ਨੋਵਾਕ ਜੋਕੋਵਿਚ ਤੇ ਪਤਨੀ ਕੋਵਿਡ-19 ਜਾਂਚ ’ਚ ਨੈਗੇਟਿਵ
Thursday, Jul 02, 2020 - 07:38 PM (IST)
ਬੇਲਗ੍ਰੇਡ (ਏ. ਪੀ.)– ਨੋਵਾਕ ਜੋਕੋਵਿਚ ਨੇ ਕਿਹਾ ਕਿ ਉਹ ਤੇ ਉਸਦੀ ਪਤਨੀ ਹੁਣ ਕੋਰੋਨਾ ਵਾਇਰਸ ਦੀ ਜਾਂਚ ਵਿਚ ਨੈਗੇਟਿਵ ਆਏ ਹਨ। ਚੋਟੀ ਦੀ ਰੈਂਕਿੰਗ ਦਾ ਇਹ ਖਿਡਾਰੀ ਇਕ ਪ੍ਰਦਰਸ਼ਨੀ ਸੀਰੀਜ਼ ਵਿਚ ਖੇਡਣ ਤੋਂ ਬਾਅਦ ਕੋਵਿਡ-19 ਦਾ ਪਾਜ਼ੇਟਿਵ ਆਇਆ ਸੀ। ਇਸ ਪ੍ਰਦਰਸ਼ਨੀ ਸੀਰੀਜ਼ ਦਾ ਆਯੋਜਨ ਜੋਕੋਵਿਚ ਨੇ ਹੀ ਸਰਬੀਆ ਤੇ ਕ੍ਰੋਏਸ਼ੀਆ ਵਿਚ ਕੀਤਾ ਸੀ, ਜਿਸ ਵਿਚ ਮਹਾਮਾਰੀ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਉਸਦੀ ਮੀਡੀਆ ਟੀਮ ਨੇ ਕਿਹਾ,‘‘ਨੋਵਾਕ ਜੋਕੋਵਿਚ ਤੇ ਉਸਦੀ ਪਤਨੀ ਯੇਲੇਨਾ ਕੋਵਿਡ-19 ਜਾਂਚ ਵਿਚ ਨੈਗੇਟਿਵ ਆਏ ਹਨ। ਬੇਲਗ੍ਰੇਡ ਵਿਚ ਦੋਵਾਂ ਦੇ ਪੀ. ਸੀ. ਆਰ . ਟੈਸਟ ਵਿਚ ਇਹ ਰਿਪੋਰਟ ਆਈ ਹੈ।’’
ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵਾਂ ਵਿਚ ਕੋਈ ਲੱਛਣ ਨਹੀਂ ਸੀ ਤੇ 10 ਦਿਨ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਦੋਵੇਂ ਸਰਬੀਆ ਦੀ ਰਾਜਧਾਨੀ ਵਿਚ ਇਕਾਂਤਵਾਸ ਵਿਚ ਰਹਿ ਰਹੇ ਸਨ। ਜੋਕੋਵਿਚ ਦੇ ਇਲਾਵਾ ਇਸ ਟੂਰਨਾਮੈਂਟ ਤੋਂ ਗ੍ਰਿਗੋਰ ਦਿਮ੍ਰਿਤੋਵ, ਬੋਰਨੋ ਕੋਰਿਚ ਤੇ ਵਿਕਟਰ ਟ੍ਰੋਇਕੀ ਇਸ ਵਾਇਰਸ ਤੋਂ ਪੀੜਤ ਹੋਏ ਸਨ।