ਓਲੰਪਿਕ ਦਿਹਾੜੇ ’ਤੇ ਵਿਸ਼ੇਸ਼ :‘ਸ਼ਾਂਤੀ ਦੀਆਂ ਦੂਤ ਤੇ ਖੇਡ ਸੱਭਿਆਚਾਰ ਦੇ ਫੈਲਾਅ ਦਾ ਪ੍ਰਤੀਕ ਇਹ ਖੇਡਾਂ’

06/23/2020 1:03:29 PM

ਨਵਦੀਪ ਸਿੰਘ ਗਿੱਲ

ਅੱਜ ਓਲੰਪਿਕ ਦਿਹਾੜਾ ਹੈ। ਇਸ ਨੂੰ ਮਨਾਉਣ ਦੀ ਸ਼ੁਰੂਆਤ 23 ਜੂਨ 1948 ਤੋਂ ਹੋਈ ਸੀ। ਇਸ ਦਿਨ ਨੂੰ ਓਲੰਪਿਕ ਦਿਵਸ ਮਨਾਉਣ ਲਈ ਇਸ ਲਈ ਚੁਣਿਆ ਗਿਆ, ਕਿਉਂਕਿ 23 ਜੂਨ 1894 ਨੂੰ ਪੈਰਿਸ ਵਿਖੇ ਆਧੁਨਿਕ ਓਲੰਪਿਕਸ ਦੇ ਜਨਮਦਾਤਾ ਕੂਬਰਤਿਨ ਨੇ ਮਾਡਰਨ ਓਲੰਪਿਕਸ ਸ਼ੁਰੂ ਕਰਵਾਉਣ ਦਾ ਫੈਸਲਾ ਕੀਤਾ ਸੀ। ਦੋ ਸਾਲਾਂ ਬਾਅਦ 1896 ਵਿੱਚ ਏਥਨਜ਼ ਵਿਖੇ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਕਰਵਾਈਆਂ ਗਈਆਂ, ਜਿਸ ਦਾ ਕਾਫਲਾ ਨਿਰੰਤਰ ਚੱਲਦਾ ਹੋਇਆ 2016 ਵਿੱਚ ਰੀਓ ਵਿਖੇ ਪੁੱਜਿਆ ਸੀ। 2020 ਦੀਆਂ ਓਲੰਪਿਕਸ ਟੋਕੀਓ ਵਿਖੇ ਹੋਣੀਆਂ ਸਨ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਚੱਲਦਿਆਂ ਇਕ ਸਾਲ ਲਈ ਅੱਗੇ ਪਾ ਦਿੱਤੀਆਂ। ਅੱਜ ਓਲੰਪਿਕ ਦਿਵਸ ਦੇ ਮੌਕੇ ਦੁਨੀਆਂ ਭਰ ਦੇ ਓਲੰਪੀਅਨ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਖਿਡਾਰੀ ਅੱਜ ਇਹ ਕਾਮਨਾ ਵੀ ਕਰ ਰਹੇ ਹਨ ਕਿ ਕੋਰੋਨਾ ਮਹਾਮਾਰੀ ਤੋਂ ਜਲਦੀ ਛੁਟਕਾਰਾ ਪਵੇ ਅਤੇ ਅਗਲੇ ਸਾਲ ਟੋਕੀਓ ਵਿਖੇ ਦੁਨੀਆਂ ਦਾ ਸਭ ਤੋਂ ਵੱਡਾ ਖੇਡ ਮੇਲਾ ਜੁੜੇ।

ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ 1896 'ਚ ਏਥਨਜ਼ (ਯੂਨਾਨ) ਵਿਖੇ ਜ਼ਰੂਰ ਹੋਈ ਸੀ ਪਰ ਓਲੰਪਿਕ ਖੇਡਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਹ ਖੇਡਾਂ ਸਿਰਫ ਓਲੰਪਿਕ ਖੇਡਾਂ ਨਾਲ ਪੁਕਾਰੀਆਂ ਜਾਂਦੀਆਂ ਹਨ ਪਰ ਅਸਲੀਅਤ ਵਿਚ ਜੇ ਇਤਿਹਾਸ 'ਤੇ ਝਾਤ ਮਾਰੀ ਜਾਵੇ ਤਾਂ ਇਹ ਨਵੀਨ ਓਲੰਪਿਕ ਖੇਡਾਂ ਹਨ। 1896 'ਚ ਸ਼ੁਰੂ ਹੋਈਆਂ ਇਹ ਖੇਡਾਂ ਓਲੰਪਿਕ ਖੇਡਾਂ ਦਾ ਪਹਿਲਾ ਦੌਰ ਨਹੀਂ ਸੀ। ਇਸ ਤੋਂ ਪਹਿਲਾਂ ਵੀ ਓਲੰਪਿਕ ਖੇਡਾਂ ਹੁੰਦੀਆਂ ਸਨ। ਪਹਿਲੀਆਂ (ਪੁਰਾਤਨ) ਓਲੰਪਿਕ ਖੇਡਾਂ ਜੋ 776 ਈਸਾ ਪੂਰਵ (ਬੀ.ਸੀ.) ਵਿਚ ਸ਼ੁਰੂ ਹੋਈਆਂ ਸਨ ਅਤੇ 394 ਈਸਵੀ (ਏ.ਡੀ.) 'ਚ ਬੰਦ ਹੋ ਗਈਆਂ ਸਨ। ਪੁਰਾਤਨ ਓਲੰਪਿਕ ਖੇਡਾਂ ਦੇ ਬੰਦ ਹੋਣ ਤੋਂ 1502 ਸਾਲਾਂ ਬਾਅਦ ਮੁੜ ਇਹ ਖੇਡਾਂ ਸ਼ੁਰੂ ਹੋਈਆਂ ਸਨ। ਪਹਿਲੀਆਂ/ਮੁੱਢਲੀਆਂ/ਪੁਰਾਤਨ ਓਲੰਪਿਕ ਖੇਡਾਂ 776 ਬੀ.ਸੀ. ਤੋਂ 394 ਏ.ਡੀ. ਤਕ ਹੋਈਆਂ ਅਤੇ 1896 ਤੋਂ ਹੁਣ ਤਕ ਜਾਰੀ ਖੇਡਾਂ ਨਵੀਨ ਓਲੰਪਿਕ ਖੇਡਾਂ ਹਨ।

ਓਲੰਪਿਕ ਖੇਡਾਂ ਬਾਰੇ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਪਰ ਮੰਨੀ-ਪ੍ਰਮੰਨੀ ਮਿੱਥ ਅਨੁਸਾਰ ਪੁਰਾਤਨ ਓਲੰਪਿਕ ਖੇਡਾਂ ਦਾ ਮੁੱਢ 776 ਬੀ.ਸੀ. 'ਚ ਉਸ ਵੇਲੇ ਬੱਝਿਆ ਜਦੋਂ ਯੂਨਾਨ ਛੋਟੇ-ਛੋਟੇ ਰਾਜਾਂ ਵਿਚ ਵੰਡਿਆ ਹੋਇਆ ਸੀ। ਇਹ ਰਾਜ ਆਪਸ ਵਿਚ ਲੜਦੇ ਰਹਿੰਦੇ ਸਨ ਅਤੇ ਇਨ੍ਹਾਂ ਲੜਾਈ-ਝਗੜਿਆਂ ਤੋਂ ਤੰਗ ਆ ਕੇ ਯੂਨਾਨ ਦੇ ਰਾਜਾ ਨੇ ਕਿਸੇ ਜੋਤਸ਼ੀ ਤੋਂ ਸਲਾਹ ਲਈ। ਸਲਾਹ ਮੰਨ ਕੇ ਰਾਜੇ ਨੇ ਖੇਡਾਂ ਕਰਵਾਉਣੀਆਂ ਸ਼ੁਰੂ ਕੀਤੀਆਂ। ਖੇਡਾਂ ਜ਼ਰੀਏ ਸ਼ਾਂਤੀ ਦਾ ਮਾਹੌਲ ਸਿਰਜਿਆ ਗਿਆ। ਇਸੇ ਕਾਰਨ ਖੇਡਾਂ ਹੁਣ ਤਕ ਸ਼ਾਂਤੀ/ਅਮਨ ਦੇ ਦੂਤ ਵਜੋਂ ਜਾਣੀਆਂ ਜਾਂਦੀਆਂ ਹਨ ਅਤੇ 'ਸਪੋਰਟਸਮੈਨ ਸਪਿਰਟ' ਸ਼ਬਦ ਇਸੇ 'ਚੋਂ ਨਿਕਲਿਆ ਹੈ। ਮੁੱਢਲੇ ਸਮਿਆਂ 'ਚ ਸਿਰਫ ਦੌੜਾਂ ਹੀ ਕਰਵਾਈਆਂ ਜਾਂਦੀਆਂ ਸਨ ਅਤੇ ਹੌਲੀ ਹੌਲੀ ਇਨ੍ਹਾਂ ਖੇਡਾਂ ਵਿਚ ਬਾਕੀ ਮੁਕਾਬਲੇ ਸ਼ੁਰੂ ਹੋਏ। 394 ਏ.ਡੀ. ਤਕ ਪ੍ਰਾਚੀਨ ਓਲੰਪਿਕ ਖੇਡਾਂ ਠੀਕ-ਠਾਕ ਚੱਲਦੀਆਂ ਰਹੀਆਂ। ਲੜਾਈ-ਝਗੜੇ ਖਤਮ ਕਰਨ ਲਈ ਸ਼ੁਰੂ ਹੋਈਆਂ ਓਲੰਪਿਕ ਖੇਡਾਂ 394 ਏ.ਡੀ. ਤਕ ਪਹੁੰਚਦੀਆਂ ਹੋਈਆਂ ਖੁਦ ਲੜਾਈ-ਝਗੜਿਆਂ ਦਾ ਕਾਰਨ ਬਣ ਗਈਆਂ ਸਨ। ਖੇਡਾਂ ਨੂੰ ਲੈ ਕੇ ਹੁੰਦੇ ਲੜਾਈ-ਝਗੜਿਆਂ ਤੋਂ ਤੰਗ ਆ ਕੇ ਉਸ ਵੇਲੇ ਯੂਨਾਨ 'ਤੇ ਕਾਬਜ਼ ਰੋਮਨ ਦੇ ਰਾਜਾ ਥਿਊਡੀਸੀਅਸ ਨੇ ਖੇਡਾਂ ਬੰਦ ਕਰਵਾ ਦਿੱਤੀਆਂ।

PunjabKesari

ਪ੍ਰਾਚੀਨ ਓਲੰਪਿਕ ਖੇਡਾਂ ਬੰਦ ਹੋਣ ਤੋਂ ਬਾਅਦ 15 ਸਦੀਆਂ ਦੇ ਵਕਫੇ ਦੌਰਾਨ ਸਮੇਂ-ਸਮੇਂ ਵਿਚਾਰਾਂ ਹੁੰਦੀਆਂ ਰਹੀਆਂ ਕਿ ਇਹ ਖੇਡਾਂ ਮੁੜ ਸ਼ੁਰੂ ਕਰਵਾਈਆਂ ਜਾਣ ਪਰ ਕਿਤੇ ਵੀ ਬੂਰ ਨਹੀਂ ਪਿਆ। ਆਖਰ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਫਰਾਂਸ ਸਰਕਾਰ ਨੇ ਸਰੀਰਕ ਸਿੱਖਿਆ ਦੇ ਅਧਿਆਪਕ ਬੈਰਲ ਪੀਅਰੇ ਡੀ ਕੂਬਰਤਿਨ ਨੂੰ ਜ਼ਿੰਮਾ ਸੌਂਪਿਆ। ਕੂਬਰਤਿਨ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਓਲੰਪਿਕ ਖੇਡਾਂ ਮੁੜ ਸ਼ੁਰੂ ਕਰਵਾਉਣ ਲਈ ਵੱਖ-ਵੱਖ ਮੁਲਕਾਂ ਦੇ ਨੁਮਾਇੰਦਿਆਂ ਦੀਆਂ ਮੀਟਿੰਗਾਂ ਹੋਈਆਂ। 1894 'ਚ ਓਲੰਪਿਕ ਖੇਡਾਂ ਨੂੰ ਮੁੜ ਕਰਵਾਉਣ ਦੀ ਯੋਜਨਾ ਪੱਕੇ ਪੈਰੀ ਹੋਈ। ਇਹ ਯੋਜਨਾ 24 ਜੂਨ ਨੂੰ ਪੈਰਿਸ ਵਿਖੇ ਸਿਰੇ ਬਣੀ ਕਰਕੇ ਹੀ ਇਸ ਦਿਨ ਨੂੰ ਓਲੰਪਿਕ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਨਵੀਨ ਓਲੰਪਿਕ ਖੇਡਾਂ ਦੇ ਨਾਂ 'ਤੇ ਪਹਿਲੀਆਂ ਖੇਡਾਂ 1896 'ਚ ਏਥਨਜ਼ (ਯੂਨਾਨ) ਅਤੇ ਦੂਜੀਆਂ ਖੇਡਾਂ 1900 'ਚ ਪੈਰਿਸ (ਫਰਾਂਸ) ਵਿਖੇ ਕਰਵਾਉਣ ਦਾ ਫੈਸਲਾ ਹੋਇਆ। ਹਾਲਾਂਕਿ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਹਾਸਲ ਕਰਨ ਲਈ ਫਰਾਂਸ ਪੱਬਾਂ ਭਾਰ ਸੀ ਪਰ ਖੇਡਾਂ ਦੀ ਰਵਾਇਤ ਅਤੇ ਮੁੱਢ ਯੂਨਾਨ ਨਾਲ ਜੁੜਿਆ ਹੋਣ ਕਰਕੇ ਪਹਿਲੀਆਂ ਓਲੰਪਿਕ ਖੇਡਾਂ ਏਥਨਜ਼ ਨੂੰ ਮਿਲੀਆਂ ਅਤੇ ਫਰਾਂਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਇਨਾਮ ਵਜੋਂ ਦੂਜੀਆਂ ਖੇਡਾਂ ਪੈਰਿਸ ਨੂੰ ਮਿਲੀਆਂ।

ਇਸ ਤਰ੍ਹਾਂ ਨਵੀਨ ਓਲੰਪਿਕ ਖੇਡਾਂ ਦਾ ਮੁੱਢ ਬੱਝ ਗਿਆ ਅਤੇ ਇਹ ਹਰ ਚਾਰ ਸਾਲਾਂ ਦੇ ਵਕਫੇ ਬਾਅਦ ਕਰਵਾਉਣ ਦਾ ਸਮਾਂ ਮਿੱਥਿਆ ਗਿਆ। 1896 'ਚ ਸ਼ੁਰੂ ਹੋਈਆਂ ਖੇਡਾਂ 108 ਸਾਲਾਂ ਬਾਅਦ 2004 'ਚ ਮੁੜ ਓਲੰਪਿਕਸ ਦੇ ਜਨਮਦਾਤਾ ਮੁਲਕ ਏਥਨਜ਼ (ਯੂਨਾਨ) ਵਿਖੇ ਹੋਈਆਂ। ਨਵੀਨ ਓਲੰਪਿਕ ਖੇਡਾਂ ਦੇ ਹੁਣ ਤੱਕ ਦੇ 124 ਸਾਲਾਂ ਇਤਿਹਾਸ 'ਚ ਇਨ੍ਹਾਂ ਖੇਡਾਂ ਨੇ ਸਭ ਤੋਂ ਵੱਧ ਤਰੱਕੀ ਕੀਤੀ ਅਤੇ ਹਰ ਵਾਰ ਨਵੇਂ ਰੂਪ 'ਚ ਸਾਹਮਣੇ ਆਈਆਂ। ਖੇਡਾਂ 'ਚ ਹਿੱਸਾ ਲੈਣ ਵਾਲੇ ਮੁਲਕਾਂ, ਖਿਡਾਰੀਆਂ ਤੇ ਈਵੈਂਟਾਂ ਦੀ ਗਿਣਤੀ ਪੱਖੋਂ, ਜਿਥੇ ਇਨ੍ਹਾਂ ਖੇਡਾਂ ਨੇ ਤਰੱਕੀ ਕੀਤੀ ਉਥੇ ਖੇਡਾਂ 'ਤੇ ਰਾਜਨੀਤੀ ਵੀ ਹਰ ਸਮੇਂ ਭਾਰੂ ਰਹੀ। ਵਿਸ਼ਵ ਅੰਦਰ ਵਾਪਰਦੀਆਂ ਰਾਜਸੀ ਘਟਨਾਵਾਂ ਦਾ ਸਭ ਤੋਂ ਵਧ ਅਸਰ ਇਨ੍ਹਾਂ ਖੇਡਾਂ ਉਪਰ ਹੋਇਆ। ਇਸੇ ਕਾਰਨ ਚਾਰ ਸਾਲਾਂ ਦੇ ਵਕਫੇ ਬਾਅਦ ਹੋਣ ਵਾਲੀਆਂ ਖੇਡਾਂ 'ਚ ਤਿੰਨ ਵਾਰ ਵਿਘਨ ਪਿਆ, ਜਦੋਂ ਓਲੰਪਿਕ ਖੇਡਾਂ ਨਹੀਂ ਕਰਵਾਈਆਂ ਗਈਆਂ। ਪਹਿਲੀ ਵਾਰ 1916 'ਚ ਓਲੰਪਿਕ ਖੇਡਾਂ ਦੇ ਰਾਹ ਵਿਚ ਅੜਿੱਕਾ ਆਇਆ ਜਦੋਂ ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਸੀ। ਇਸ ਤੋਂ ਬਾਅਦ 1940 ਤੇ 1944 'ਚ  ਦੋ ਵਾਰ ਇਨ੍ਹਾਂ ਖੇਡਾਂ ਦਾ ਮੁਕਾਬਲਾ ਰੁਕਿਆ ਜਦੋਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ। ਚੌਥੀ ਵਾਰ ਹੁਣ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਖੇਡਾਂ ਇਕ ਸਾਲ ਲਈ ਟਲੀਆਂ ਹਨ। 2020 ਦੀਆਂ ਓਲੰਪਿਕ ਖੇਡਾਂ ਟੋਕੀਓ ਵਿਖੇ ਹੋਣੀਆਂ ਸਨ ਜੋ ਹੁਣ ਇਕ ਸਾਲ ਅੱਗੇ ਪੈ ਗਈਆਂ। ਖੇਡਾਂ 'ਤੇ ਵਿਸ਼ਵ ਦੇ ਵੱਡੇ ਤਾਕਤ ਮੁਲਕਾਂ ਅਮਰੀਕਾ, ਰੂਸ, ਜਰਮਨੀ ਦੀਆਂ ਨੀਤੀਆਂ ਦਾ ਵੀ ਅਸਰ ਹੋਇਆ। 1972 ਵਿਚ ਪਹਿਲੀ ਵਾਰ ਇਨ੍ਹਾਂ ਖੇਡਾਂ ਉਪਰ ਅਤਿਵਾਦੀਆਂ ਦਾ ਹਮਲਾ ਹੋਇਆ, ਜਦੋਂ ਫਿਲਸਤੀਨ ਦੇ ਗੁਰੀਲਿਆਂ ਨੇ ਇਸਰਾਈਲ ਦੇ 9 ਬੇਦੋਸ਼ੇ ਖਿਡਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ 5 ਸਤੰਬਰ 1972 ਨੂੰ ਮਿਊਨਿਖ ਵਿਖੇ ਵਾਪਰੀ। ਇਸ ਘਟਨਾ ਕਾਰਨ 24 ਘੰਟੇ ਵਾਸਤੇ ਖੇਡਾਂ ਰੋਕੀਆਂ ਗਈਆਂ। 1996 'ਚ ਐਟਲਾਂਟਾ ਵਿਖੇ ਖੇਡਾਂ ਦੌਰਾਨ ਸਟੇਡੀਅਮ ਨੇੜੇ ਧਮਾਕਾ ਹੋਇਆ। 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਤੋਂ ਪਹਿਲਾਂ ਵੀ ਤਿੱਬਤ ਨੇ ਆਪਣੇ ਵਿਰੋਧ ਨੂੰ ਓਲੰਪਿਕ ਖੇਡਾਂ 'ਤੇ ਕੇਂਦਰਿਤ ਕੀਤਾ।

ਇਸੇ ਤਰ੍ਹਾਂ ਓਲੰਪਿਕ ਖੇਡਾਂ ਉਪਰ ਰਾਜਸੀ ਘਟਨਾਵਾਂ ਦਾ ਵੀ ਅਸਰ ਹੁੰਦਾ ਰਿਹਾ। 1980 ਵਿਚ ਮਾਸਕੋ ਵਿਖੇ ਹੋਈਆਂ ਓਲੰਪਿਕ ਖੇਡਾਂ ਦੌਰਾਨ ਅਮਰੀਕਾ ਪੱਖੀ ਮੁਲਕਾਂ ਨੇ ਖੇਡਾਂ ਦਾ ਬਾਈਕਾਟ ਕੀਤਾ ਅਤੇ ਫਿਰ 1984 'ਚ ਲਾਸ ਏਂਜਲਸ ਵਿਖੇ ਹੋਈਆਂ ਓਲੰਪਿਕ ਖੇਡਾਂ 'ਚ ਰੂਸ-ਪੱਖੀ ਮੁਲਕਾਂ ਨੇ ਬਾਈਕਾਟ ਕੀਤਾ। ਪ੍ਰਾਚੀਨ ਓਲੰਪਿਕ ਖੇਡਾਂ ਤੋਂ ਬਾਅਦ ਨਵੀਨ ਓਲੰਪਿਕ ਖੇਡਾਂ ਹਰ ਚਾਰ ਸਾਲਾਂ ਦੇ ਵਕਫੇ ਬਾਅਦ ਨਿਰੰਤਰ ਚੱਲਦੀਆਂ ਆ ਰਹੀਆਂ ਹਨ।

ਓਲੰਪਿਕ ਖੇਡਾਂ 'ਚ ਸਰਦਾਰੀ ਲਈ ਹਰ ਮੁਲਕ ਆਪਣੇ ਤੌਰ 'ਤੇ ਪੂਰੀ ਵਾਹ ਲਾਉਂਦਾ ਹੈ ਅਤੇ ਕੋਈ ਵੀ ਮੁਲਕ ਦੂਜੇ ਨੂੰ ਪਛਾੜਨ ਲਈ ਪੂਰੀ ਅੱਡੀ-ਚੋਟੀ ਦਾ ਜ਼ੋਰ ਲਾਉਂਦਾ ਹੈ। ਓਲੰਪਿਕ ਤਮਗਾ ਸੂਚੀ 'ਚ ਸਿਖਰਲਾ ਸਥਾਨ ਹਾਸਲ ਕਰਨਾ ਸਦਾ ਹੀ ਟੀਚਾ ਰਿਹਾ ਹੈ। ਓਲੰਪਿਕ ਖੇਡਾਂ ਦੇ ਇਤਿਹਾਸ 'ਚ ਸਮੇਂ-ਸਮੇਂ ਸਰਦਾਰੀਆਂ ਬਦਲਦੀਆਂ ਰਹੀਆਂ ਹਨ ਅਤੇ ਕਈ ਮੌਕਿਆਂ 'ਤੇ ਨਵਾਂ ਮੁਲਕ ਅੱਗੇ ਆਉਂਦਾ ਰਿਹਾ ਹੈ ਪਰ ਕੁੱਲ ਮਿਲਾ ਕੇ ਅਮਰੀਕਾ ਦੀ ਓਲੰਪਿਕ 'ਤੇ ਸਰਦਾਰੀ ਰਹੀ ਹੈ। ਅਮਰੀਕਾ ਨੂੰ ਰੂਸ, ਜਰਮਨੀ ਤੋਂ ਜਿਥੇ ਸਮੇਂ-ਸਮੇਂ ਟੱਕਰ ਮਿਲੀ, ਉਥੇ ਮੌਜੂਦਾ ਦੌਰ 'ਚ ਚੀਨ ਉਸ ਦੇ ਕੰਧੇੜਿਆਂ 'ਤੇ ਚੜ੍ਹ ਗਿਆ ਹੈ। ਅਮਰੀਕਾ ਨੇ ਚੀਨ ਨੂੰ ਫੇਰ ਪਿੱਛੇ ਛੱਡਿਆ।

1896 ਤੋਂ 1952 ਤੱਕ ਪਹਿਲੀਆਂ ਬਾਰਾਂ ਓਲੰਪਿਕ ਖੇਡਾਂ 'ਚ ਜ਼ਿਆਦਾਤਰ ਅਮਰੀਕਾ ਦੀ ਹੀ ਸਰਦਾਰੀ ਰਹੀ। ਸਿਰਫ ਕੁਝ ਮੌਕਿਆਂ 'ਤੇ ਮੇਜ਼ਬਾਨਾਂ ਨੇ ਹੂੰਝਾ ਫੇਰਿਆ। ਜਿਵੇਂ 1900 'ਚ ਪੈਰਿਸ ਵਿਖੇ ਫਰਾਂਸ, 1908 'ਚ ਲੰਡਨ ਵਿਖੇ ਬਰਤਾਨੀਆ, 1912 'ਤੇ ਸਟਾਕਹੋਮ ਵਿਖੇ ਸਵੀਡਨ, 1936 'ਚ ਬਰਲਿਨ ਵਿਖੇ ਜਰਮਨੀ ਨੇ ਆਪਣੀ ਮੇਜ਼ਬਾਨੀ 'ਚ ਤਮਗਾ ਸੂਚੀ ਦਾ ਸਿਖਰ ਛੂਹਿਆ। ਇਸ ਦੌਰ ਤੱਕ ਅਮਰੀਕਾ ਨੂੰ ਟੱਕਰ ਦੇਣ ਵਾਲਾ ਕੋਈ ਮੁਲਕ ਨਹੀਂ ਸੀ।

ਸੋਵੀਅਤ ਸੰਘ (ਮੌਜੂਦਾ ਰੂਸ) ਨੇ ਇਨਕਲਾਬ ਤੋਂ ਬਾਅਦ ਪਹਿਲੀ ਵਾਰ 1952 'ਚ ਹੈਲਸਿੰਕੀ ਓਲੰਪਿਕ ਖੇਡਾਂ 'ਚ ਭਾਗ ਲਿਆ ਅਤੇ ਤਮਗਾ ਸੂਚੀ 'ਚ ਦੂਜਾ ਸਥਾਨ ਹਾਸਲ ਕਰਕੇ ਅਮਰੀਕਾ ਨੂੰ ਅੱਖਾਂ ਦਿਖਾਈਆਂ। ਹੁਣ ਵਾਰੀ ਰੂਸ ਦੀ ਸਰਦਾਰੀ ਕਰਨ ਦੀ ਸੀ। 1956 ਤੇ 1960 'ਚ ਦੋਵੇਂ ਓਲੰਪਿਕ ਖੇਡਾਂ 'ਚ ਸੋਵੀਅਤ ਸੰਘ ਨੇ ਅਮਰੀਕਾ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਇਹ ਉਹ ਮੌਕਾ ਸੀ ਜਦੋਂ ਓਲੰਪਿਕ 'ਚ ਅਮਰੀਕਾ ਤੇ ਸੋਵੀਅਤ ਸੰਘ ਦੋ ਤਕੜੇ ਵਿਰੋਧੀ ਆਹਮੋ-ਸਾਹਮਣੇ ਹੋਏ। 1964 ਤੇ 1968 ਦੀ ਓਲੰਪਿਕ 'ਚ ਅਮਰੀਕਾ ਨੇ ਮੁੜ ਸਰਦਾਰੀ ਕਾਇਮ ਕੀਤੀ ਅਤੇ ਫਿਰ 1972, 1976 ਤੇ 1980 ਦੀ ਓਲੰਪਿਕ 'ਚ ਸੋਵੀਅਤ ਸੰਘ ਨੇ ਬਾਜ਼ੀ ਮਾਰੀ।  1984 'ਚ ਆਪਣੀ ਮੇਜ਼ਬਾਨੀ 'ਚ ਅਮਰੀਕਾ ਨੇ ਤਾਜ ਫਿਰ ਪਹਿਨਾਇਆ ਅਤੇ ਫਿਰ 1988 ਤੇ 1992 'ਚ ਰੂਸ ਨੇ ਆਖਰੀ ਵਾਰ ਸਾਂਝੀ ਟੀਮ ਰਾਹੀਂ ਸ਼ਮੂਲੀਅਤ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਸੋਵੀਅਤ ਸੰਘ ਦੇ ਟੁੱਟਣ ਨਾਲ ਓਲਪਿਕਸ 'ਚ ਉਨ੍ਹਾਂ ਦੀ ਮੁਹਿੰਮ ਨੂੰ ਧੱਕਾ ਪੁੱਜਿਆ। 1996, 2000 ਤੇ 2004 'ਚ ਅਮਰੀਕਾ ਮੁੜ ਪਹਿਲੇ ਸਥਾਨ 'ਤੇ ਰਿਹਾ। ਇਸ ਦੌਰ 'ਚ ਤੇਜ਼ੀ ਨਾਲ ਅੱਗੇ ਵਧੇ ਚੀਨ ਨੇ ਪੌੜੀ ਦਰ ਪੌੜੀ 2004 'ਚ ਦੂਜਾ ਸਥਾਨ ਹਾਸਲ ਕਰ ਲਿਆ ਸੀ ਅਤੇ ਬੀਜਿੰਗ ਵਿਖੇ 50 ਸੋਨ ਤਮਗਿਆਂ ਨਾਲ ਚੀਨ ਨੇ ਅਮਰੀਕਾ ਨੂੰ ਪਛਾੜ ਕੇ ਓਲੰਪਿਕ ਖੇਡਾਂ ਦੀ ਤਮਗਾ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ। 2012 ਵਿੱਚ ਲੰਡਨ ਤੇ 2016 ਵਿੱਚ ਰੀਓ ਵਿਖੇ ਅਮਰੀਕਾ ਨੇ ਫੇਰ ਬਾਜ਼ੀ ਮਾਰੀ।

PunjabKesari

ਓਲੰਪਿਕਸ ਵਿਚ ਜਰਮਨੀ ਨੇ ਕਈ ਖੇਡਾਂ 'ਚ ਦੋ ਵੱਖ-ਵੱਖ ਮੁਲਕਾਂ ਪੂਰਬੀ ਤੇ ਪੱਛਮੀ ਜਰਮਨੀ ਦੇ ਤੌਰ 'ਤੇ ਹਿੱਸਾ ਲਿਆ ਅਤੇ ਫਿਰ ਵੀ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਦਿਖਾਇਆ। ਬਰਲਿਨ ਦੀ ਕੰਧ ਢਹਿਣ ਨਾਲ ਇਕੱਠੇ ਹੋਏ ਜਰਮਨੀ ਨੇ ਹੋਰ ਵੀ ਤਾਕਤ ਨਾਲ ਖੇਡਾਂ 'ਚ ਹਿੱਸਾ ਲਿਆ। ਪੂਰਬੀ ਜਰਮਨੀ ਤਾਂ ਇਕੱਲਿਆਂ ਹੀ ਆਪਣੇ ਦਮ 'ਤੇ ਬਾਜ਼ੀ ਮਾਰਦਾ ਰਿਹਾ।

ਓਲੰਪਿਕ ਝੰਡਾ: 
ਸਫੈਦ ਰੰਗ 'ਤੇ ਪੰਜ ਵੱਖ-ਵੱਖ ਰੰਗਾਂ ਦੇ ਚੱਕਰਾਂ ਵਾਲਾ ਝੰਡਾ ਓਲੰਪਿਕ ਖੇਡਾਂ ਦੀ ਨਿਸ਼ਾਨੀ ਹੈ। ਇਹ ਝੰਡਾ ਦੇਖ ਕੇ ਆਪਣੇ ਆਪ ਓਲੰਪਿਕ ਖੇਡਾਂ ਯਾਦ ਆ ਜਾਂਦੀਆਂ ਹਨ। ਇਸ ਝੰਡੇ ਉਪਰ ਪੰਜ ਚੱਕਰ ਪੰਜ ਖਿੱਤਿਆਂ/ਮਹਾਂਦੀਪਾਂ ਦੇ ਪ੍ਰਤੀਕ ਹਨ। ਅਮਰੀਕਾ (ਉੱਤਰੀ ਤੇ ਦੱਖਣੀ ਅਮਰੀਕਾ), ਏਸ਼ੀਆ, ਯੂਰਪ, ਅਫਰੀਕਾ ਤੇ ਆਸਟਰੇਲੀਆ ਦੀ ਹਾਜ਼ਰੀ ਲਾਉਂਦੇ ਪੰਜ ਚੱਕਰਾਂ 'ਚੋਂ ਤਿੰਨ ਉਪਰ ਤੇ ਦੋ ਹੇਠਾਂ ਇਕ ਦੂਜੇ ਵਿਚਕਾਰੋਂ ਗੁਜ਼ਰਦੇ ਹਨ। ਉਪਰਲੇ ਤਿੰਨ ਚੱਕਰਾਂ ਦੇ ਰੰਗ ਨੀਲਾ, ਕਾਲਾ ਤੇ ਲਾਲ ਅਤੇ ਹੇਠਲੇ ਦੋ ਚੱਕਰਾਂ ਦੇ ਰੰਗ ਪੀਲਾ ਤੇ ਹਰਾ ਹੁੰਦੇ ਹਨ। ਓਲੰਪਿਕ ਖੇਡਾਂ ਦਾ ਝੰਡਾ ਪਹਿਲੀ ਵਾਰ 1920 ਵਿਚ ਐਂਟਵਰਪ (ਬੈਲਜੀਅਮ) ਵਿਖੇ ਹੋਈਆਂ ਓਲੰਪਿਕ ਖੇਡਾਂ ਦੌਰਾਨ ਲਹਿਰਾਇਆ ਗਿਆ। ਉਦਘਾਟਨੀ ਸਮਾਰੋਹ 'ਤੇ ਲਹਿਰਾਇਆ ਜਾਣ ਵਾਲਾ ਝੰਡਾ ਸਮਾਪਤੀ ਸਮਾਰੋਹ ਮੌਕੇ ਉਤਾਰ ਕੇ ਅਗਲੀਆਂ ਖੇਡਾਂ ਦੀ ਮੇਜ਼ਬਾਨੀ ਕਰਨ ਵਾਲੇ ਮੁਲਕ ਦੀ ਓਲੰਪਿਕ ਕਮੇਟੀ ਨੂੰ ਸੌਂਪ ਦਿੱਤਾ ਜਾਂਦਾ ਹੈ।

ਸਹੁੰ ਚੁੱਕਣੀ: 
1920 ਦੀਆਂ ਐਂਟਵਰਮ ਖੇਡਾਂ ਦੌਰਾਨ ਹੀ ਸ਼ੁਰੂ ਹੋਈ ਸਹੁੰ ਚੁੱਕ ਰਸਮ ਉਦਘਾਟਨੀ ਸਮਾਰੋਹ ਮੌਕੇ ਨਿਭਾਈ ਜਾਂਦੀ ਹੈ। ਉਸ ਵੇਲੇ ਮੇਜ਼ਬਾਨ ਮੁਲਕ ਦਾ ਕੋਈ ਵੀ ਚੋਟੀ ਦਾ ਖਿਡਾਰੀ ਓਲੰਪਿਕ ਝੰਡੇ ਨੂੰ ਹੱਥ 'ਚ ਫੜ ਕੇ ਪੂਰੇ ਮੁਲਕਾਂ ਦੇ ਸਮੂਹ ਖਿਡਾਰੀਆਂ ਵੱਲੋਂ ਸੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕਦਾ ਹੈ। ਪਹਿਲੀ ਵਾਰ ਸਹੁੰ ਚੁੱਕਣ ਦੀ ਰਸਮ ਬੈਲਜੀਅਮ ਦੇ ਵਿਕਟਰ ਬੋਇਨ ਨੇ ਨਿਭਾਈ ਸੀ।

ਸਹੁੰ ਚੁੱਕਣ ਦੇ ਸ਼ਬਦ:
"We swear that we will take part in Olympics 7ames in a Spirit of 3hivalry for the honour of our 3ountry and for the glory of sport"

ਓਲੰਪਿਕ ਖੇਡਾਂ ਅਤੇ ਭਾਰਤ:
ਓਲੰਪਿਕ ਖੇਡਾਂ 'ਚ ਤਮਗਾ ਜਿੱਤਣ ਵਿਚ ਭਾਰਤ ਦਾ ਹੱਥ ਸਦਾ ਤੰਗ ਰਿਹਾ। ਵਿਸ਼ਵ ਦੇ ਇਸ ਵੱਡੇ ਖੇਡ ਕੁੰਭ 'ਚ ਭਾਰਤੀ ਖਿਡਾਰੀ ਮੁੱਢਲੇ ਦੌਰਾਂ 'ਚ ਹੀ ਪਛੜ ਜਾਂਦੇ ਹਨ। ਬਹੁਤੀਆਂ ਖੇਡਾਂ 'ਚ ਤਾਂ ਭਾਰਤੀ ਖਿਡਾਰੀ ਕੁਆਲੀਫਾਇੰਗ ਦੌਰ ਵਿਚ ਲੁੜਕ ਜਾਂਦੇ ਹਨ। ਹੁਣ ਤੱਕ ਭਾਰਤ ਨੇ ਓਲੰਪਿਕ ਖੇਡਾਂ ਵਿੱਚ ਕੁੱਲ 28 ਤਮਗ ਜਿੱਤੇ ਹਨ, ਜਿਨ੍ਹਾਂ ਵਿੱਚੋਂ 9 ਸੋਨੇ, 7 ਚਾਂਦੀ ਤੇ 12 ਕਾਂਸੀ ਦੇ ਤਮਗੇ ਸ਼ਾਮਲ ਹਨ। 1900 ਦੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਨਾਰਮਨ ਪਿਚਰਡ ਨੇ ਭਾਰਤ ਵੱਲੋਂ ਆਪਣੇ ਪੱਧਰ 'ਤੇ ਐਂਟਰੀ ਕਰਵਾ ਕੇ ਹਿੱਸਾ ਲਿਆ ਸੀ ਅਤੇ ਦੋ ਚਾਂਦੀ ਦੇ ਤਮਗੇ ਜਿੱਤੇ ਸਨ। ਇਹ ਪਹਿਲੇ ਭਾਰਤੀ ਤਮਗੇ ਸਨ ਪਰ ਇਨ੍ਹਾਂ ਨੂੰ ਭਾਰਤ ਵੱਲੋਂ ਜਿੱਤੇ ਅਧਿਕਾਰਤ ਤਮਗਿਆਂ ਵਿੱਚ ਨਹੀਂ ਗਿਣਿਆ ਜਾਂਦਾ। ਕਿਉਂਕਿ ਭਾਰਤ ਨੇ ਓਲੰਪਿਕ ਖੇਡਾਂ ਵਿੱਚ 1928 ਤੋਂ ਹਿੱਸਾ ਲੈਣਾ ਸ਼ੁਰੂ ਕੀਤਾ। ਭਾਰਤ ਨੇ ਇਕੱਲੇ ਹਾਕੀ ਖੇਡ ਵਿੱਚ 11 ਤਮਗੇ ਜਿੱਤੇ ਹਨ, ਜਿਨ੍ਹਾਂ ਵਿੱਚੋਂ 8 ਸੋਨੇ, 1 ਚਾਂਦੀ ਤੇ 2 ਕਾਂਸੀ ਦੇ ਤਮਗੇ ਸ਼ਾਮਲ ਹਨ। 1928 ਵਿੱਚ ਐਮਸਟਰਡਮ, 1932 'ਚ ਲਾਸ ਏਂਜਲਸ, 1936 'ਚ ਬਰਲਿਨ, 1948 'ਚ ਲੰਡਨ, 1952 'ਚ ਹੈਲਸਿੰਕੀ ਤੇ 1956 'ਚ ਮੈਲਬੋਰਨ ਵਿਖੇ ਭਾਰਤ ਨੇ ਓਲੰਪਿਕ ਸੋਨ ਤਮਗਾ ਜਿੱਤਿਆ। 1960 'ਚ ਪਹਿਲੀ ਵਾਰ ਰੋਮ ਵਿਖੇ ਭਾਰਤ ਹੱਥੋਂ ਸੋਨ ਤਮਗਾ ਖੁੱਸਿਆ ਅਤੇ ਭਾਰਤ  ਨੂੰ ਫਾਈਨਲ 'ਚ ਪਾਕਿਸਤਾਨ ਹੱਥੋਂ ਮਿਲੀ ਹਾਰ ਕਾਰਨ ਚਾਂਦੀ ਦੇ ਤਮਗੇ 'ਤੇ ਸਬਰ  ਕਰਨਾ ਪਿਆ। 1964 'ਚ ਟੋਕੀਓ ਵਿਖੇ ਭਾਰਤ ਨੇ ਮੁੜ ਸਰਦਾਰੀ ਕਾਇਮ ਕਰਦਿਆਂ ਪਾਕਿਸਤਾਨ ਨੂੰ ਫਾਈਨਲ 'ਚ ਹਰਾ ਕੇ ਬਦਲਾ ਲਿਆ ਅਤੇ ਸੱਤਵੀਂ ਵਾਰ ਸੋਨ ਤਮਗਾ ਜਿੱਤਿਆ। 1968 ਵਿਚ ਮੈਕਸੀਕੋ ਤੇ 1972 'ਚ ਮਿਊਨਿਖ ਵਿਖੇ ਭਾਰਤ ਨੇ ਕਾਂਸੀ ਦੇ ਤਮਗੇ ਜਿੱਤੇ। 1980 ਵਿਚ ਮਾਸਕੋ ਵਿਖੇ ਭਾਰਤ ਨੇ ਅੱਠਵਾਂ ਸੋਨ ਤਮਗਾ ਜਿੱਤਿਆ।

ਵਿਅਕਤੀਗਤ ਵਰਗ ਵਿੱਚ ਪਹਿਲਵਾਨ ਕੇ.ਡੀ. ਯਾਦਵ ਨੇ 1952 'ਚ ਹੈਲਸਿੰਕੀ ਵਿਖੇ ਕੁਸ਼ਤੀ 'ਚ ਕਾਂਸੀ ਦਾ ਤਮਗਾ ਜਿੱਤਿਆ। 1996 'ਚ ਐਂਟਲਾਂਟਾ ਵਿਖੇ ਲਿਏਂਡਰ ਪੇਸ ਨੇ ਟੈਨਿਸ 'ਚ ਕਾਂਸੀ ਦਾ ਤਮਗਾ ਜਿੱਤਿਆ। 2000 'ਚ ਸਿਡਨੀ ਵਿਖੇ ਵੇਟਲਿਫਟਿੰਗ 'ਚ ਕਰਨਮ ਮਲੇਸ਼ਵਰੀ ਨੇ ਕਾਂਸੀ ਦਾ ਤਮਗਾ ਜਿੱਤਿਆ। 2004 'ਚ ਏਥਨਜ਼ ਵਿਖੇ ਰਾਜਵਰਧਨ ਸਿੰਘ ਰਾਠੌਰ ਨੇ ਨਿਸ਼ਾਨੇਬਾਜ਼ੀ  ਦੇ ਡਬਲ ਟਰੈਪ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤਿਆ। 2008 ਵਿੱਚ ਬੀਜਿੰਗ ਵਿਖੇ ਅਭਿਨਵ ਬਿੰਦਰਾ ਨੇ ਸੋਨੇ ਅਤੇ ਸੁਸ਼ੀਲ ਕੁਮਾਰ ਤੇ ਵਿਜੇਂਦਰ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। 2012 ਵਿੱਚ ਲੰਡਨ ਵਿਖੇ ਨਿਸ਼ਾਨੇਬਾਜ਼ ਵਿਜੇ ਕੁਮਾਰ ਤੇ ਸੁਸ਼ੀਲ ਕੁਮਾਰ ਨੇ ਚਾਂਦੀ ਦਾ ਤਮਗਾ ਅਤੇ ਨਿਸ਼ਾਨੇਬਾਜ਼ ਗਗਨ ਨਾਰੰਗ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਮੁੱਕੇਬਾਜ਼ ਐੱਮ.ਸੀ.ਮੇਰੀਕੌਮ ਤੇ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਾਂਸੀ ਦਾ ਤਮਗਾ ਜਿੱਤਿਆ। 2016 ਵਿੱਚ ਰੀਓ ਵਿਖੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਚਾਂਦੀ ਅਤੇ ਪਹਿਲਵਾਨ ਸਾਕਸ਼ੀ ਮਲਿਕ ਨੇ ਕਾਂਸੀ ਦਾ ਤਮਗਾ ਜਿੱਤਿਆ।

ਓਲੰਪਿਕਸ ਨਾਲ ਜੁੜੀਆਂ ਨਿੱਜੀ ਯਾਦਾਂ:
ਓਲੰਪਿਕਸ ਨੂੰ ਖੇਡਾਂ ਦਾ ਮਹਾਂਕੁੰਭ ਕਿਹਾਂ ਜਾਂਦਾ ਹੈ। ਮੇਰੇ ਲਈ ਨਿੱਜੀ ਤੌਰ 'ਤੇ ਚਾਰ ਵਰ੍ਹਿਆਂ ਬਾਅਦ ਆਉਂਦੀਆਂ ਓਲੰਪਿਕ ਖੇਡਾਂ ਕਿਸੇ ਜਸ਼ਨ ਜਾਂ ਤਿਉਹਾਰ ਤੋਂ ਘੱਟ ਨਹੀਂ ਹੁੰਦੀਆਂ। ਚਾਰ ਸਾਲ ਬੇਸਬਰੀ ਨਾਲ ਉਡੀਕ ਕਰਦਾ ਹਾਂ। ਐਤਕੀਂ ਉਡੀਕ ਲੰਬੀ ਹੋ ਗਈ। ਓਲੰਪਿਕ ਖੇਡਾਂ ਪ੍ਰਤੀ ਖਿੱਚ ਮੈਨੂੰ ਮੇਰੇ ਪਿਤਾ ਜੀ ਤੋਂ ਲੱਗੀ। ਖੇਡਾਂ ਦੀ ਗੁੜ੍ਹਤੀ ਮੈਨੂੰ ਉਨ੍ਹਾਂ ਕੋਲੋਂ ਹੀ ਮਿਲੀ। ਮੇਰੇ ਅੱਜ ਵੀ ਭਲੀਭਾਂਤ ਚੇਤੇ ਹੈ ਕਿ 1988 ਵਿੱਚ ਸਿਓਲ ਓਲੰਪਿਕਸ ਵੇਲੇ ਅਸੀਂ ਪਿੰਡ ਚੀਮਾ ਵਿਖੇ ਰਹਿੰਦੇ ਸੀ। ਮੇਰੇ ਪਿਤਾ ਜੀ ਨੇ ਉਚੇਚੇ ਤੌਰ 'ਤੇ ਓਲੰਪਿਕ ਖੇਡਾਂ ਦੇਖਣ ਲਈ ਟੈਕਸਲਾ ਦਾ ਅੱਠ ਬਟਨਾਂ (ਚੈਨਲਾਂ) ਰੰਗਦਾਰ ਟੈਲੀਵਿਜ਼ਨ ਲਿਆ। ਉਸ ਵੇਲੇ ਤੋਂ ਹੀ ਓਲੰਪਿਕਸ ਨਾਲ ਇਸ਼ਕ ਜਿਹਾ ਹੋ ਗਿਆ। ਸਿਓਲ ਓਲੰਪਿਕਸ ਦੀ ਤਾਂ ਇਹੋ ਧੁੰਦਲੀ ਜਿਹੀ ਯਾਦ ਹੈ ਕਿ ਅਸੀਂ ਰੰਗਦਾਰ ਟੈਲੀਵਿਜ਼ਨ ਲਿਆ ਅਤੇ ਉਦਘਾਟਨੀ ਸਮਾਰੋਹ ਦੇਖਦਿਆਂ ਪਿਤਾ ਜੀ ਨੇ ਦੱਸਿਆ ਕਿ ਪੰਜਾਬੀ ਪਹਿਲਵਾਨ ਕਰਤਾਰ ਭਾਰਤੀ ਖੇਡ ਦਲ ਅੱਗੇ ਝੰਡਾ ਲੈ ਕੇ ਚੱਲ ਰਿਹਾ। ਉਸ ਵੇਲੇ ਮੈਂ ਛੇ ਵਰ੍ਹਿਆਂ ਦਾ ਸੀ, ਹੋਰ ਤਾਂ ਕੁਝ ਵੀ ਨਹੀਂ ਯਾਦ। 1992 ਵਿੱਚ ਬਾਰਸੀਲੋਨਾ ਓਲੰਪਿਕਸ ਵੇਲੇ ਅਸੀਂ ਬਰਨਾਲਾ ਸ਼ਿਫਟ ਹੋ ਗਏ ਅਤੇ ਇਹ ਖੇਡਾਂ ਬਹੁਤ ਉਤਸੁਕਤਾ ਨਾਲ ਦੇਖੀਆ। ਤੈਰਾਕੀ, ਜਿਮਨਾਸਟਕ, ਵੇਟਲਿਫਟਿੰਗ ਦੇ ਮੁਕਾਬਲੇ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਦੌੜਾਂ, ਹਾਕੀ, ਫੁਟਬਾਲ ਤਾਂ ਗਾਹੇ ਬਗਾਹੇ ਦੇਖੀਆਂ ਸਨ ਪਰ ਬਾਕੀ ਖੇਡਾਂ ਪ੍ਰਤੀ ਬਹੁਤ ਰੁਮਾਂਚਿਤ ਹੋਇਆ। ਪੋਲ ਵਾਲਟ, ਹਰਡਲਜ਼ ਦੌੜਾਂ ਦੇਖ ਕੇ ਹੈਰਾਨੀ ਹੋਣੀ।

1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵੇਲੇ ਮੈਂ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਵੇਲੇ ਅਸੀਂ ਐੱਸ.ਡੀ.ਕਾਲਜ ਬਰਨਾਲਾ ਵਿਖੇ ਗੁਰਚਰਨ ਸਿੰਘ ਸ਼ੇਰਗਿੱਲ ਕੋਚ ਸਾਹਿਬ ਕੋਲ ਖੇਡਿਆ ਕਰਦੇ ਸੀ। ਮੈਂ ਖੇਡਦਾ ਤਾਂ ਸ਼ੌਕੀਆ ਹੀ ਸੀ ਪਰ ਕੋਚ ਸਾਹਿਬ ਕੋਲੋ ਬਿਤਾਏ ਵਰ੍ਹੇ ਮੇਰੇ ਖੇਡ ਪੱਤਰਕਾਰੀ ਦੇ ਬਹੁਤ ਕੰਮ ਆਏ। ਕੋਚ ਸਾਹਿਬ ਨੇ ਸਾਡਾ ਧਿਆਨ ਬਾਜ਼ਾਰਾਂ ਦੀਆਂ ਗੇੜੀਆਂ ਅਤੇ ਸਿਨੇਮਾ ਦੇਖਣ ਦੀ ਬਜਾਏ ਖੇਡਾਂ ਵੇਖਣ ਵੱਲ ਲਾਇਆ। ਕਿਸੇ ਵੱਡੇ ਮੁਕਾਬਲੇ ਤੋਂ ਅਗਲੇ ਦਿਨ ਉਹ ਸਾਨੂੰ ਮੈਚ ਬਾਰੇ ਸਵਾਲ ਪੁੱਛਿਆ ਕਰਦੇ। ਐਟਲਾਂਟਾ ਓਲੰਪਿਕਸ ਖੇਡਾਂ ਦੇ ਹਰ ਮੁਕਾਬਲੇ ਦੀ ਪੂਰੀ ਜਾਣਕਾਰੀ ਹੁਣ ਵੀ ਚੇਤਿਆਂ ਵਿੱਚ ਵਸੀ ਹੈ। ਅਮਰੀਕਾ ਦੇ ਫਰਾਟਾ ਦੌੜਾਕ ਮਾਈਕਲ ਜੌਹਨਸਨ ਨੇ 200 ਤੇ 400 ਮੀਟਰ ਵਿੱਚ ਧੂੜਾਂ ਹੀ ਪੱਟ ਦਿੱਤੀਆਂ। ਭਾਰਤ ਨੇ 44 ਵਰ੍ਹਿਆਂ ਬਾਅਦ ਵਿਅਕਤੀਗਤ ਵਰਗ ਵਿੱਚ ਕੋਈ ਤਮਗਾ ਜਿੱਤਿਆ। ਲਿਏਂਡਰ ਪੇਸ ਨੇ ਕਾਂਸੀ ਦਾ ਤਮਗਾ ਜਿੱਤਿਆ। 2000 ਦੀਆਂ ਸਿਡਨੀ ਓਲੰਪਿਕ ਖੇਡਾਂ ਵਿੱਚ ਮੈਰੀਅਨ ਜੋਨਜ਼ ਦੀ ਗੁੱਡੀ ਚੜ੍ਹੀ ਪਰ ਕੁਝ ਵਰ੍ਹਿਆਂ ਬਾਅਦ ਉਹ ਡੋਪਿੰਗ ਦੇ ਵਿਵਾਦਾਂ ਵਿੱਚ ਫਸ ਗਈ ਸੀ। ਓਲੰਪਿਕ ਤਮਗਾ ਜਿੱਤਣ ਵਾਲੀ ਵੇਟਲਿਫਟਰ ਕਰਨਮ ਮਲੇਸ਼ਵਰੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੀ। ਰਾਏਕੋਟ ਦੇ ਰਹਿਣ ਵਾਲੇ ਰਮਨਦੀਪ ਸਿੰਘ ਗਰੇਵਾਲ ਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਪੋਲੈਂਡ ਖਿਲਾਫ ਮੈਚ ਵਿੱਚ ਆਖਰੀ ਪਲਾਂ ਵਿੱਚ ਗੋਲ ਖਾਣ ਕਰਕੇ ਸੈਮੀ ਫਾਈਨਲ ਵਿੱਚ ਪਹੁੰਚਦੀ ਪਹੁੰਚਦੀ ਰਹਿ ਗਈ। ਰਮਨਦੀਪ ਤੇ ਧਨਰਾਜ ਪਿੱਲੈ ਦੇ ਹੰਝੂਆਂ ਨੇ ਸਾਰੀ ਕਹਾਣੀ ਬਿਆਨ ਦਿੱਤੀ। ਮਾਛੀਵਾੜਾ ਦਾ ਰਹਿਣ ਵਾਲਾ ਮੁੱਕੇਬਾਜ਼ ਗੁਰਚਰਨ ਸਿੰਘ ਵੀ ਕੁਆਰਟਰ ਫਾਈਨਲ ਵਿੱਚ 12-12 ਦੇ ਸਕੋਰ ਤੋਂ ਬਾਅਦ ਮੁਕਾਬਲੇ ਵਿੱਚੋਂ ਬਾਹਰ ਹੋਇਆ ਅਤੇ ਭਾਰਤ ਹੱਥੋਂ ਮੁੱਕੇਬਾਜ਼ੀ ਦਾ ਪਹਿਲਾ ਤਮਗਾ ਖੁੰਝ ਗਿਆ।

2004 ਦੀਆਂ ਏਥਨਜ਼ ਓਲੰਪਿਕ ਖੇਡਾਂ ਵੇਲੇ ਮੈਂ ਪੱਤਰਕਾਰੀ ਦੀ ਐੱਮ.ਏ. ਕਰਨ ਤੋਂ ਬਾਅਦ ਚੰਡੀਗੜ੍ਹ ਆ ਗਿਆ ਸੀ। ਓਲੰਪਿਕਸ ਦੇਖਣ ਲਈ ਮੈਂ ਤਿੰਨ ਹਫਤੇ ਮੁਹਾਲੀ ਵਿਖੇ ਆਪਣੇ ਦੋਸਤ ਰਮਨਜੀਤ ਸਿੱਧੂ ਦੇ ਘਰ ਰਿਹਾ। ਸਾਰਾ ਦਿਨ ਮੁਕਾਬਲੇ ਦੇਖੀ ਜਾਣੇ। ਟਰੈਪ ਨਿਸ਼ਾਨੇਬਾਜ਼ ਰਾਜਵਰਧਨ ਰਾਠੌਰ ਨੇ ਭਾਰਤ ਨੂੰ ਓਲੰਪਿਕ ਖੇਡਾਂ ਵਿੱਚ ਪਹਿਲਾ ਚਾਂਦੀ ਦਾ ਤਮਗਾ ਦਿਵਾਇਆ। ਲਿਏਂਡਰ ਪੇਸ ਤੇ ਮਹੇਸ਼ ਭੂਪਤੀ ਦੀ ਜੋੜੀ ਕਾਂਸੀ ਦੇ ਤਮਗੇ ਦਾ ਮੈਚ ਹਾਰ ਗਈ। ਰੂਸ ਦੀ ਪੋਲ ਵਾਲਟਰ ਯੇਲੇਨਾ ਇਸਨੇਬਾਅਵਾ ਨੇ ਬਹੁਤ ਧਿਆਨ ਖਿੱਚਿਆ। ਉਹ ਵੀ ਸਰਗੇਈ ਬਬੂਕਾ ਵਾਂਗ ਹਰ ਵਾਰ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੰਦੀ ਸੀ। ਉਸ ਵੇਲੇ ਦਿਲ ਵਿੱਚ ਤਾਂਘ ਪੈਦਾ ਹੋਈ ਕਿ ਕਿਤੇ ਓਲੰਪਿਕ ਖੇਡਾਂ ਨੂੰ ਅੱਖੀ ਗਰਾਊਂਡ ਵਿੱਚ ਬੈਠ ਕੇ ਦੇਖਿਆ ਜਾਵੇ।

ਏਥਨਜ਼ ਓਲੰਪਿਕ ਤੋਂ ਬਾਅਦ ਮੈਂ ਖੇਡ ਪੱਤਰਕਾਰੀ ਨਾਲ ਪੱਕਾ ਜੁੜ ਗਿਆ ਅਤੇ ਮੈਂ ਵੀ ਅਗਲੀਆਂ ਓਲੰਪਿਕ ਦੇਖਣ ਦਾ ਟਾਰਗੈਟ ਮਿੱਥ ਲਿਆ। ਦੋ ਸਾਲ ਬਾਅਦ 2006 ਵਿੱਚ ਮੈਨੂੰ ਪਹਿਲੀ ਵਾਰ ਦੋਹਾ ਏਸ਼ਿਆਈ ਖੇਡਾਂ ਕਵਰ ਕਰਨ ਦਾ ਮੌਕਾ ਮਿਲਿਆ। ਮੇਰੇ ਲਈ ਦੁਨੀਆਂ ਦੀ ਦੋ ਤਿਹਾਈ ਵਸੋਂ ਦੇ ਖੇਡ ਮੇਲੇ ਦਾ ਗਵਾਹ ਬਣਨਾ ਅਚੰਭਾ ਸੀ। ਅਗਲਾ ਨਿਸ਼ਾਨਾ ਓਲੰਪਿਕਸ ਸੀ ਜੋ ਦੋ ਸਾਲ ਬਾਅਦ ਹੀ ਪੂਰਾ ਹੋ ਗਿਆ। 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਕਵਰ ਕਰਨਾ ਮੇਰੇ ਲਈ ਸੁਫਨਾ ਪੂਰਾ ਹੋਣ ਤੋਂ ਘੱਟ ਨਹੀਂ ਸੀ। ਹਾਲਾਂਕਿ ਭਾਰਤੀ ਹਾਕੀ ਟੀਮ ਦੇ ਪਹਿਲੀ ਵਾਰ ਕੁਆਲੀਫਾਈ ਨਾ ਹੋਣ ਦਾ ਦੁੱਖ ਵੀ ਸੀ। ਬੀਜਿੰਗ ਵਿਖੇ ਓਲੰਪਿਕ ਦਾ ਹਰ ਪਲ ਅੱਜ ਵੀ ਮੇਰੇ ਯਾਦ ਹੈ। ਅਭਿਨਵ ਬਿੰਦਰਾ ਪਹਿਲੀ ਵਾਰ ਭਾਰਤ ਲਈ ਸੋਨ ਤਮਗਾ ਜਿੱਤ ਕੇ ਲਿਆ। ਸੁਸ਼ੀਲ ਕੁਮਾਰ ਤੇ ਵਿਜੇਂਦਰ ਸਿੰਘ ਨੇ ਕਾਂਸੀ ਦੇ ਤਮਗੇ ਜਿੱਤੇ। ਸਾਇਨਾ ਨੇਹਵਾਲ ਨੇ ਕੁਆਰਟਰ ਫਾਈਨਲ ਤੱਕ ਸ਼ਾਨਦਾਰ ਸਫਰ ਤੈਅ ਕੀਤਾ। ਪੰਜਾਬ ਵੱਲੋਂ ਅਵਨੀਤ ਕੌਰ ਸਿੱਧੂ, ਮਾਨਵਜੀਤ ਸੰਧੂ, ਮਨਜੀਤ ਕੌਰ, ਮਨਦੀਪ ਕੌਰ ਨੇ ਹਾਜ਼ਰੀ ਲਗਾਈ। ਪਹਿਲਵਾਨ ਕਰਤਾਰ ਸਿੰਘ ਭਾਰਤੀ ਕੁਸ਼ਤੀ ਟੀਮ ਦੇ ਮੈਨੇਜਰ ਸਨ ਤੇ ਪੀ.ਆਰ.ਸੌਂਧੀ ਕੋਚ। ਕਰਤਾਰ ਦੀ ਮਲਾਸ਼ ਰੰਗ ਲਿਆਈ ਜਦੋਂ ਸੁਸ਼ੀਲ ਨੇ ਤਮਗਾ ਜਿੱਤਿਆ। ਓਸੈਨ ਬੋਲਟ ਨੇ ਤਿੰਨ ਸੋਨ ਤਮਗੇ ਜਿੱਤੇ। ਪੋਲਵਾਲਟਰ ਯੇਲੇਨਾ ਨੇ ਦੂਜੀ ਵਾਰ ਓਲੰਪਿਕ ਸੋਨ ਤਮਗਾ ਜਿੱਤਿਆ। ਬੋਲਟ ਦੀ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਅਤੇ ਫੋਟੋ ਵੀ ਖਿਚਵਾਈ। ਜਿਸ ਪੋਲਵਾਲਟਰ ਯੇਲੇਨਾ ਦਾ ਮੈਂ ਪ੍ਰਸੰਸਕ ਸੀ, ਉਸ ਨੂੰ ਮਿਲਣ ਦਾ ਮੌਕਾ ਮਿਲਿਆ। ਅਮਰੀਕੀ ਤੈਰਾਕ ਮਾਈਕਲ ਫੈਲਪਸ ਨੂੰ ਅੱਠ ਸੋਨ ਤਮਗੇ ਜਿੱਤਦਿਆਂ ਦੇਖਿਆ। ਰੋਜਰ ਫੈਡਰਰ, ਰਾਫੇਲ ਨਡਾਲ, ਵਿਲੀਅਮ ਭੈਣਾਂ ਨੂੰ ਨੇੜਿਓ ਦੇਖਣ ਤੇ ਖੇਡਣ ਦਾ ਮੌਕਾ ਮਿਲਿਆ। 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ 'ਪਰਫੈਕਟ 10' ਨਾਲ ਛਾ ਜਾਣ ਵਾਲੀ ਜਿਮਨਾਸਟ ਨਾਦੀਆ ਕੁਮੈਂਸੀ ਨੂੰ ਓਮੈਗਾ ਪੈਵੇਲੀਅਨ ਵਿਖੇ ਮਿਲੇ। ਆਸਟਰੇਲੀਅਨ ਹਾਕੀ ਖਿਡਾਰੀ ਜਿੰਮੀ ਡਵਾਇਰ ਦੇ ਮਾਤਾ-ਪਿਤਾ ਨੂੰ ਮਿਲੇ। ਵਾਪਸੀ 'ਤੇ ਓਲਪਿਕ ਮੇਲੇ ਵਿੱਚੋਂ ਵਿਛੜਦਿਆਂ ਸਭ ਦੀਆਂ ਅੱਖਾਂ ਨਮ ਸਨ। ਉਥੇ ਹੀ ਮੇਰੀ ਏਸ਼ਿਆਈ ਖੇਡਾਂ ਬਾਰੇ ਲਿਖੀ ਕਿਤਾਬ ਸੁਖਦੇਵ ਸਿੰਘ ਢੀਂਡਸਾ, ਤਰਲੋਚਨ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ, ਗੁਰਬੀਰ ਸਿੰਘ ਸੰਧੂ ਹੁਰਾਂ ਵੱਲੋਂ ਰਿਲੀਜ਼ ਕੀਤੀ ਗਈ। ਉਸ ਵੇਲੇ ਦੇ ਖੇਡ ਮੰਤਰੀ ਮਨੋਹਰ ਸਿੰਘ ਗਿੱਲ, ਰਾਜਾ ਰਣਧੀਰ ਸਿੰਘ ਤੇ ਦੋਹਾ ਏਸ਼ਿਆਈ ਖੇਡਾਂ ਦੇ ਹੀਰੋ ਲਿਏਂਡਰ ਪੇਸ ਨੂੰ ਵੀ ਮੈਂ ਕਿਤਾਬ ਭੇਂਟ ਕੀਤੀ। 'ਗਰੇਟ ਵਾਲ' ਦੇ ਟੂਰ 'ਤੇ ਕਈ ਖਿਡਾਰੀ ਮਿਲੇ। ਓਲੰਪਿਕ ਵਿੱਚ ਬਿਤਾਏ ਹਰ ਪਲ ਨੂੰ ਚੇਤੇ ਕਰਦਿਆਂ ਅੱਜ ਵੀ ਮੇਰੇ ਅੰਦਰ ਝਰਨਾਹਟ ਛਿੜ ਜਾਂਦੀ ਹੈ।

ਬੀਜਿੰਗ ਓਲੰਪਿਕਸ ਤੋਂ ਬਾਅਦ 2012 ਦੀਆਂ ਲੰਡਨ ਓਲੰਪਿਕ ਖੇਡਾਂ ਲਈ ਮੇਰਾ ਐਕਰਡੇਸ਼ਨ ਕਾਰਡ ਬਣ ਗਿਆ ਪਰ ਉਸ ਵੇਲੇ ਮੈਂ ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿੱਚ ਬਤੌਰ ਪੀ.ਆਰ.ਓ. ਜੁਆਇਨ ਕਰ ਲਿਆ ਸੀ। ਲੰਡਨ ਓਲੰਪਿਕਸ ਅਤੇ 2016 ਦੀਆਂ ਰੀਓ ਓਲੰਪਿਕਸ ਟੈਲੀਵਿਜ਼ਨ ਉਪਰ ਉਸੇ ਖਿੱਚ ਨਾਲ ਦੇਖੀਆਂ। ਹੁਣ ਉਡੀਕ ਹੈ ਟੋਕੀਓ ਓਲੰਪਿਕਸ ਦੀ।


rajwinder kaur

Content Editor

Related News