ਹੁਣ ਲਕਸ਼ਮਣਨ ਤੇ ਨੀਰਜ ''ਤੇ ਨਜ਼ਰਾਂ

08/09/2017 4:09:23 AM

ਲੰਡਨ—ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤੀ ਐਥਲੀਟਾਂ ਦੇ ਲਗਾਤਾਰ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਹੁਣ ਭਾਰਤੀਆਂ ਦੀਆਂ ਨਜ਼ਰਾਂ ਲੰਬੀ ਦੂਰੀ ਦੇ ਦੌੜਾਕ ਜੀ. ਲਕਸ਼ਮਣਨ ਤੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ 'ਤੇ ਟਿਕ ਗਈਆਂ ਹਨ।
ਲਕਸ਼ਮਣਨ ਬੁੱਧਵਾਰ ਨੂੰ 5000 ਮੀਟਰ ਦੀ ਹੀਟ 'ਚ ਉਤਰੇਗਾ, ਜਦਕਿ ਨੀਰਜ ਵੀਰਵਾਰ ਨੂੰ ਪੁਰਸ਼ਾਂ ਦੀ ਜੈਵਲਿਨ ਥ੍ਰੋਅ ਦੇ ਕੁਆਲੀਫਿਕੇਸ਼ਨ ਵਿਚ ਆਪਣੀ ਚੁਣੌਤੀ ਪੇਸ਼ ਕਰੇਗਾ। ਚੈਂਪੀਅਨਸ਼ਿਪ ਵਿਚ ਹੁਣ ਤਕ ਉਤਰੇ ਭਾਰਤੀ ਐਥਲੀਟਾਂ 'ਚੋਂ ਇਕਲੌਤੀ ਨਿਰਮਲਾ ਸ਼ਯੋਰਣ ਹੈ, ਜਿਹੜੀ ਸੈਮੀਫਾਈਨਲ ਤਕ ਪਹੁੰਚੀ।
ਪਿਛਲੇ ਮਹੀਨੇ ਭੁਵਨੇਸ਼ਵਰ 'ਚ ਹੋਈ ਏਸ਼ੀਆਈ ਚੈਂਪੀਅਨਸ਼ਿਪ ਵਿਚ 5000 ਤੇ 10000 ਮੀਟਰ ਦਾ ਗੋਲਡਨ ਡਬਲ ਪੂਰਾ ਕਰਨ ਵਾਲਾ ਤਾਮਿਲਨਾਡੂ ਦਾ ਗੋਵਿੰਦ ਲਕਸ਼ਮਣਨ ਵਿਸ਼ਵ ਚੈਂਪੀਅਨਸ਼ਿਪ 'ਚ ਸਿਰਫ 5000 ਮੀਟਰ 'ਚ ਹੀ ਦੌੜੇਗਾ। ਭਾਰਤੀ ਟੀਮ 'ਚ ਜੇਕਰ ਕਿਸੇ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ ਤਾਂ ਉਹ ਜੈਵਲਿਨ ਥ੍ਰੋਅਰ ਤੇ ਜੂਨੀਅਰ ਵਿਸ਼ਵ ਰਿਕਾਰਡਧਾਰੀ ਨੀਰਜ ਚੋਪੜਾ ਹੈ। ਨੀਰਜ ਨੇ ਪਿਛਲੇ ਸਾਲ ਉਸ ਸਮੇਂ ਤਹਿਲਕਾ ਮਚਾਇਆ ਸੀ, ਜਦੋਂ ਉਸ ਨੇ ਪੋਲੈਂਡ ਵਿਚ ਅੰਡਰ-20 ਵਿਸ਼ਵ ਚੈਂਪੀਅਨਸ਼ਿਪ 'ਚ 86.48 ਮੀਟਰ ਦੀ ਥ੍ਰੋਅ ਨਾਲ ਵਿਸ਼ਵ ਰਿਕਾਰਡ ਬਣਾਇਆ ਸੀ। 
ਸਭ ਤੋਂ ਵੱਧ ਨਿਰਾਸ਼ ਦੂਤੀ ਚੰਦ ਨੇ ਕੀਤਾ : ਚੈਂਪੀਅਨਸ਼ਿਪ ਵਿਚ ਹੁਣ ਤਕ ਸਭ ਤੋਂ ਵੱਧ ਨਿਰਾਸ਼ 100 ਮੀਟਰ ਦੀ ਦੌੜਾਕ ਦੂਤੀ ਚੰਦ ਨੇ ਕੀਤਾ, ਜਿਸ ਨੂੰ ਆਈ. ਏ. ਏ. ਐੱਫ. ਨੇ ਆਖਰੀ ਸਮੇਂ 'ਚ ਕੋਟਾ ਦੇ ਕੇ ਵਿਸ਼ਵ ਚੈਂਪੀਅਨਸ਼ਿਪ ਵਿਚ ਬੁਲਾਇਆ ਸੀ। ਓਡਿਸ਼ਾ ਦੀ 21 ਸਾਲਾ ਦੂਤੀ 11.26 ਸੈਕੰਡ ਦਾ ਕੁਆਲੀਫਾਇੰਗ ਮਾਰਕ ਹਾਸਲ ਨਹੀਂ ਕਰ ਸਕੀ  ਸੀ ਤੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਵੀ ਉਸ ਨੂੰ ਕਾਂਸੀ ਤਮਗਾ ਮਿਲਿਆ ਸੀ। ਦੂਤੀ ਚੰਦ ਨੇ ਪੰਜਵੀਂ ਹੀਟ 'ਚ ਉਤਰਦੇ ਹੋਏ 12.07 ਸੈਕੰਡ ਦਾ ਬੇਹੱਦ ਖਰਾਬ ਸਮਾਂ ਲਿਆ ਤੇ ਆਪਣੀ ਹੀਟ ਵਿਚ ਉਹ ਸੱਤ ਦੌੜਾਕਾਂ 'ਚੋਂ ਛੇਵੇਂ ਸਥਾਨ 'ਤੇ ਰਹੀ। ਓਵਰਆਲ 46 ਦੌੜਾਕਾਂ 'ਚੋਂ 38ਵੇਂ ਸਥਾਨ 'ਤੇ ਰਹੀ। 
ਅਨਸ ਰਿਹਾ 33ਵੇਂ ਸਥਾਨ 'ਤੇ : ਮੁਹੰਮਦ ਅਨਸ 400 ਮੀਟਰ ਪ੍ਰਤੀਯੋਗਿਤਾ ਵਿਚ ਹੀਟ 'ਚੋਂ ਹੀ ਬਾਹਰ ਹੋ ਗਿਆ। ਅਨਸ ਛੇਵੀਂ ਹੀਟ ਵਿਚ ਮੁਕਾਬਲੇ 'ਚ ਉਤਰਿਆ ਤੇ 45.98 ਸੈਕੰਡ ਦਾ ਸਮਾਂ ਕੱਢ ਕੇ ਆਪਣੀ ਹੀਟ 'ਚ ਚੌਥੇ ਸਥਾਨ 'ਤੇ ਰਿਹਾ। ਅਨਸ ਨੂੰ 49 ਦੌੜਾਕਾਂ 'ਚ ਨਿਰਾਸ਼ਾਜਨਕ ਤੌਰ 'ਤੇ 33ਵਾਂ ਸਥਾਨ ਮਿਲਿਆ। 
ਨਿਰਮਲਾ ਸੈਮੀਫਾਈਨਲ 'ਚ 7ਵੇਂ ਸਥਾਨ 'ਤੇ ਰਹੀ : ਏਸ਼ੀਆਈ ਚੈਂਪੀਅਨ ਨਿਰਮਲਾ ਸ਼ਯੋਰਣ ਮਹਿਲਾਵਾਂ ਦੀ 400 ਮੀਟਰ ਪ੍ਰਤੀਯੋਗਿਤਾ ਦੇ ਸੈਮੀਫਾਈਨਲ 'ਚ ਪਹੁੰਚ ਕੇ ਬਾਹਰ ਹੋ ਗਈ। ਨਿਰਮਲਾ ਸੈਮੀਫਾਈਨਲ ਹੀਟ 'ਚ 53.07 ਸੈਕੰਡ ਦਾ ਸਮਾਂ ਲੈ ਕੇ ਸੱਤਵੇਂ ਸਥਾਨ 'ਤੇ ਰਹੀ ਤੇ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਉਹ ਇਥੇ ਸੈਸ਼ਨ ਦਾ ਆਪਣਾ ਵਿਅਕਤੀਗਤ ਪ੍ਰਦਰਸ਼ਨ 51.20 ਸੈਕੰਡ ਵੀ ਦੁਹਰਾਅ ਨਹੀਂ ਸਕੀ ਤੇ ਕੁਲ 24 ਉਮੀਦਵਾਰਾਂ 'ਚੋਂ 22ਵੇਂ ਸਥਾਨ 'ਤੇ ਰਹੀ।


Related News