ਭਾਰਤ ’ਚ ਅਭਿਆਸ ਮੈਚ ਨਾ ਖੇਡਣ ਨਾਲ ਆਸਟ੍ਰੇਲੀਆ ਨੂੰ ਹੋ ਸਕਦੀ ਹੈ ਪਰੇਸ਼ਾਨੀ : ਹੀਲੀ
Friday, Jan 20, 2023 - 01:38 PM (IST)

ਮੈਲਬੌਰਨ (ਭਾਸ਼ਾ)- ਸਾਬਕਾ ਆਸਟ੍ਰੇਲੀਆਈ ਵਿਕਟਕੀਪਰ ਇਆਨ ਹੀਲੀ ਫਾਰਮ ’ਚ ਚੱਲ ਰਹੇ ਉਸਮਾਨ ਖਵਾਜ਼ਾ ਦੀ ਗੱਲ ਨਾਲ ਸਹਿਮਤ ਨਹੀਂ ਹੈ ਕਿ ਭਾਰਤ ’ਚ 9 ਫਰਵਰੀ ਤੋਂ ਸ਼ੁਰੂ ਹੋ ਰਹੀ 4 ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਲੜੀ ਲਈ ਅਭਿਆਸ ਮੈਚ ਦੀ ਜ਼ਰੂਰਤ ਨਹੀਂ ਹੈ। ਆਸਟ੍ਰੇਲੀਆਈ ਟੀਮ ਨਾਗਪੁਰ ’ਚ ਸ਼ੁਰੂਆਤੀ ਟੈਸਟ ਤੋਂ ਪਹਿਲਾਂ ਭਾਰਤ ’ਚ ਇਕ ਵੀ ਅਭਿਆਸ ਮੈਚ ਨਹੀਂ ਖੇਡੇਗੀ ਅਤੇ ਦੌਰਾ ਕਰਨ ਵਾਲੀ ਟੀਮ ਦੇ ਮੈਂਬਰ ਖੁਆਜ਼ਾ ਨੇ ਹਾਲ ਹੀ ’ਚ ਕਿਹਾ ਕਿ ਇਸ ਨਾਲ ਉੱਪ ਮਹਾਦੀਪ ’ਚ ਸਪਿਨ ਵਿਕਟਾਂ ’ਤੇ ਟੀਮ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਖੁਆਜ਼ਾ ਨੇ ਹਾਲ ਹੀ ’ਚ ਆਸਟ੍ਰੇਲੀਆਈ ਮੀਡੀਆ ’ਚ ਕਿਹਾ ਸੀ ਕਿ ਜਦੋਂ ਅਸੀਂ ਖੇਡਾਂਗੇ ਤਾਂ ਉਥੋਂ ਦੀ ਵਿਕਟ ਸਪਿਨ ਕਰ ਸਕਦੀ ਹੈ ਪਰ ਉਥੋਂ ਦੀ ਵਿਕਟ ਗਾਬਾ ਦੀ ਤਰ੍ਹਾਂ ਘਾਹ ਨਾਲ ਭਰੀ ਵੀ ਹੋ ਸਕਦੀ ਹੈ ਤਾਂ ਅਭਿਆਸ ਮੈਚਾਂ ਦਾ ਕੋਈ ਮਤਲਬ ਨਹੀਂ ਹੈ। ਉਥੇ ਹੀ ਹੀਲੀ ਉਸ ਦੀ ਇਸ ਗੱਲ ਨਾਲ ਇਤਫਾਕ ਨਹੀਂ ਰੱਖਦਾ ਹੈ ਅਤੇ ਉਸ ਨੇ ਕਿਹਾ ਕਿ ਖਵਾਜ਼ਾ ਵਰਗੇ ਖਿਡਾਰੀ ਨੂੰ (ਜੋ ਅਜੇ ਟਾਪ ਫਾਰਮ ’ਚ ਹੈ) ਭਾਵੇਂ ਹੀ ਭਾਰਤੀ ਪਿੱਚਾਂ ਨਾਲ ਤਾਲਮੇਲ ਬਿਠਾਉਣ ਦੀ ਜ਼ਰੂਰਤ ਸ਼ਾਇਦ ਹੀ ਹੋਵੇ ਪਰ ਟੀਮ ’ਚ ਅਜਿਹੇ ਕਈ ਖਿਡਾਰੀ ਹੋਣਗੇ, ਜਿਨ੍ਹਾਂ ਨੂੰ ਉੱਪ ਮਹਾਦੀਪ ਦੀ ਵਿਕਟ ਦਾ ਆਦੀ ਹੋਣ ਦੀ ਜ਼ਰੂਰਤ ਹੋਵੇਗੀ।