ਓਲੀ ਪੋਪ ਤੇ ਵੋਕਸ ਇੰਗਲੈਂਡ ਦੀ ਟੀਮ ''ਚ, ਮਲਾਨ ਤੇ ਸਟੋਕਸ ਬਾਹਰ
Monday, Aug 06, 2018 - 03:24 AM (IST)

ਲੰਡਨ- ਇੰਗਲੈਂਡ ਨੇ ਭਾਰਤ ਵਿਰੁੱਧ ਲਾਰਡਸ ਵਿਚ ਹੋਣ ਵਾਲੇ ਦੂਜੇ ਟੈਸਟ ਮੈਚ ਲਈ ਡੇਵਿਡ ਮਲਾਨ ਦੀ ਜਗ੍ਹਾ 20 ਸਾਲਾ ਓਲੀ ਪੋਪ ਦੇ ਰੂਪ ਵਿਚ ਆਪਣੀ ਟੀਮ ਵਿਚ ਨਵਾਂ ਚਿਹਰਾ ਸ਼ਾਮਲ ਕੀਤਾ ਹੈ, ਜਦਕਿ ਬੇਨ ਸਟੋਕਸ ਅਦਾਲਤੀ ਕਾਰਨਾਂ ਤੋਂ 9 ਅਗਸਤ ਤੋਂ ਸ਼ੁਰੂ ਹੋਣ ਵਾਲੇ ਮੈਚ ਵਿਚ ਨਹੀਂ ਖੇਡ ਸਕੇਗਾ। ਪਹਿਲੇ ਟੈਸਟ ਮੈਚ ਵਿਚ ਇੰਗਲੈਂਡ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਟੋਕਸ ਨੂੰ ਇਸ ਹਫਤੇ ਬ੍ਰਿਸਟਲ ਵਿਚ ਅਦਾਲਤ ਵਿਚ ਪੇਸ਼ ਹੋਣਾ ਹੈ ਤੇ ਇਸ ਕਾਰਨ ਉਹ ਦੂਜੇ ਟੈਸਟ ਮੈਚ ਲਈ ਉਪਲੱਬਧ ਨਹੀਂ ਰਹੇਗਾ। ਉਸਦੀ ਜਗਾ ਆਲਰਾਊਂਡਰ ਕ੍ਰਿਸ ਵੋਕਸ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਪੋਪ ਨੇ ਹੁਣ ਤਕ 15 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ। ਉਸ ਨੇ ਇਸ ਸੈਸ਼ਨ ਵਿਚ ਕਾਊਂਟੀ ਚੈਂਪੀਅਨਸ਼ਿਪ ਵਿਚ ਸਰੇ ਵੱਲੋਂ 85.50 ਦੀ ਔਸਤ ਨਾਲ 684 ਦੌੜਾਂ ਬਣਾਈਆਂ, ਜਿਸ ਵਿਚ ਤਿੰਨ ਸੈਂਕੜੇ ਵੀ ਸ਼ਾਮਲ ਹਨ। ਉਸ ਨੇ ਹਾਲ ਹੀ ਵਿਚ ਭਾਰਤ-ਏ ਵਿਰੁੱਧ ਇੰਗਲੈਂਡ ਲਾਇਨਜ਼ ਵੱਲੋਂ ਅਰਧ ਸੈਂਕੜਾ ਵੀ ਲਾਇਆ ਸੀ।