ਵਰਲਡ ਕੱਪ 2027 ਤੋਂ ਬਾਅਦ ਵਨਡੇ ਕ੍ਰਿਕਟ ਦੇ ਭਵਿੱਖ ਨੂੰ ਲੈ ਕੇ ਕੁਝ ਵੀ ਯਕੀਨੀ ਨਹੀਂ : ਅਸ਼ਵਿਨ
Thursday, Jan 01, 2026 - 05:55 PM (IST)
ਸਪੋਰਟਸ ਡੈਸਕ- ਭਾਰਤ ਦੇ ਦਿੱਗਜ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਵਨਡੇ (ODI) ਕ੍ਰਿਕਟ ਦੀ ਪ੍ਰਸੰਗਿਕਤਾ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਇਸ ਦੇ ਭਵਿੱਖ ਨੂੰ ਲੈ ਕੇ ਚਿੰਤਾ ਜਤਾਈ ਹੈ। ਅਸ਼ਵਿਨ ਦਾ ਮੰਨਣਾ ਹੈ ਕਿ 2027 ਦੇ ਵਿਸ਼ਵ ਕੱਪ ਤੋਂ ਬਾਅਦ ਇਸ ਫਾਰਮੈਟ ਦੀ ਹੋਂਦ ਖਤਰੇ ਵਿੱਚ ਪੈ ਸਕਦੀ ਹੈ, ਖ਼ਾਸ ਤੌਰ 'ਤੇ ਜਦੋਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਵੱਡੇ ਸਿਤਾਰੇ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਉਨ੍ਹਾਂ ਅਨੁਸਾਰ, ਵਧਦੀਆਂ ਟੀ-20 ਲੀਗਾਂ ਅਤੇ ਟੈਸਟ ਕ੍ਰਿਕਟ ਦੇ ਵਧਦੇ ਮਹੱਤਵ ਦੇ ਚਲਦਿਆਂ 50 ਓਵਰਾਂ ਦੀ ਖੇਡ ਲਈ ਜਗ੍ਹਾ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ।
ਅਸ਼ਵਿਨ ਨੇ ਨੁਕਤਾ ਉਠਾਇਆ ਕਿ ਪ੍ਰਸ਼ੰਸਕਾਂ ਦੀ ਦਿਲਚਸਪੀ ਹੁਣ ਖਿਡਾਰੀਆਂ 'ਤੇ ਜ਼ਿਆਦਾ ਟਿਕੀ ਹੋਈ ਹੈ। ਉਨ੍ਹਾਂ ਉਦਾਹਰਨ ਦਿੱਤੀ ਕਿ ਜਦੋਂ ਰੋਹਿਤ ਅਤੇ ਵਿਰਾਟ ਵਿਜੇ ਹਜ਼ਾਰੇ ਟਰਾਫੀ ਖੇਡਣ ਆਏ, ਤਾਂ ਹੀ ਲੋਕਾਂ ਨੇ ਇਸ ਨੂੰ ਦੇਖਣਾ ਸ਼ੁਰੂ ਕੀਤਾ, ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਇਸ ਫਾਰਮੈਟ ਨੂੰ ਪ੍ਰਸੰਗਿਕ ਬਣਾਈ ਰੱਖਣਾ ਵੱਡੀ ਚੁਣੌਤੀ ਹੋਵੇਗੀ। ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਦੇ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਪਹਿਲਾਂ ਵਨਡੇ ਵਿੱਚ ਪਾਰੀ ਨੂੰ ਸੰਭਾਲਣ ਦੀ ਕਲਾ ਹੁੰਦੀ ਸੀ, ਪਰ ਹੁਣ ਦੋ ਨਵੀਆਂ ਗੇਂਦਾਂ ਅਤੇ ਫੀਲਡਿੰਗ ਨਿਯਮਾਂ ਕਾਰਨ ਅਜਿਹੀ ਬੱਲੇਬਾਜ਼ੀ ਦੀ ਲੋੜ ਹੀ ਨਹੀਂ ਰਹੀ, ਜਿਸ ਨਾਲ ਇਹ ਫਾਰਮੈਟ ਆਪਣਾ ਅਸਲੀ ਰੰਗ ਗੁਆ ਰਿਹਾ ਹੈ,।
ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੂੰ ਆਪਣੇ ਕੈਲੰਡਰ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਲੀਏ ਦੇ ਚੱਕਰ ਵਿੱਚ ਹਰ ਸਾਲ ਕੋਈ ਨਾ ਕੋਈ ਵਿਸ਼ਵ ਕੱਪ ਕਰਵਾਉਣ ਨਾਲ ਟੂਰਨਾਮੈਂਟਾਂ ਦੀ ਅਹਿਮੀਅਤ ਘਟ ਰਹੀ ਹੈ। ਫੀਫਾ (FIFA) ਦਾ ਹਵਾਲਾ ਦਿੰਦਿਆਂ ਉਨ੍ਹਾਂ ਸੁਝਾਅ ਦਿੱਤਾ ਕਿ ਵਨਡੇ ਕ੍ਰਿਕਟ ਨੂੰ ਬਚਾਉਣ ਲਈ ਵਿਸ਼ਵ ਕੱਪ ਸਿਰਫ਼ ਚਾਰ ਸਾਲਾਂ ਵਿੱਚ ਇੱਕ ਵਾਰ ਹੋਣਾ ਚਾਹੀਦਾ ਹੈ, ਤਾਂ ਜੋ ਲੋਕਾਂ ਵਿੱਚ ਇਸ ਲਈ ਉਤਸ਼ਾਹ ਅਤੇ ਉਮੀਦ ਬਣੀ ਰਹੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਹੁਤ ਜ਼ਿਆਦਾ ਦੁਵੱਲੀ ਸੀਰੀਜ਼ ਅਤੇ ਵਧਦੇ ਫਾਰਮੈਟ ਖੇਡ ਨੂੰ ਨੁਕਸਾਨ ਪਹੁੰਚਾ ਰਹੇ ਹਨ।
