸ਼ ਟੀਮ ਚੈਂਪੀਅਨ ਬਣ ਕੇ ਟੋਕੀਓ ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰ ਗਈਆਂ ਹਨ।
ਪੁਰਸ਼ ਮੇਜ਼ਬਾਨ ਟੀਮ ਦੇ ਪਾਰਟ-1 ਵਿਚ ਹਾਲੈਂਡ, ਭਾਰਤ ਤੇ ਜਰਮਨੀ ਨੂੰ ਰੱਖਿਆ ਗਿਆ ਹੈ ਤੇ ਇਸ ਦਾ ਮੁਕਾਬਲਾ ਪਾਰਟ-4 ਦੀਆਂ ਬਾਹਰੀ ਟੀਮਾਂ ਪਾਕਿਸਤਾਨ, ਆਸਟਰੀਆ ਤੇ ਰੂਸ ਨਾਲ ਹੋਵੇਗਾ। ਮਿਸਰ ਨੇ ਓਲੰਪਿਕ ਕੁਆਲੀਫਾਇਰ ਤੋਂ ਖੁਦ ਨੂੰ ਹਟਾ ਲਿਆ ਹੈ ਤੇ ਉਸ ਦੀ ਜਗ੍ਹਾ ਅਗਲੀ ਰੈਂਕਿੰਗ ਦੀ ਟੀਮ ਰੂਸ ਨੇ ਲੈ ਲਈ ਹੈ।
ਪਾਰਟ-2 ਦੀਆਂ ਮੇਜ਼ਬਾਨ ਟੀਮਾਂ ਵਿਚ ਬ੍ਰਿਟੇਨ, ਸਪੇਨ, ਨਿਊਜ਼ੀਲੈਂਡ ਤੇ ਕੈਨੇਡਾ ਨੂੰ ਰੱਖਿਆ ਗਿਆ ਹੈ ਤੇ ਇਨ੍ਹਾਂ ਦਾ ਮੁਕਾਬਲਾ ਪਾਰਟ-3 ਦੀਆਂ ਬਾਹਰੀ ਟੀਮਾਂ ਮਲੇਸ਼ੀਆ, ਫਰਾਂਸ, ਆਇਰਲੈਂਡ ਤੇ ਕੈਨੇਡਾ ਵਿਚੋਂ ਕਿਸੇ ਨਾਲ ਡਰਾਅ ਅਨੁਸਾਰ ਹੋਵੇਗਾ।
ਮਹਿਲਾ ਵਰਗ ਵਿਚ ਭਾਰਤ ਪਾਰਟ-2 ਵਿਚ ਹੈ, ਜਿਸਦੀਆਂ ਹੋਰ ਟੀਮਾਂ ਸਪੇਨ, ਆਇਰਲੈਂਡ ਤੇ ਚੀਨ ਹਨ। ਇਸ ਪਾਰਟ ਦੀਆਂ ਟੀਮਾਂ ਦਾ ਮੁਕਾਬਲਾ ਪਾਰਟ-3 ਦੀਆਂ ਟੀਮਾਂ ਕੋਰੀਆ, ਬੈਲਜੀਅਮ, ਅਮਰੀਕਾ ਤੇ ਕੈਨੇਡਾ ਨਾਲ ਡਰਾਅ ਅਨੁਸਾਰ ਹੋਵੇਗਾ। ਪਾਰਟ-1 ਵਿਚ ਆਸਟਰੇਲੀਆ, ਜਰਮਨੀ ਤੇ ਬ੍ਰਿਟੇਨ ਹਨ ਤੇ ਇਨ੍ਹਾਂ ਦਾ ਮੁਕਾਬਲਾ ਪਾਰਟ-4 ਦੀਆਂ ਟੀਮਾਂ ਇਟਲੀ, ਚਿਲੀ ਤੇ ਰੂਸ ਨਾਲ ਡਰਾਅ ਅਨੁਸਾਰ ਹੋਵੇਗਾ।
ਓਲੰਪਿਕ ਕੁਆਲੀਫਾਇਰ 25 ਤੋਂ 27 ਅਕਤੂਬਰ ਤੇ 1-3 ਨਵੰਬਰ ਤਕ ਖੇਡੇ ਜਾਣਗੇ। ਮੈਚ ਪ੍ਰੋਗਰਾਮ ਤੇ ਸਥਾਨਾਂ ਦੀ ਪੁਸ਼ਟੀ ਡਰਾਅ ਤੋਂ ਬਾਅਦ ਕੀਤੀ ਜਾਵੇਗੀ। ਓਲੰਪਿਕ ਦਾ ਹਾਕੀ ਟੂਰਨਾਮੈਂਟ 25 ਜੁਲਾਈ ਤੋਂ 7 ਅਗਸਤ ਤਕ ਖੇਡਿਆ ਜਾਵੇਗਾ, ਜਿਸ ਵਿਚ 12 ਪੁਰਸ਼ ਤੇ 12 ਮਹਿਲਾ ਹਾਕੀ ਟੀਮਾਂ ਉਤਰਨਗੀਆਂ।
ਪੁਰਸ਼ ਵਰਗ ਵਿਚ ਜਾਪਾਨ, ਅਰਜਨਟੀਨਾ, ਦੱਖਣੀ ਅਫਰੀਕਾ, ਬੈਲਜੀਅਮ ਤੇ ਆਸਟਰੇਲੀਆ ਅਤੇ ਮਹਿਲਾ ਵਰਗ ਵਿਚ ਜਰਮਨ, ਅਰਜਨਟੀਨਾ, ਦੱਖਣੀ ਅਫਰੀਕਾ, ਹਾਲੈਂਡ ਤੇ ਨਿਊਜ਼ੀਲੈਂਡ ਕਾਂਟੀਨੈਂਟਲ ਚੈਂਪੀਅਨ ਹੋਣ ਕਾਰਨ ਕੁਆਲੀਫਾਈ ਕਰ ਚੁੱਕੇ ਹਨ।


Gurdeep Singh

Content Editor

Related News