ਸ੍ਰੀ ਅਨੰਦਪੁਰ ਸਾਹਿਬ ’ਚ ਬੁਲਾਇਆ ਜਾਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
Thursday, Jul 31, 2025 - 05:17 PM (IST)

ਚੰਡੀਗੜ੍ਹ (ਅੰਕੁਰ): ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਚਾਰ ਧਾਰਮਿਕ ਯਾਤਰਾਵਾਂ ਤੇ ਵੱਡੇ ਸਮਾਗਮ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਲਈ ਵਿਰਾਸਤ-ਏ-ਖ਼ਾਲਸਾ ’ਚ ਹੋਈ ਪਲੇਠੀ ਮੀਟਿੰਗ ’ਚ ਪਹੁੰਚੇ ਕੈਬਨਿਟ ਮੰਤਰੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ., ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ, ਸੈਰ-ਸਪਾਟਾ ਵਿਭਾਗ ਦੇ ਸਕੱਤਰ ਡਾ. ਅਭਿਨਵ ਤ੍ਰਿਖਾ ਨੇ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮਾਂ ਦੀ ਰੂਪ-ਰੇਖਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਜ਼ਿਲ੍ਹੇ ਦਾ ਬਦਲਿਆ ਜਾਵੇਗਾ ਨਾਂ? 'ਆਪ' ਵਿਧਾਇਕ ਨੇ CM ਮਾਨ ਕੋਲ ਚੁੱਕਿਆ ਮੁੱਦਾ
ਇਸ ਮੌਕੇ ਬੈਂਸ ਨੇ ਦੱਸਿਆ ਕਿ 19 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸ੍ਰੀਨਗਰ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਚਾਰ ਦਿਨਾਂ ਧਾਰਮਿਕ ਯਾਤਰਾ ਰਵਾਨਾ ਹੋਵੇਗੀ ਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਉਪਰੰਤ ਇਹ ਯਾਤਰਾ ਦਿੱਲੀ ਲਈ ਰਵਾਨਾ ਹੋਵੇਗੀ।
ਇਸੇ ਤਰ੍ਹਾਂ ਗੁਰਦਾਸਪੁਰ ਤੋਂ ਮਾਝਾ, ਦੁਆਬਾ ਯਾਤਰਾ, ਮਾਲਵਾ ਤੋਂ ਦੋ ਯਾਤਰਾਵਾਂ ਬਠਿੰਡਾ ਤੇ ਫ਼ਰੀਦਕੋਟ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਣਗੀਆਂ ਜੋ ਸੂਬੇ ਦੇ ਲਗਭਗ ਸਾਰੇ ਜ਼ਿਲਿਆਂ ਅਤੇ ਪ੍ਰਮੁੱਖ ਸ਼ਹਿਰਾਂ ਤੋਂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਗੀਆਂ। ਵਿਰਾਸਤ-ਏ-ਖ਼ਾਲਸਾ ਵਿਖੇ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ, ਜਿਸ ਮੌਕੇ ਮੁੱਖ ਮੰਤਰੀ ਸਮੇਤ ਦੇਸ਼-ਵਿਦੇਸ਼ ਤੋਂ ਪ੍ਰਮੁੱਖ ਹਸਤੀਆਂ, ਧਾਰਮਿਕ ਸ਼ਖ਼ਸੀਅਤਾਂ ਹਾਜ਼ਰੀ ਲਗਵਾਉਣਗੀਆਂ। ਇਸੇ ਦਿਨ ਗੁਰੂ ਜੀ ਦੀ ਸ਼ਹਾਦਤ ਨੂੰ ਦਰਸਾਉਂਦੀ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ। 24 ਨਵੰਬਰ ਨੂੰ ਵਿਧਾਨ ਸਭਾ ਦਾ ਵਿਸੇਸ਼ ਇਜਲਾਸ ਬੁਲਾਇਆ ਜਾਵੇਗਾ। ਇਹ ਸੈਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਲਾਉਣ ’ਤੇ ਵਿਚਾਰ ਹੋ ਰਿਹਾ ਹੈ। ਇਸ ਮੌਕੇ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ, ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜਯੋਤੀ ਸਿੰਘ, ਐੱਸ.ਪੀ. ਅਰਵਿੰਦ ਮੀਨਾ ਆਦਿ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8