NZ vs SL : ਪਹਿਲੇ ਦਿਨ ਸਾਊਥੀ ਤੇ ਲਕਮਲ ਨੇ ਬਿਖੇਰੀ ਚਮਕ
Wednesday, Dec 26, 2018 - 11:53 PM (IST)

ਕ੍ਰਾਈਸਟਚਰਚ- ਸੁਰੰਗਾ ਲਕਮਲ ਨੇ ਆਪਣੀ ਗੇਂਦਬਾਜ਼ੀ ਦਾ ਕਮਾਲ ਦਿਖਾਇਆ ਤੇ ਟਿਮ ਸਾਊਥੀ ਨੇ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਵਿਚ ਵੀ ਜਲਵਾ ਬਿਖੇਰਿਆ, ਜਿਸ ਨਾਲ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਵਿਚਾਲੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਦੋਵਾਂ ਟੀਮਾਂ ਦਾ ਪਲੜਾ ਇਕ ਬਰਾਬਰ ਰਿਹਾ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਤੇ ਲਕਮਲ (54 ਦੌੜਾਂ 'ਤੇ 5 ਵਿਕਟਾਂ) ਦੇ ਕਰੀਅਰ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਦਮ 'ਤੇ ਨਿਊਜ਼ੀਲੈਂਡ ਨੂੰ 50 ਓਵਰਾਂ ਵਿਚ 178 ਦੌੜਾਂ 'ਤੇ ਸਮੇਟ ਦਿੱਤਾ। ਉਸ ਵਲੋਂ ਸਾਊਥੀ ਨੇ ਸਭ ਤੋਂ ਵੱਧ 68 ਦੌੜਾਂ ਦੀ ਪਾਰੀ ਖੇਡੀ। ਇਸਦੇ ਜਵਾਬ ਵਿਚ ਸ਼੍ਰੀਲੰਕਾ ਨੇ ਵੀ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 4 ਵਿਕਟਾਂ 'ਤੇ 88 ਦੌੜਾਂ ਬਣਾਈਆਂ। ਸਾਊਥੀ ਨੇ 29 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਸਟੰਪਸ ਦੇ ਸਮੇਂ ਐਂਜੇਲੋ ਮੈਥਿਊਜ਼ 27 ਤੇ ਰੋਸ਼ਨ ਸਿਲਵਾ 15 ਦੌੜਾਂ 'ਤੇ ਖੇਡ ਰਹੇ ਸਨ।